ਜਿੱਥੇ ਇਤਰਾਂ ਦੇ ਵਗਦੇ ਨੇ ਚੋਅ/ਹਰਜਿੰਦਰ ਸਿੰਘ ਗੁਲਪੁਰ

ਸਿ਼ਵ ਕੁਮਾਰ ਬਟਾਲਵੀ ਨੇ ਇਹ ਗੀਤ ਪ੍ਰਸਿੱਧ ਨਾਟਕਕਾਰ ਮਰਹੂਮ ਜੁਗਿੰਦਰ ਬਾਹਰਲੇ ਦੇ ਨਾਂ ਲਿਖਿਆ ਸੀ। ਇਸ ਗੀਤ ਦੇ ਸ਼ੁਰੂਆਤੀ ਬੋਲ ਇਸ ਤਰ੍ਹਾਂ ਸਨ: ‘ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਨੀ ਉੱਥੇ ਮੇਰਾ ਯਾਰ ਵਸਦਾ। ਜਿਥੋਂ ਲੰਘਦੀ ਏ ਪੌਣ ਵੀ ਖਲੋ ਨੀ, ਉੱਥੇ ਮੇਰਾ ਯਾਰ ਵਸਦਾ।’ ਇਹ ਗੀਤ ਸਿ਼ਵ ਨੇ ਇਥੋਂ ਦੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀ। ਉਹ ਬਾਹਰਲੇ ਕੋਲ ਅਕਸਰ ਆਉਂਦਾ ਜਾਂਦਾ ਸੀ। ਬਾਹਰਲੇ ਦਾ ਪਿੰਡ ਜਿਆਣ ਹੈ ਜੋ ਮਾਹਿਲਪੁਰ ਤੋਂ ਹੁਸਿ਼ਆਰਪੁਰ ਜਾਂਦਿਆਂ ਸੱਜੇ ਹੱਥ ਸੜਕ ਉੱਤੇ ਹੈ। ਉਹਦਾ ਘਰ ਵੀ ਇਸੇ ਸੜਕ ਉੱਤੇ ਹੁੰਦਾ ਸੀ ਜਿਸ ਦਾ ਗੇਟ ਇਸੇ ਸੜਕ ਵਲ ਖੁੱਲ੍ਹਦਾ ਸੀ। ਜੁਗਿੰਦਰ ਦਾ ਘਰ ਬਾਹਰਲੇ ਪਾਸੇ ਹੋਣ ਕਰ ਕੇ ਪਿੰਡ ਵਾਲੇ ਉਹਨੂੰ ਜੁਗਿੰਦਰ ਬਾਹਰਲਾ ਕਹਿਣ ਲੱਗ ਪਏ। ਜੁਗਿੰਦਰ ਨੇ ਇਸੇ ਨੂੰ ਆਪਣਾ ਤਖ਼ੱਲਸ ਬਣਾ ਲਿਆ। ਇਸ ਤੋਂ ਬਾਅਦ ਸਾਹਿਤਕ, ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਉਹ ਬਾਹਰਲੇ ਵਜੋਂ ਹੀ ਪਛਾਣਿਆ ਜਾਣ ਲੱਗ ਪਿਆ।

ਮੈਂ ਜਸਵੰਤ ਖਟਕੜ ਨਾਲ ਉਹਦੇ ਇਸ ਘਰ ਵਿਚ 1975 ਦੇ ਨੇੜੇ ਤੇੜੇ ਰਾਤ ਗੁਜ਼ਾਰ ਚੁੱਕਾ ਹਾਂ। ਚੱਬੇਵਾਲ ਤੋਂ ਬਸੀ ਨੂੰ ਜਾਂਦੀ ਲਿੰਕ ਰੋਡ ਉੱਤੇ ਉਹਦੀ ਜ਼ਮੀਨ ਹੁੰਦੀ ਸੀ। ਉਥੇ ਮੋਟਰ ਲੱਗੀ ਹੋਈ ਸੀ ਅਤੇ ਨਿੱਕਾ ਜਿਹਾ ਕਮਰਾ ਸੀ। ਇਸ ਤੋਂ ਪਹਿਲਾਂ ਮੈਂ ਉਹਦਾ ਨਾਂ ਸੁਣਿਆ ਹੋਇਆ ਸੀ। ਉਹਨੂੰ ਨੇੜਿਓਂ ਦੇਖਣ ਦੀ ਇੱਛਾ ਮਨ ਅੰਦਰ ਦਬੀ ਹੋਈ ਸੀ। ਇਹ ਇਲਾਕਾ ਬਰਸਾਤੀ ਚੋਆਂ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਸੀ। ਉਦੋਂ ਅਸੀਂ ਸਕੂਲਾਂ ਵਿਚ ਪੜ੍ਹਦੇ ਸੀ ਅਤੇ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ। ਅਕਾਲੀ ਅਤੇ ਕਮਿਊਨਿਸਟ ਉਸ ਦੇ ਰਾਜ ਨੂੰ ਕੈਰੋਂਸ਼ਾਹੀ ਆਖਦੇ ਹੁੰਦੇ ਸਨ। ਜੁਗਿੰਦਰ ਬਾਹਰਲਾ ਸੀਪੀਆਈ ਦਾ ਇੱਕ ਤਰ੍ਹਾਂ ਨਾਲ ਕੁੱਲਵਕਤੀ ਆਗੂ/ਵਰਕਰ ਹੁੰਦਾ ਸੀ। ਉਹਨੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਆਪਣੇ ਡਰਾਮਾ ਸਕੁਐਡ ਬਣਾਏ ਹੋਏ ਸਨ ਜੋ ਕੈਰੋਂ ਖਿਲਾਫ ਧੂੰਆਂਧਾਰ ਪ੍ਰਚਾਰ ਕਰਦੇ। ਉਨ੍ਹੀਂ ਦਿਨੀਂ ਸਰਕਾਰ ਲੋਕ ਸੰਪਰਕ ਵਿਭਾਗ ਬਣਾ ਚੁੱਕੀ ਸੀ। ਪਤਾ ਨਹੀਂ ਇਹ ਅਫ਼ਵਾਹ ਸੀ ਜਾਂ ਸਚਾਈ, ਜਿ਼ੰਮੇਵਾਰ ਲੋਕਾਂ ਤੋਂ ਸੁਣਿਆ ਹੈ ਕਿ ਮੁੱਖ ਮੰਤਰੀ ਜੁਗਿੰਦਰ ਬਾਹਰਲੇ ਨੂੰ ਵਿਭਾਗ ਦਾ ਕਰਤਾ-ਧਰਤਾ ਬਣਾਉਣਾ ਚਾਹੁੰਦਾ ਸੀ ਤਾਂ ਕਿ ਉਸ ਖਿਲਾਫ ਹੁੰਦੇ ਪ੍ਰਚਾਰ ਦੀ ਧਾਰ ਖੁੰਡੀ ਕੀਤੀ ਜਾ ਸਕੇ ਪਰ ਜੁਗਿੰਦਰ ਬਾਹਰਲਾ ਮਰਦੇ ਦਮ ਤੱਕ ਆਪਣੇ ਅਕੀਦੇ ’ਤੇ ਡਟਿਆ ਰਿਹਾ। ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਸਥਾਪਨਾ ਵਿੱਚ ਉਹਦਾ ਵੱਡਾ ਯੋਗਦਾਨ ਸੀ। ਉਹਦੇ ਕਾਰਜ ਖੇਤਰ ਦਾ ਕੈਨਵਸ ਦਿੱਲੀ, ਬੰਬਈ, ਕਲਕੱਤਾ ਅਤੇ ਭਾਰਤ ਦੇ ਪੰਜਾਬੀ ਵਸੋਂ ਵਾਲੇ ਖੇਤਰਾਂ ਤੱਕ ਫੈਲਿਆ ਹੋਇਆ ਸੀ। ਹੁਣ ਦੀ ਪੀੜ੍ਹੀ ਦਾ ਤਾਂ ਪਤਾ ਨਹੀਂ ਪਰ ਪੁਰਾਣੀ ਪੀੜ੍ਹੀ ਵਾਲਾ ਬੱਚਾ-ਬੱਚਾ ਜੁਗਿੰਦਰ ਬਾਹਰਲੇ ਦੇ ਨਾਮ ਤੋਂ ਵਾਕਿਫ਼ ਹੈ।

ਖ਼ੈਰ! ਗੱਲ ਕਰਨੀ ਸੀ ਕੰਢੀ ਦੇ ਨਾਲ ਲਗਦੇ ਪੁਰਾਣੇ ਜਿ਼ਲ੍ਹੇ ਹੁਸਿ਼ਆਰਪੁਰ ਦੀ ਜਿੱਥੇ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਤੋਂ ਵੀ ਅੱਗੇ ਤੱਕ ਬਰਸਾਤੀ ਚੋਆਂ ਅਤੇ ਨਾਲਿਆਂ ਦੀ ਭਰਮਾਰ ਸੀ। ਅਸੀਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਜਿਸ ਵੀ ਵਿਦਿਅਕ ਅਦਾਰੇ ਵਿਚ ਗਏ, ਰਾਹ ਵਿੱਚ ਛੋਟੀਆਂ ਵੱਡੀਆਂ ਖੱਡਾਂ ਪੈਂਦੀਆਂ ਸਨ। ਬਰਸਾਤ ਦੇ ਦਿਨਾਂ ਵਿਚ ਕਈ ਵਾਰ ਸਕੂਲ ਜਾਣ ਦੀ ਥਾਂ ਰਾਹ ਵਿਚੋਂ ਹੀ ਵਾਪਸ ਪਰਤਣਾ ਪੈਂਦਾ ਕਿਉਂਕਿ ਖੱਡਾਂ ਵਿੱਚ ਹੜ੍ਹ ਵਰਗੀ ਹਾਲਤ ਬਣੀ ਹੁੰਦੀ ਸੀ। ਇਨ੍ਹਾਂ ਨੂੰ ਪਾਰ ਕਰਨਾ ਸਾਡੇ ਵਰਗੇ ਸਕੂਲ ਵਿਦਿਆਰਥੀਆਂ ਦੇ ਵਸ ਦਾ ਰੋਗ ਨਹੀਂ ਸੀ ਹੁੰਦਾ। ਇਨ੍ਹਾਂ ਚੋਆਂ ਅਤੇ ਖੱਡਾਂ ਦੁਆਲੇ ਕੁਦਰਤੀ ਜੰਗਲ ਹੁੰਦਾ ਸੀ। ਇਥੋਂ ਇਕੱਲੇ-ਇਕਹਿਰੇ ਨੂੰ ਲੰਘਦਿਆਂ ਡਰ ਲਗਦਾ ਹੁੰਦਾ ਸੀ। ਅਸੀਂ ਸਕੂਲੋਂ ਵਾਪਸ ਆਉਂਦਿਆਂ ਇਥੋਂ ਵਾੜ-ਕਰੇਲੇ ਤੋੜ ਲਿਆਉਣੇ ਜਿਨ੍ਹਾਂ ਦੀ ਬਹੁਤ ਸੁਆਦ ਸਬਜ਼ੀ ਸੀ।

1970-71 ਵਿੱਚ ਜਦੋਂ ਹੁਸਿ਼ਆਰਪੁਰ ਪੜ੍ਹਨ ਲੱਗਾ ਤਾਂ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਭਰ ਵਗਦੇ ਚੋਆਂ ਦਾ ਨਜ਼ਾਰਾ ਅੱਖੀਂ ਦੇਖਿਆ। ਕਿਸੇ ਚੋਅ ਜਾਂ ਖੱਡ ਉੱਤੇ ਪੁਲ ਨਹੀਂ ਹੁੰਦਾ ਸੀ। ਉਦੋਂ ਬੱਸਾਂ ਰਾਹੀਂ ਹੁਸਿ਼ਆਰਪੁਰ ਪਹੁੰਚਣ ਨੂੰ ਢਾਈ ਤਿੰਨ ਘੰਟੇ ਲਗਦੇ ਸਨ, ਅੱਜ ਇਹ ਸਫ਼ਰ ਕੇਵਲ 50 ਮਿੰਟ ਦਾ ਰਹਿ ਗਿਆ ਹੈ। ਗਿਆਨੀ ਜ਼ੈਲ ਸਿੰਘ ਦੇ ਕਾਰਜ ਕਾਲ ਦੌਰਾਨ ਇਨ੍ਹਾਂ ਉੱਤੇ ਪੁਲ ਬਣਨੇ ਸ਼ੁਰੂ ਹੋਏ। ਉਂਝ, ਪੁਲ ਬਣਨ ਤੋਂ ਬਾਅਦ ਕੁਦਰਤ ਨਾਲ ਖਿਲਵਾੜ ਦੀ ਖੇਡ ਸ਼ੁਰੂ ਹੋ ਗਈ। ਲੋਕਾਂ ਨੇ ਸਰਕਾਰੇ ਦਰਬਾਰੇ ਰਸੂਖ਼ ਰੱਖਣ ਵਾਲਿਆਂ ਦੀ ਮਿਲੀਭੁਗਤ ਨਾਲ ਪਾਣੀ ਦੇ ਕੁਦਰਤੀ ਵਹਾਅ ਰੋਕਣੇ ਸ਼ੁਰੂ ਕਰ ਦਿੱਤੇ। ਖੱਡਾਂ ਅੰਦਰ ਧੜਾ-ਧੜ ਉਸਾਰੀਆਂ ਹੋਣ ਲੱਗੀਆਂ। ਪਾਣੀ ਦੇ ਕੁਦਰਤੀ ਵਹਾਅ ਦੇਖਦੇ-ਦੇਖਦੇ ਵੱਡੇ ਮਾਲਾਂ, ਮੈਰਿਜ ਪੈਲਸਾਂ, ਮਾਰਕੀਟਾਂ, ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਵਿੱਚ ਤਬਦੀਲ ਹੋ ਗਏ। ਓਪਰੀ ਨਜ਼ਰੇ ਭਾਵੇਂ ਇਹ ਵਿਕਾਸ ਲਗਦਾ ਹੈ ਪਰ ਗਹੁ ਨਾਲ ਦੇਖੀਏ ਤਾਂ ਮਾਲੂਮ ਹੁੰਦਾ ਹੈ ਕਿ ਇਸ ਚਮਕ-ਦਮਕ ਦੇ ਓਹਲੇ ਵਿਨਾਸ਼ ਲੁਕਿਆ ਹੋਇਆ ਹੈ। ਦਰਅਸਲ, ਹੁਕਮਰਾਨਾਂ ਅੰਦਰ ਦੂਰ-ਅੰਦੇਸ਼ੀ ਦੀ ਹਮੇਸ਼ਾ ਕਮੀ ਰਹੀ ਹੈ। ਉਹ ਵਕਤੀ ਵਾਹ-ਵਾਹ ਦੀ ਦੌੜ ਵਿਚ ਵਾਤਾਵਰਨ ਦਾ ਖਿਆਲ ਨਹੀਂ ਰੱਖਦੇ। ਇਸੇ ਕਾਰਨ ਵਾਤਾਵਰਨ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਪੰਜਾਬ ਸਮੇਤ ਦੇਸ਼ ਵਿਚ ਹੋ ਰਿਹਾ ਵਿਕਾਸ ਕੁਦਰਤ ਮੁਖੀ ਨਾ ਹੋ ਕੇ ਕੁਦਰਤ ਵਿਰੋਧੀ ਹੈ। ਜਿਨ੍ਹਾਂ ਦੇਸ਼ਾਂ ਦੀ ਅਸੀਂ ਰੀਸ ਕਰ ਰਹੇ ਹਾਂ, ਉਨ੍ਹਾਂ ਦਾ ਵਿਕਾਸ ਕੁਦਰਤ ਮੁਖੀ ਹੈ। ਇਨ੍ਹਾਂ ਦੇਸ਼ਾਂ ਵਿਚ ਹਜ਼ਾਰਾਂ ਸਾਲ ਪਹਿਲਾਂ ਚਲਦੇ ਨਦੀਆਂ ਨਾਲੇ ਅੱਜ ਵੀ ਚਲਦੇ ਹਨ। ਕੁਦਰਤ ਦੀ ਮੌਲਿਕਤਾ ਨਾਲ ਛੇੜ-ਛਾੜ ਵੱਡਾ ਜੁਰਮ ਮੰਨਿਆ ਜਾਂਦਾ ਹੈ। ਇੱਥੇ ਆ ਕੇ ਅਸੀਂ ਖਤਾ ਖਾ ਗਏ। ਕੁਦਰਤ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਇੱਕੋ ਝਟਕੇ ਨਾਲ ਖ਼ੁਦ ਨੂੰ ਸੰਤੁਲਤ ਕਰ ਲੈਂਦੀ ਹੈ ਪਰ ਅਸੀਂ ਸਦੀਆਂ ਤੱਕ ਪਛੜ ਜਾਂਦੇ ਹਾਂ। ਕੁਦਰਤ ਦੀ ਅਣਦੇਖੀ ਕਿਸੇ ਦਿਨ ਸਾਨੂੰ ਕੱਖੋਂ ਹੌਲੇ ਕਰ ਦੇਵੇਗੀ। ਆਓ! ਜਲ, ਜੰਗਲ ਅਤੇ ਜ਼ਮੀਨ ਦੀ ਸਾਂਭ ਸੰਭਾਲ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੋਂ ਅਸੀਸਾਂ ਲਈਏ।

ਸਾਂਝਾ ਕਰੋ