ਬਸਪਾ ਖੁਦਕੁਸ਼ੀ ਦੇ ਰਾਹ

ਬਸਪਾ ਮੁਖੀ ਮਾਇਆਵਤੀ ਨੇ ਹੁਣੇ ਜਿਹੇ ਐਲਾਨ ਕੀਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ। ਉਸ ਨੇ ਦਲੀਲ ਇਹ ਦਿੱਤੀ ਹੈ ਕਿ ਗੱਠਜੋੜ ਕਰਨ ਨਾਲ ਉਸ ਨੂੰ ਨੁਕਸਾਨ ਹੁੰਦਾ ਹੈ। ਉਸ ਦੀਆਂ ਹਮੈਤੀ ਵੋਟਾਂ ਤਾਂ ਦੂਜਿਆਂ ਨੂੰ ਪੈ ਜਾਂਦੀਆਂ ਹਨ, ਪਰ ਦੂਜਿਆਂ ਦੀਆਂ ਉਸ ਨੂੰ ਨਹੀਂ ਪੈਂਦੀਆਂ। ਉਸ ਦਾ ਇਹ ਦਾਅਵਾ ਬਿਲਕੁੱਲ ਥੋਥਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਨੇ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰਕੇ ਯੂ ਪੀ ਵਿੱਚ ਚੋਣਾਂ ਲੜੀਆਂ ਸਨ। ਇਨ੍ਹਾਂ ਚੋਣਾਂ ਵਿੱਚ ਬਸਪਾ ਨੇ 19.4 ਫੀਸਦੀ ਵੋਟਾਂ ਲੈ ਕੇ 10 ਸੀਟਾਂ ਜਿੱਤੀਆਂ ਸਨ। ਇਸ ਦੀ ਦੂਸਰੀ ਧਿਰ ਸਮਾਜਵਾਦੀ ਪਾਰਟੀ ਨੂੰ ਸਿਰਫ਼ 5 ਸੀਟਾਂ ਮਿਲੀਆਂ ਸਨ। 2014 ਦੀਆਂ ਲੋਕ ਸਭਾ ਚੋਣਾਂ ਬਸਪਾ ਨੇ ਇਕੱਲਿਆਂ ਲੜੀਆਂ ਸਨ ਤੇ ਉਸ ਨੂੰ ਇੱਕ ਵੀ ਸੀਟ ਨਹੀਂ ਸੀ ਮਿਲੀ। ਦਸ ਸੀਟਾਂ ਜਿੱਤ ਜਾਣ ਦੇ ਬਾਵਜੂਦ ਮਾਇਆਵਤੀ ਨੇ ਸਪਾ ਨਾਲ ਕੀਤਾ ਗੱਠਜੋੜ ਤੋੜ ਦਿੱਤਾ ਸੀ। 2022 ਵਿੱਚ ਹੋਈਆਂ ਯੂ ਪੀ ਦੀਆਂ ਵਿਧਾਨ ਸਭਾ ਚੋਣਾਂ ਬਸਪਾ ਨੇ ਇਕੱਲਿਆਂ ਲੜੀਆਂ ਸਨ। ਉਸ ਨੇ 403 ਵਿਧਾਨ ਸਭਾ ਸੀਟਾਂ ਲੜੀਆਂ, ਪਰ ਜਿੱਤ ਸਿਰਫ਼ ਇੱਕ ਸਕੀ ਸੀ। ਉਸ ਦੀ ਵੋਟ ਫੀਸਦੀ ਵੀ ਡਿਗ ਕੇ 13 ਫ਼ੀਸਦੀ ਉੱਤੇ ਆ ਗਈ ਸੀ। ਦੂਜੇ ਪਾਸੇ ਸਮਾਜਵਾਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ 32 ਫ਼ੀਸਦੀ ਵੋਟਾਂ ਲੈ ਕੇ 11 ਸੀਟਾਂ ਜਿੱਤ ਲਈਆਂ ਸਨ। ਇਨ੍ਹਾਂ ਚੋਣਾਂ ਵਿੱਚ ਮਾਇਆਵਤੀ ਵੱਲੋਂ ਪ੍ਰਚਾਰ ਨਾ ਕੀਤੇ ਜਾਣ ਨੂੰ ਲੈ ਕੇ ਉਸ ਉੱਤੇ ਦੋਸ਼ ਲਗਦੇ ਰਹੇ ਕਿ ਉਸ ਨੇ ਸੱਤਾ ਵਿਰੋਧੀ ਵੋਟਾਂ ਤੋੜ ਕੇ ਭਾਜਪਾ ਨੂੰ ਜਿਤਾਉਣ ਲਈ ਹੀ ਅਜਿਹਾ ਕੀਤਾ ਸੀ। ਯੂ ਪੀ ਵਿੱਚ ਬਸਪਾ ਦਾ ਮੁੱਖ ਅਧਾਰ ਜਾਟਵ ਤੇ ਮੁਸਲਿਮ ਸਨ। ਭਾਜਪਾ ਨੂੰ ਫਾਇਦਾ ਪੁਚਾਉਣ ਲਈ ਅਪਣਾਈ ਗਈ ਵੋਟ ਪਾੜੂ ਨੀਤੀ ਕਾਰਨ ਮੁਸਲਿਮ ਵੋਟ ਉਸ ਤੋਂ ਦੂਰ ਹੋ ਚੁੱਕਾ ਹੈ। ਬਾਕੀ ਸੂਬਿਆਂ ਦੀਆਂ ਚੋਣਾਂ ਵਿੱਚ ਬਸਪਾ ਨੂੰ ਪਈਆਂ ਵੋਟਾਂ ਦੇ ਅੰਕੜੇ ਦੇਖੇ ਜਾਣ ਤਾਂ ਹਰ ਸੂਬੇ ਵਿੱਚ ਉਸ ਦਾ ਅਧਾਰ ਤੇਜ਼ੀ ਨਾਲ ਸੰੁਗੜਿਆ ਹੈ। ਪਿਛਲੇ ਸਮੇਂ ਦੌਰਾਨ ਚੰਗੇ ਅਧਾਰ ਵਾਲੇ ਆਗੂ ਬਸਪਾ ਤੋਂ ਦੂਰ ਹੋਏ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਯੂ ਪੀ ਵਿੱਚ ਬਸਪਾ ਭਾਜਪਾ ਦੀ ਵੋਟ ਮਸ਼ੀਨ ਬਣ ਕੇ ਰਹਿ ਗਈ ਹੈ, ਜਿਸ ਕਾਰਨ ਦਲਿਤਾਂ ਦਾ ਵੀ ਇੱਕ ਵੱਡਾ ਹਿੱਸਾ, ਉਸ ਦੀ ਥਾਂ ਚੰਦਰ ਸ਼ੇਖਰ ਦੀ ਅਜ਼ਾਦ ਸਮਾਜ ਪਾਰਟੀ ਨਾਲ ਜੁੜ ਰਿਹਾ ਹੈ।
ਅਜਿਹੀ ਸਥਿਤੀ ਵਿੱਚ ਨਾ ਉਸ ਦੀ ਐੱਨ ਡੀ ਏ ਨੂੰ ਲੋੜ ਹੈ ਨਾ ਇੰਡੀਆ ਗੱਠਜੋੜ ਨੂੰ। ਐੱਨ ਡੀ ਏ ਦੀ ਮੁੱਖ ਧਿਰ ਭਾਜਪਾ ਤਾਂ ਸਮਝਦੀ ਹੈ ਕਿ ਬਸਪਾ ਦਾ ਵੱਖਰੇ ਚੋਣ ਲੜਨਾ ਹੀ ਉਸ ਲਈ ਲਾਹੇਵੰਦਾ ਹੋਵੇਗਾ। ਉਹ ਜਿੰਨੇ ਵੀ ਵੋਟ ਤੋੜੇਗੀ, ਉਸ ਦਾ ਨੁਕਸਾਨ ਇੰਡੀਆ ਗੱਠਜੋੜ ਨੂੰ ਹੋਵੇਗਾ। ਸ਼ੁਰੂ ਵਿੱਚ ਕਾਂਗਰਸ ਨੇ ਕੋਸ਼ਿਸ਼ ਕੀਤੀ ਸੀ ਕਿ ਬਸਪਾ ਨੂੰ ‘ਇੰਡੀਆ’ ਗੱਠਜੋੜ ਵਿੱਚ ਲਿਆ ਕੇ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕਿਆ ਜਾਵੇ, ਪਰ ਅਖਿਲੇਸ਼ ਦੇ ਵਿਰੋਧ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਬਸਪਾ ਵਿਚਲੇ ਮੁਸਲਿਮ ਸਾਂਸਦ ਵੀ ਇਹ ਚਾਹੁੰਦੇ ਸਨ ਕਿ ਮਾਇਆਵਤੀ ਇੰਡੀਆ ਗੱਠਜੋੜ ਨਾਲ ਜੁੜ ਜਾਵੇ, ਪਰ ਮਾਇਆਵਤੀ ਨੇ ਅੜੀ ਫੜੀ ਰੱਖੀ। ਸਿੱਟੇ ਵਜੋਂ ਉਸ ਦੇ ਸਾਂਸਦ ਵੀ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ। ਦਾਨਿਸ਼ ਅਲੀ ਨੇ ਤਾਂ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ।
ਮਾਇਆਵਤੀ ਨੇ ਇਹ ਵੀ ਕਹਿ ਦਿੱਤਾ ਹੈ ਕਿ ਚੋਣਾਂ ਤੋਂ ਬਾਅਦ ਕਿਸੇ ਨਾਲ ਵੀ ਗੱਠਜੋੜ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਲੋੜ ਪੈਣ ਉੱਤੇ ਉਹ ਭਾਜਪਾ ਨਾਲ ਵੀ ਜੁੜ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਅੰਦਰਖਾਤੇ ਵੋਟ ਪਵਾ ਕੇ ਭਾਜਪਾ ਉਸ ਦੇ ਕੁਝ ਉਮੀਦਵਾਰ ਜਿਤਾ ਦੇਵੇ ਤੇ ਚੋਣਾਂ ਬਾਅਦ ਉਸ ਦੇ ਜੇਤੂ ਉਮੀਦਵਾਰਾਂ ਨੂੰ ਆਪਣੇ ਪੇਟੇ ਪਾ ਲਵੇ। ਇਸ ਲਈ ਹੁਣ ਇੰਡੀਆ ਗੱਠਜੋੜ ਨੇ ਉਸ ਲਈ ਆਪਣੇ ਬੂਹੇ ਬੰਦ ਕਰ ਲਏ ਹਨ।
ਬਸਪਾ ਸ਼ੁਰੂ ਤੋਂ ਹੀ ਮੌਕਾਪ੍ਰਸਤ ਸਿਆਸਤ ਕਰਦੀ ਰਹੀ ਹੈ। ਮੌਕਾਪ੍ਰਸਤ ਸਿਆਸਤ ਦੀ ਵੀ ਇੱਕ ਉਮਰ ਹੁੰਦੀ ਹੈ। ਹੁਣ ਉਹ ਉਮਰ ਬੀਤ ਚੁੱਕੀ ਹੈ। ਇਸੇ ਕਾਰਨ ਵੱਖ-ਵੱਖ ਸੂਬਿਆਂ ਵਿੱਚ ਦਲਿਤਾਂ ਦੇ ਨਵੇਂ ਆਗੂ ਉੱਭਰ ਰਹੇ ਹਨ। ਅਜ਼ਾਦ ਸਮਾਜ ਪਾਰਟੀ ਯੂ ਪੀ ਹੀ ਨਹੀਂ, ਹੋਰ ਕਈ ਸੂਬਿਆਂ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਇੱਕ ਉਮੀਦਵਾਰ ਦਾ ਦੂਜੀ ਥਾਂ ਆਉਣਾ ਇਸ ਦਾ ਸਬੂਤ ਹੈ। ਮਹਾਰਾਸ਼ਟਰ ਵਿੱਚ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਜਨ ਅਗਾੜੀ ਨੇ ਬਸਪਾ ਦਾ ਮੁਕੰਮਲ ਸਫਾਇਆ ਕਰ ਦਿੱਤਾ ਹੈ। ਗੁਜਰਾਤ ਵਿੱਚ ਜਿਗਨੇਸ਼ ਮੇਵਾਨੀ ਦਲਿਤਾਂ ਦੇ ਲੀਡਰ ਵਜੋਂ ਉੱਭਰੇ ਹਨ। ਇਸ ਤੋਂ ਸਪੱਸ਼ਟ ਹੈ ਕਿ ਬਸਪਾ ਮੁਖੀ ਮਾਇਆਵਤੀ ਜਿਸ ਰਾਹ ਪੈ ਚੁੱਕੀ ਹੈ, ਉਹ ਸਿਆਸੀ ਖੁਦਕੁਸ਼ੀ ਦਾ ਰਾਹ ਹੈ।
– ਚੰਦ ਫਤਿਹਪੁਰੀ

ਸਾਂਝਾ ਕਰੋ

ਪੜ੍ਹੋ

ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼

ਜੀਂਦ, 24 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਲੋਕਾਂ...