ਫਰਵਰੀ-ਮਾਰਚ ਵਿਚ ਟੈਸਟ ਅਤੇ ਅਪ੍ਰੈਲ-ਜੂਨ ਵਿਚ ਟੀ-20 ਖੇਡੇਗੀ ਟੀਮ ਇੰਡੀਆ

ਸਾਲ 2023 ਭਾਰਤੀ ਕ੍ਰਿਕਟ ਟੀਮ ਲਈ ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ। ਦੋ ਮੌਕਿਆਂ ‘ਤੇ ਟੀਮ ਇੰਡੀਆ ਆਈਸੀਸੀ ਟਰਾਫੀ ਜਿੱਤਣ ਦੇ ਨੇੜੇ ਪਹੁੰਚੀ, ਪਰ ਫਾਈਨਲ ਮੈਚ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਭਾਰਤ ਨੇ ਵਿਸ਼ਵ ਕੱਪ ਵਿਚ ਸਰਬੋਤਮ ਟੀਮ ਵਜੋਂ ਦਬਦਬਾ ਬਣਾਇਆ। ਹੁਣ ਭਾਰਤ ਨੂੰ 2024 ਵਿਚ ਵੀ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ। ਇਸ ਸਾਲ ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਦਹਾਕੇ ਤੋਂ ਪਏ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ।

ਇਸ ਸਾਲ ਭਾਰਤ ਨੇ ਇੰਗਲੈਂਡ, ਸ਼੍ਰੀਲੰਕਾ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੀਆਂ ਟੀਮਾਂ ਨਾਲ ਖੇਡਣਾ ਹੈ। ਬੀਸੀਸੀਆਈ ਨੇ ਸਾਲ ਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ ਪਰ ਭਾਰਤੀ ਖਿਡਾਰੀਆਂ ਦੇ ਜੂਨ ਤਕ ਦਾ ਸ਼ਡਿਊਲ ਸਾਫ਼ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਭਾਰਤ ਨੂੰ 2025 ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਅਤੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਲਈ ਦੁਵੱਲੀ ਸੀਰੀਜ਼ ਖੇਡਣੀ ਹੈ।

2024 ‘ਚ ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤੀ ਟੀਮ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹੈ। ਇਥੇ ਟੀ-20 ਅਤੇ ਵਨਡੇ ਸੀਰੀਜ਼ ਤੋਂ ਬਾਅਦ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਭਾਰਤ ਇਸ ਦੌਰੇ ਦਾ ਆਖਰੀ ਮੈਚ 2024 ‘ਚ 3 ਜਨਵਰੀ ਤੋਂ ਖੇਡੇਗਾ। ਇਹ ਮੈਚ 7 ਜਨਵਰੀ ਨੂੰ ਖਤਮ ਹੋਵੇਗਾ।

11 ਜਨਵਰੀ ਤੋਂ ਟੀਮ ਇੰਡੀਆ, ਅਫਗਾਨਿਸਤਾਨ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਇਹ ਪਹਿਲੀ ਦੁਵੱਲੀ ਸੀਰੀਜ਼ ਹੋਵੇਗੀ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਟੈਸਟ ਮੈਚ ਹੋਇਆ ਹੈ ਪਰ ਸੀਮਤ ਓਵਰਾਂ ਦੀ ਕ੍ਰਿਕਟ ‘ਚ ਇਹ ਦੋਵੇਂ ਟੀਮਾਂ ਸਿਰਫ ਆਈਸੀਸੀ ਅਤੇ ਏਸੀਸੀ ਟੂਰਨਾਮੈਂਟਾਂ ‘ਚ ਹੀ ਖੇਡੀਆਂ ਹਨ।

ਇਸ ਸਾਲ ਭਾਰਤੀ ਟੀਮ ਇੰਗਲੈਂਡ ਨਾਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਇਹ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋ ਕੇ 11 ਮਾਰਚ ਨੂੰ ਖਤਮ ਹੋਵੇਗੀ। ਲਗਭਗ ਦੋ ਮਹੀਨਿਆਂ ਤਕ ਚੱਲਣ ਵਾਲੀ ਇਹ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੋਵੇਗੀ।

ਇੰਗਲੈਂਡ ਨਾਲ ਲੰਬੀ ਟੈਸਟ ਸੀਰੀਜ਼ ਤੋਂ ਬਾਅਦ ਸਾਰੇ ਖਿਡਾਰੀ ਕੁੱਝ ਦਿਨ ਆਰਾਮ ਕਰਨਗੇ। ਇਸ ਤੋਂ ਬਾਅਦ ਆਈ.ਪੀ.ਐੱਲ. ਸ਼ੁਰੂ ਹੋਵੇਗਾ। ਦੋ ਮਹੀਨੇ ਤਕ ਚੱਲਣ ਵਾਲੇ ਇਸ ਟੂਰਨਾਮੈਂਟ ‘ਚ ਕ੍ਰਿਕਟ ਦਾ ਰੋਮਾਂਚ ਅਪਣੇ ਸਿਖਰ ‘ਤੇ ਹੋਵੇਗਾ। ਟੀ-20 ਵਿਸ਼ਵ ਕੱਪ 2024 4 ਤੋਂ 30 ਜੂਨ ਤਕ ਵੈਸਟਇੰਡੀਜ਼ ਅਤੇ ਅਮਰੀਕਾ ਵਿਚ ਹੋਵੇਗਾ। ਆਈ.ਪੀ.ਐੱਲ. ਤੋਂ ਬਾਅਦ ਸਾਰੀਆਂ ਟੀਮਾਂ ਦੇ ਜ਼ਿਆਦਾਤਰ ਖਿਡਾਰੀ ਟੀ-20 ਕ੍ਰਿਕਟ ਦੇ ਆਦੀ ਹੋ ਜਾਣਗੇ ਅਤੇ ਇਸ ਵਿਸ਼ਵ ਕੱਪ ‘ਚ ਉਤਸ਼ਾਹ ਅਪਣੇ ਸਿਖਰ ‘ਤੇ ਹੋਵੇਗਾ।

ਭਾਰਤੀ ਟੀਮ ਦੇ ਸ਼ਡਿਊਲ ਮੁਤਾਬਕ 2024 ‘ਚ ਟੀਮ ਇੰਡੀਆ ਇੰਗਲੈਂਡ, ਸ਼੍ਰੀਲੰਕਾ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨਾਲ ਸੀਰੀਜ਼ ਖੇਡੇਗੀ। ਇਨ੍ਹਾਂ ‘ਚੋਂ ਇੰਗਲੈਂਡ ਨਾਲ ਸੀਰੀਜ਼ ਜਨਵਰੀ ਤੋਂ ਮਾਰਚ ਵਿਚਾਲੇ ਖੇਡੀ ਜਾਵੇਗੀ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਦੇ ਨਾਲ ਸੀਰੀਜ਼ ਜੁਲਾਈ ਤੋਂ ਦਸੰਬਰ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਬੀਸੀਸੀਆਈ ਨੇ ਅੱਗੇ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ, ਪਰ ਇਹ ਸਪੱਸ਼ਟ ਹੈ ਕਿ ਭਾਰਤ ਨੂੰ ਸਾਲ ਦੇ ਆਖ਼ਰੀ ਛੇ ਮਹੀਨਿਆਂ ਵਿਚ ਸ੍ਰੀਲੰਕਾ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨਾਲ ਲੜੀ ਖੇਡਣੀ ਹੈ। ਇਨ੍ਹਾਂ ਸੀਰੀਜ਼ ‘ਚ ਵਨਡੇ ਅਤੇ ਟੈਸਟ ਮੈਚਾਂ ‘ਤੇ ਜ਼ਿਆਦਾ ਧਿਆਨ ਦਿਤਾ ਜਾਵੇਗਾ ਕਿਉਂਕਿ, 2025 ਵਿਚ ਚੈਂਪੀਅਨਜ਼ ਟਰਾਫੀ ਵਨਡੇ ਫਾਰਮੈਟ ਵਿਚ ਹੋਵੇਗੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਤੀਜਾ ਫਾਈਨਲ ਵੀ 2025 ਵਿਚ ਹੋਵੇਗਾ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤ ਅਪਣੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨਾ ਚਾਹੇਗਾ।

ਸਾਂਝਾ ਕਰੋ

ਪੜ੍ਹੋ