ਰਾਮ ਮੰਦਰ ਸਮਾਗਮ ਦੀ ਤਰੀਕ ਚੋਣਾਂ ਦੇਖ ਕੇ ਰੱਖੀ

ਕਾਂਗਰਸ ਨੇ ਅੱਜ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੇ ਉਦਘਾਟਨ ਲਈ 22 ਜਨਵਰੀ ਦੀ ਤਰੀਕ ਅਗਾਮੀ ਲੋਕ ਸਭਾ ਚੋਣਾਂ ਦੇਖ ਕੇ ਤੈਅ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਨੇ ‘ਪ੍ਰਾਣ ਪ੍ਰਤਿਸ਼ਠਾ’ (ਮੂਰਤੀ ਸਥਾਪਨਾ) ਦੀ ਰਸਮ ਨੂੰ ‘ਕੁਲ ਮਿਲਾ ਕੇ ਸਿਆਸੀ ਸਮਾਗਮ’ ਦੀ ਸ਼ਕਲ ਦੇ ਦਿੱਤੀ ਹੈ। ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ ਸ਼ੰਕਰਾਚਾਰੀਆਂ ਦੇ ਸਲਾਹ-ਮਸ਼ਵਰੇ ਤੋਂ ਬਗੈਰ ਤੇ ਧਾਰਮਿਕ ਰਹੁ-ਰੀਤਾਂ ਦਾ ਨਿਰਾਦਰ ਕਰਕੇ ਕੀਤਾ ਜਾ ਰਿਹੈ। ਮੁੱਖ ਵਿਰੋਧੀ ਧਿਰ ਨੇ ਕਿਹਾ ਕਿ ਧਾਰਮਿਕ ਆਸਥਾ ਨਿੱਜੀ ਮਸਲਾ ਹੈ ਤੇ ਕਿਸੇ ਨੂੰ ਵੀ ‘ਦਰਸ਼ਨ’ ਲਈ ਅਯੁੱਧਿਆ ਜਾਣ ਦੀ ਪੂਰੀ ਖੁੱਲ੍ਹ ਹੈ। ਪਾਰਟੀ ਨੇ ਕਿਹਾ ਕਿ 22 ਜਨਵਰੀ ਦੇ ਜਿਸ ਸਮਾਗਮ ਲਈ ਕਾਂਗਰਸ ਨੇ ਸੱਦਾ ਠੁਕਰਾਇਆ, ਉਸ ਦਾ ‘ਵੱਡੇ ਪੱਧਰ ਉੱਤੇ ਸਿਆਸੀਕਰਨ’ ਕੀਤਾ ਜਾ ਰਿਹਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਗਵਾਨ ਰਾਮ ’ਚ ਆਸਥਾ ਰੱਖਣ ਵਾਲਾ ਕੋਈ ਵੀ ਵਿਅਕਤੀ ਕਿਸੇ ਵੀ ਦਿਨ ਅਯੁੱਧਿਆ ਮੰਦਰ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੂਰਤੀ ਸਥਾਪਨਾ ਦੀ ਰਸਮ ਵਿੱਚ ਸ਼ਾਮਲ ਨਾ ਹੋਣ ਦੇ ਫੈਸਲੇ ਲਈ ਕਾਂਗਰਸ ਨੂੰ ‘ਸਾਜ਼ਿਸ਼’ ਤਹਿਤ ਨਿਸ਼ਾਨਾ ਬਣਾ ਰਹੀ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਕਿਸੇ ਧਰਮ ਜਾਂ ਗੁਰੂ ਦਾ ਨਿਰਾਦਰ ਨਹੀਂ ਕੀਤਾ ਤੇ ਉਹ ਭਾਜਪਾ ਦੀਆਂ ਵੰਡਪਾਊ ਚਾਲਾਂ ਵਿਚ ਨਹੀਂ ਫਸੇਗੀ ਅਤੇ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਲੋਕਾਂ ਦੇ ਮੁੱਦਿਆਂ ਨੂੰ ਉਭਾਰਨਾ ਜਾਰੀ ਰੱਖੇਗੀ। ਖੜਗੇ ਨੇ ਕਿਹਾ, ‘‘ਜਿੱਥੋਂ ਤੱਕ ਸਮਾਗਮ ’ਚ ਸ਼ਾਮਲ ਹੋਣ ਦੀ ਗੱਲ ਹੈ, ਜਿਨ੍ਹਾਂ ਲੋਕਾਂ ਨੂੰ ਆਸਥਾ ਹੈ ਉਹ ਭਲਕੇ ਜਾਂ ਫਿਰ ਕਿਸੇ ਦਿਨ ਜਾ ਸਕਦੇ ਹਨ। ਮੈਂ 6 ਜਨਵਰੀ ਨੂੰ ਹੀ ਸਾਫ਼ ਕਰ ਦਿੱਤਾ ਸੀ। ਸਾਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਤੇ ਇਹ ਭਾਜਪਾ ਦੀ ਸਾਜ਼ਿਸ਼ ਹੈ।’’ ਉਧਰ ਏਆਈਸੀਸੀ ਹੈੱਡਕੁਆਰਟਰਜ਼ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਮੂਰਤੀ ਸਥਾਪਨਾ ਦੀ ਰਸਮ ਧਾਰਮਿਕ ਰਹੁ-ਰੀਤਾਂ ਮੁਤਾਬਕ ਨਹੀਂ ਕੀਤੀ ਜਾ ਰਹੀ। ਇਹ ਰਸਮ ਸ਼ੰਕਰਾਚਾਰੀਆ ਦੀ ਸਲਾਹ ਨਾਲ ਧਾਰਮਿਕ ਰਹੁ-ਰੀਤਾਂ ਨੂੰ ਧਿਆਨ ’ਚ ਰੱਖ ਕੇ ਸਿਰੇ ਚਾੜ੍ਹੀ ਜਾਣੀ ਚਾਹੀਦੀ ਹੈ।’’

ਪ੍ਰੈੱਸ ਕਾਨਫਰੰਸ ’ਚ ਮੌਜੂਦ ਕਾਂਗਰਸ ਸੋਸ਼ਲ ਮੀਡੀਆ ਵਿਭਾਗ ਦੀ ਹੈੱਡ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਮੂਰਤੀ ਸਥਾਪਨਾ ਦੀ ਰਸਮ ਵਿਚ ਸ਼ਾਮਲ ਨਾ ਹੋਣ ਦੇ ਫੈਸਲੇ ਲਈ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਹੋ ਰਹੀ ਨੁਕਤਾਚੀਨੀ ਭਾਜਪਾ ਵੱਲੋਂ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਜਾਤ, ਧਰਮ ਤੇ ਭਾਸ਼ਾ ਦੀਆਂ ਲੀਹਾਂ ’ਤੇ ਵੰਡਣ ਮਗਰੋਂ ਹੁੁਣ ‘ਸਨਾਤਨ ਧਰਮ’ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸ੍ਰੀਨੇਤ ਨੇ ਕਿਹਾ, ‘‘ਭਾਜਪਾ ਨਿੱਜੀ ਆਸਥਾ ਨੂੰ ਸਰਵਉੱਚ ਮੰਨਦੀ ਹੈ। ਅਸੀਂ ਮੰਦਰਾਂ, ਗਿਰਜਾਘਰਾਂ ਤੇ ਮਸਜਿਦਾਂ ਵਿੱਚ ਗਏ ਹਾਂ ਤੇ ਨਿੱਜੀ ਆਸਥਾ ਮੁਤਾਬਕ ਅੱਗੋਂ ਵੀ ਜਾਂਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਯੂਪੀ ਕਾਂਗਰਸ ਕਮੇਟੀ ਆਗੂਆਂ ਨੇ ‘ਦਰਸ਼ਨ’ ਲਈ 15 ਜਨਵਰੀ ਨੂੰ ਅਯੁੱਧਿਆ ਜਾਣ ਦਾ ਫੈਸਲਾ ਕੀਤਾ ਹੈ। ਕਾਬਿਲੇਗੌਰ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਅਧੀਰ ਰੰਜਨ ਚੌਧਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਅਯੁੱਧਿਆ ਵਿੱਚ ਮੂਰਤੀ ਸਥਾਪਨਾ ਸਮਾਗਮ ’ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਭਾਜਪਾ ਤੇ ਆਰਐੱਸਐੱਸ ਨੇ ਵੋਟਾਂ ਖਾਤਰ ਇਸ ਨੂੰ ‘ਸਿਆਸੀ ਸਮਾਗਮ’ ਬਣਾ ਛੱਡਿਆ ਹੈ।

ਰਾਮ ਮੰਦਰ ਟਰੱਸਟ ਵੱਲੋਂ ਆਏ ਵਫਦ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅਯੁੱਧਿਆ ਵਿਚ 22 ਜਨਵਰੀ ਨੂੰ ਹੋਣ ਵਾਲੇ ਉਦਘਾਟਨੀ ਸਮਾਗਮ ਲਈ ਸੱਦਾ ਦਿੱਤਾ ਹੈ। ਵਫਦ ਵਿਚ ਵੀਐਚਪੀ ਦੇ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ, ਆਰਐੱਸਐੱਸ ਆਗੂ ਰਾਮ ਲਾਲ ਤੇ ਹੋਰ ਸ਼ਾਮਲ ਸਨ।

ਸਾਂਝਾ ਕਰੋ

ਪੜ੍ਹੋ