
ਕ੍ਰਿਕਟ-ਖ਼ਬਤੀ ਸਮਾਜ ਲਈ ਮੈਂ ਓਪਰਾ ਹੀ ਹਾਂ। ਦਰਅਸਲ, ਮੇਰੇ ਬਹੁਤ ਸਾਰੇ ਮਿੱਤਰ ਅਤੇ ਕਰੀਬੀ ਰਿਸ਼ਤੇਦਾਰ ਮੇਰੇ ਵੱਲ ਹੈਰਾਨੀ ਨਾਲ ਤੱਕਦੇ ਹਨ ਤੇ ਚਿੜਦੇ ਵੀ ਹਨ ਜਦ ਮੈਂ ਉਨ੍ਹਾਂ ਨੂੰ ਇਹ ਦਸਦਾ ਹਾਂ ਕਿ ਮੈਂ ਕ੍ਰਿਕਟ ਦਾ ਤਾਂ ਬਿਲਕੁਲ ਹੀ ਸ਼ੌਕੀਨ ਨਹੀਂ ਹਾਂ। ਪਰ ਕਦੇ-ਕਦਾਈਂ ਕ੍ਰਿਕਟ ਨਾਂਅ ਦਾ ਤਮਾਸ਼ਾ ਜ਼ਰੂਰ ਦੇਖਦਾ ਹਾਂ। ਇਸ ਖੇਡ ਦੇ ਇੱਕ ਭਾਰੀ ਮੁਨਾਫ਼ਾ-ਬਖ਼ਸ਼ ਤੇ ਬਾਜ਼ਾਰੂ-ਸਨਅਤ ‘ਚ ਤਬਦੀਲ ਹੋ ਜਾਣ ਨੂੰ ਮੈਂ ਘਿਰਣਾ ਕਰਦਾ ਹਾਂ। ਸਾਡੇ ‘ਸਟਾਰ’ ਕ੍ਰਿਕਟਰਾਂ ਦੁਆਲੇ ਸਿਰਜੀ ਜਾਂਦੀ ਢਕੌਂਸਲੇਬਾਜ਼ੀ-ਉਨ੍ਹਾਂ ਦੇ ਦਿਲਕਸ਼ ਮਿਜਾਜ਼, ਉਨ੍ਹਾਂ ਦੇ “ਪ੍ਰੇਮ-ਸੰਬੰਧ”, ਜਾਂ ਉਨ੍ਹਾਂ ਦੀ ਕਾਰਪੋਰੇਟ-ਫਿਲਮਜਗਤ ਗੱਠਜੋੜ ਨਾਲ ਨੇੜਲੀ ਸਾਂਝ ਮੈਨੂੰ ਨਹੀਂ ਭਾਉਂਦੀ। ਇਸ ਤੋਂ ਬਿਨਾਂ, ਮੈਂ ਅਜੇ ਐਨਾ ਕੁ “ਰਾਸ਼ਟਰਵਾਦੀ” ਨਹੀਂ ਬਣ ਸਕਿਆ ਹਾਂ ਕਿ ਕ੍ਰਿਕਟ ਨੂੰ ਇੱਕ ਤਰ੍ਹਾਂ ਦੇ ਯੁੱਧ ਦੀ ਤਰ੍ਹਾਂ ਵੇਖਣ ਅਤੇ ਅੰਤਰਰਾਸ਼ਟਰੀ ਮੈਚ ‘ਚ ਹੋਈ ਜਿੱਤ ਨੂੰ ਇੱਕ “ਸਰਜੀਕਲ ਸਟ੍ਰਾਈਕ” ਦੇ ਬਰਾਬਰ ਸਮਝਣ ਲੱਗਾਂ।
ਐਤਵਾਰ ਨੂੰ, ਮੈਂ ਇਕੱਲਤਾ ਦੀ ਸ਼ਿੱਦਤ ਨੂੰ ਹੰਢਾਇਆ ਜਿਸਦਾ ਸਾਹਮਣਾ ਕਿਸੇ ਵੀ ਓਪਰੇ ਬੰਦੇ ਨੂੰ ਅਕਸਰ ਹੀ ਕਰਨਾ ਪੈਂਦਾ ਹੈ। ਆਸਟ੍ਰੇਲੀਆ ਨੇ ਭਾਰਤ ਨੂੰ ਵਿਸ਼ਪ-ਕੱਪ ਦੇ ਅਖੀਰੀ ਮੁਕਾਬਲੇ ‘ਚ ਹਰਾ ਦਿੱਤਾ। ਫਿਰ ਵੀ, ਮੈਂ ਨਿਰਾਸ਼ ਨਹੀਂ ਹੋਇਆ, ਮੈਂ ਉਦਾਸ ਵੀ ਨਹੀਂ ਹੋਇਆ। ਕਿਸੇ “ਰਾਸ਼ਟਰਵਾਦੀ” ਹਉਮੈ ਨੂੰ ਠੇਸ ਲੱਗਣ ਦਾ ਕੋਈ ਖ਼ਤਰਾ ਨਹੀਂ ਸੀ। ਸਗੋਂ, ਮੈਂ ਇਸ ਨੂੰ ਸਹਿਜ-ਸੁਭਾਅ ਹੀ ਲਿਆ। ਮੈਨੂੰ ਠੀਕ-ਠਾਕ ਨੀਂਦ ਵੀ ਆਈ। ਫਿਰ ਵੀ, ਮੈਨੂੰ ਪਤਾ ਹੈ ਕਿ ਸਮੂਹਿਕ-ਸ਼ੋਕ ਦੇ ਇਸ ਮੌਕੇ, ਮੇਰੇ ਲਈ ਆਪਣੀਆਂ ਭਾਵਨਾਵਾਂ ਨੂੰ ਉਨ੍ਹਾਂ ਲੋਕਾਂ ਨਾਲ ਸਾਂਝੀਆਂ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ ਜਿਨ੍ਹਾਂ ਨੇ ਕ੍ਰਿਕਟ ਨੂੰ “ਰਾਸ਼ਟਰ” ਨਾਂਅ ਦੇ ਨਵੇਂ ਸਿਰਜੇ ‘ਭਗਵਾਨ’ ਦੀ ਪੂਜਾ ਕਰਨ ਦੀ ਰਸਮ ‘ਚ ਤਬਦੀਲ ਕਰ ਦਿੱਤਾ ਹੈ। ਉਹ ਮੇਰੀ ਇਸ “ਉਦਾਸੀਨਤਾ” ਨੂੰ, ਮੇਰੀ “ਕਦਰਾਂ-ਕੀਮਤਾਂ ਪ੍ਰਤੀ ਨਿਰਪੱਖਤਾ” ਨੂੰ ਨਫ਼ਰਤ ਕਰਦੇ ਹੋਣਗੇ; ਉਹ ਮੇਰੀ ਰਾਸ਼ਟਰਵਾਦੀ ਪ੍ਰਤੀਬੱਧਤਾ ‘ਤੇ ਵੀ ਸ਼ੱਕ ਕਰਦੇ ਹੋਣਗੇ। ਆਖਿਰ, ਇੱਕ ਕ੍ਰਿਕਟ-ਖ਼ਥਤੀ ਸਮਾਜ ਅੰਦਰ ਓਪਰਾ ਬਣ ਕੇ ਰਹਿਣਾ ਆਸਾਨ ਨਹੀਂ ਹੁੰਦਾ।
ਇਸ ਇਕੱਲਤਾ ਦੇ ਬਾਵਜੂਦ, ਨਿਰਲੇਪ-ਓਪਰੇ ਵਜੋਂ ਵਿਚਰਨ ਦਾ ਕੁੱਝ ਫਾਇਦਾ ਵੀ ਹੁੰਦਾ ਹੈ। ਕਿਉਂਕਿ ਮੈਂ ਸਾਡੇ “ਸਟਾਰ” ਕ੍ਰਿਕਟਰਾਂ ਨੂੰ (ਜਿਹੜੇ ਭਾਂਤ-ਭਾਂਤ ਦੇ ਉਤਪਾਦਾਂ ਦੇ ਪੱਕੇ-ਏਲਚੀ ਬਣੇ ਹੋਏ ਨੇ ਅਤੇ ਇਨ੍ਹਾਂ ਉਤਪਾਦਾਂ ਨੂੰ ਖਰੀਦਣ ਤੇ ਵਰਤਣ ਲਈ, ਮੰਤਰ-ਮੁਗਧ ਸਰੋਤਿਆਂ ਨੂੰ ਨਿਰੰਤਰ ਪ੍ਰੇਰਦੇ ਰਹਿੰਦੇ ਹਨ) ਆਪਣੇ-ਆਪ ਨੂੰ ਸੰਮੋਹਿਤ ਕਰਨ ਦੀ ਆਗਿਆ ਨਹੀਂ ਦਿੰਦਾ, ਇਸ ਕਰਕੇ ਮੇਰੇ ਲਈ ਇਹ ਸੰਭਵ ਹੋ ਜਾਂਦਾ ਹੈ ਕਿ ਕ੍ਰਿਕਟ ਦੇ ਨਾਂਅ ਹੇਠ ਖੇਡੀ ਜਾ ਰਹੀ ਖੇਡ ਦਾ ਮੈਂ ਆਲੋਚਨਾਤਮਿਕ ਵਿਸ਼ਲੇਸ਼ਣ ਕਰ ਸਕਾਂ। ਨਹੀਂ, ਇਹ ਉਨ੍ਹਾਂ ਦੀ “ਦੇਸ਼-ਭਗਤੀ” ਨਹੀਂ ਹੈ, ਸਗੋਂ ਮੈਨੂੰ ਉਨ੍ਹਾਂ ਦੇ ਹਾਵ-ਭਾਵਾਂ ਤੇ ਅਮਲਾਂ ‘ਚ “ਨਕਦ-ਉਗਰਾਹੀ” ਦਾ ਤਲਿਸਮ ਨਜ਼ਰ ਆਉਂਦਾ ਹੈ। ਤੁਸੀਂ ਭਾਵੇਂ ਮੇਰੇ ‘ਤੇ ਸਨਕੀ ਹੋਣ ਦਾ ਦੋਸ਼ ਮੜ੍ਹ ਦਿਓ, ਫਿਰ ਵੀ ਮੈਂ ਇਹ ਨਹੀਂ ਭੁੱਲ ਸਕਦਾ ਕਿ ਇਸ ਵੰਨਗੀ ਦੀ ਕ੍ਰਿਕਟ, ਇੱਕ ਸਿੱਧੀ-ਸਾਧੀ ਖੇਡ ਤੋਂ ਕੋਹਾਂ ਦੂਰ, ਮੂਲ ਰੂਪ ‘ਚ ਇੱਕ ਵਣਜ-ਵਪਾਰ ਹੈ।
ਇਸ ਨੂੰ ਨਹੀਂ ਵਿਸਾਰਨਾ ਬਣਦਾ ਕਿ ਸਾਡੇ ਮੁਲਕ ਵਰਗੇ ਗਰੀਬੀ-ਗ੍ਰਸਤ ਮੁਲਕ ਅੰਦਰ ਵੀ, ਮਿਸਾਲ ਵਜੋਂ, ਵਿਰਾਟ ਕੋਹਲੀ ਆਪਣੇ ‘ਆਈ.ਪੀ.ਐਲ.’ ਪੇਸ਼ੇ ‘ਚੋਂ ਹੁਣ ਤੱਕ 126 ਕਰੋੜ ਰੁਪਏ ਦੀ ਕਮਾਈ ਕਰ ਚੁੱਕਿਆ ਹੈ; ਅਤੇ ਜਿੱਥੋਂ ਤੱਕ ‘ਆਈ.ਪੀ.ਐਲ.’ 2023 ਦੀ ਲੱਗੀ ਬੋਲ਼ੀ ਦਾ ਸੰਬੰਧ ਹੈ, ਰੋਹਿਤ ਸ਼ਰਮਾ ਦਾ ਬਾਜ਼ਾਰੀ-ਮੁੱਲ 16 ਕਰੋੜ ਪਿਆ ਸੀ। ਇਸ ਤੋਂ ਛੁੱਟ, ਜਿਵੇਂ ਕਿ ‘ਭਾਰਤ ਤਬਦੀਲੀ ਮੰਚ’ ਦੀ ਇੱਕ ਰਿਪੋਰਟ ਦਸਦੀ ਹੈ ਕਿ ਨਿਯਮਕ-ਬੰਧੇਜਾਂ ਦੇ ਬਾਵਜ਼ੂਦ, ਭਾਰਤੀ ਕ੍ਰਿਕਟ ਸੱਟੇਬਾਜ਼ੀ ਤੇ ਜੂਏਬਾਜ਼ੀ ਬਾਜ਼ਾਰ ਅੰਦਰ ਵੀ ਭਾਰੀ ਉਛਾਲ ਦਿਸ ਰਿਹਾ ਹੈ। ਇਸ ਦੇ, 2023 ਦੇ ਅੰਤ ਤੱਕ, 2 ਅਰਬ ਅਮਰੀਕੀ ਡਾਲਰ ਤੱਕ ਅੱਪੜਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਹ ਅਸੀਂ ਫੈਸਲਾ ਕਰਨਾ ਹੈ ਕਿ ਕੀ ਇਹ ਕੋਈ ਚੰਗੀ ਗੱਲ ਹੈ ਕਿ 34 ਕਰੋੜ ਭਾਰਤੀ, ਜਿਨ੍ਹਾਂ ‘ਚ ਅਲ੍ਹੜ ਉਮਰ ਦੇ ਅਤੇ ਨੌਜਵਾਨ ਵਿਦਿਆਰਥੀ ਵੀ ਸ਼ਾਮਲ ਹਨ, ਕ੍ਰਿਕਟ ਸੱਟੇਬਾਜ਼ੀ ‘ਚ ਹਿੱਸਾ ਲੈਂਦੇ ਹਨ। ਦਰਅਸਲ, ਇਹ ਸੋਚਣਾ ਮੂਰਖਤਾ ਹੋਵੇਗੀ ਕਿ ਇਹ ਕ੍ਰਿਕਟ ‘ਸਟਾਰ’ ਬੇਗਰਜ਼ ਦੇਸ਼ਭਗਤ ਹਨ ਜਿਹੜੇ ਸਾਡੇ ਮੁਲਕ ਦੀ ਬਿਨਾਂ-ਸ਼ਰਤ ਸੇਵਾ ਕਰ ਰਹੇ ਹਨ। ਇਹ ਨਹੀਂ ਵਿਸਾਰਨਾ ਬਣਦਾ ਕਿ ਵਿਸ਼ਵ ਕੱਪ ‘ਚੋਂ ‘ਰਨਰ-ਅੱਪ’ ਰਹੀ ਭਾਰਤੀ ਟੀਮ ਨੂੰ ਵੀ ‘ਅੰਤਰਰਾਸ਼ਟਰੀ ਕ੍ਰਿਕਟ-ਪ੍ਰੀਸ਼ਦ’ ਵੱਲੋਂ ਲਗਭਗ 16 ਕਰੋੜ ਰੁਪਏ ਇਨਾਮ ਰਾਸ਼ੀ ਵੱਜੋਂ ਮਿਲਣਗੇ। ਇਸ ਦੀ ਤੁਲਨਾ ਕਾਰਗਿਲ ‘ਚ ਨਿਯੁਕਤ ਉਸ ਫੌਜੀ ਜੁਆਨ ਦੇ ਤਨਖ਼ਾਹ ਸਕੇਲ ਨਾਲ ਕਰੋ ਜਿਸ ਨੂੰ ਅਸੀਂ-ਤੁਸੀਂ ਉਂਝ ਆਪਣੇ ਰਾਖੇ-ਸੂਰਮੇ ਵਜੋਂ ਵਡਿਆਉਂਦੇ ਹਾਂ।
ਇਸ ਦੇ ਨਾਲ ਹੀ, ਓਪਰਾ ਹੋਣ ਦੇ ਨਾਤੇ, ਕ੍ਰਿਕਟ ਨੂੰ ਅਤਿ-ਬਲਵਾਨ ਮੁਲਕ ਦੀ ਹਉਮੈ ਨੂੰ ਪੱਠੇ ਪਾਉਣ ਦੀ ਰਣਨੀਤੀ ਵਜੋਂ ਵਰਤਣ ਦੀ ਸਿਆਸਤ ਨੂੰ ਵੀ ਮੈਂ ਸਮਝ ਸਕਦਾ ਹਾਂ। ਕਿਵੇਂ ਜ਼ਹਿਰੀਲੇ ਟੀ.ਵੀ. ਚੈਨਲ ਇੱਕ ਕ੍ਰਿਕਟ ਮੈਚ ਨੂੰ-ਜਿਵੇਂ ਕਿ, ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਯੁੱਧ ਵਾਂਗ ਪੇਸ਼ ਕਰਦੇ ਦਿਸਦੇ ਹਨ। ਇਸ ਅੰਦਰ ਕੀਤੇ ਜਾਂਦੇ ਫੂਹੜਪੁਣੇ ਬਾਰੇ ਜਰਾ ਸੋਚੋ! ਜੇ “ਜੈ ਸ਼੍ਰੀ ਰਾਮ” ਦਾ ਸ਼ੋਰੋ-ਗੁੱਲ, ਇਸ ਕ੍ਰਿਕਟ-ਯੁੱਧ ਅੰਦਰ ਸਾਡਾ “ਹਥਿਆਰ” ਬਣ ਜਾਵੇ ਤਾਂ ਇਸ ਵਿੱਚੋਂ ਸਾਡੇ ਸਮੂਹਿਕ-ਪਤਨ, ਸਾਡੀਆਂ ਉਜੱਡ-ਪ੍ਰਵਿਰਤੀਆਂ, ਸਾਡੇ ਅਧਿਆਤਮਹੀਣ ਧਰਮ ਦਾ, ਅਤੇ ਖੇਡ ਨੂੰ ਇੱਕ ਖੇਡ ਵੱਜੋਂ ਦੇਖਣ ਦੀ ਸਾਡੀ ਅਯੋਗਤਾ ਦਾ ਝਲਕਾਰਾ ਪੈਂਦਾ ਹੈ। ਕੀ ਇਹੋ ਕਾਰਨ ਹੈ ਕਿ ਇੰਨ੍ਹੀਂ ਦਿਨੀਂ, ਕਿਸੇ ਪਾਕਿਸਤਾਨੀ ਕ੍ਰਿਕਟਰ ਦੀ ਸਿਰਜਣਾਤਮਿਕ ਮੁਹਾਰਤ ਦੀ ਸਿਫ਼ਤ ਕਰਨੀ ਬੇਹੱਦ ਮੁਸ਼ਕਿਲ ਜਾਪਦੀ ਹੈ ਕਿਉਂਕਿ ਹਮੇਸ਼ਾ ਹੀ ਤੁਹਾਡੇ ਉੱਪਰ “ਦੇਸ਼ਧ੍ਰੋਹੀ” ਦਾ ਠੱਪਾ ਲੱਗਣ ਦਾ ਡਰ ਬਣਿਆ ਰਹਿੰਦਾ ਹੈ? ਤਾਂ ਫਿਰ ਇਸੇ ਕਰਕੇ ਇਹ ਕੋਈ ਅਚੰਭਾ ਨਹੀਂ ਹੈ ਕਿ ਜਦ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੁੰਦਾ ਹੈ ਤਾਂ ਅਤਿ-ਰਾਸ਼ਟਰਵਾਦ ਦਾ ਨਸ਼ਾ ਹਰ ਕਿਸਮ ਦਾ ਮਾਨਸਿਕ ਤੇ ਸਭਿਆਚਾਰਕ ਹੱਲਾ ਬੋਲਦਾ ਹੈ।
ਸ਼ਾਇਦ, ਇਸ ਕਿਸਮ ਦੇ ਕ੍ਰਿਕਟ-ਰਾਸ਼ਟਰਵਾਦ ਪ੍ਰਤੀ ਮੇਰੀ ਅਸਹਿਜਤਾ ਨੇ ਹੀ ਮੈਨੂੰ ਬਚਾਇਆ ਹੋਇਆ ਹੈ। ਠੀਕ ਹੈ, ਆਸਟ੍ਰੇਲੀਆ ਨੇ ਇੰਡੀਆ ਨੂੰ ਹਰਾ ਦਿੱਤਾ। ਤੇ ਇਸ ਹਾਰ ਨੇ, ਮੈਨੂੰ ਸਦਮਾ ਪਹੁੰਚਾਉਣ ਦੀ ਬਜਾਇ, ਹਲੀਮੀ ਦਾ ਇੱਕ ਅਹਿਮ ਸਬਕ ਸਿਖਾਇਆ ਹੈ। ਸ਼ਾਨਦਾਰ ‘ਨਰਿੰਦਰ ਮੋਦੀ ਸਟੇਡੀਅਮ’, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ, ਹਜ਼ਾਰਾਂ ਭਾਰਤੀ ਦੀਵਾਨਿਆਂ ਦੀ ਪਲਟਨ, ਅਤੇ ਹਰ ਵੰਨਗੀ ਦੀ ਪੂਜਾ-ਪਾਠ- ਫਿਰ ਵੀ, ਭਾਰਤ ਜਿੱਤ ਨਾ ਸਕਿਆ। ਕੀ ਅਸੀਂ ਇਸ ਹਾਰ ਤੋਂ ਮਿਲਣ ਵਾਲੇ ਸੰਦੇਸ਼ ਦੇ ਅਰਥਾਂ ਨੂੰ ਸਮਝਣ ਲਈ ਤਿਆਰ ਹਾਂ? ਇਹ ਸੰਦੇਸ਼ ਸਾਨੂੰ ਸਿਖਾਉਂਦਾ ਹੈ ਕਿ ਹਰ ਚੀਜ਼ ਅਸਥਿਰ ਹੈ। ਨਾ ਤੁਹਾਡੀ ਜਿੱਤ ਤੇ ਨਾ ਹੀ ਤੁਹਾਡੀ ਹਾਰ ਸਥਿਰ ਹੈ। ਅੱਜ ਤੁਸੀਂ “ਹੀਰੋ” ਹੋ, ਕੱਲ੍ਹ ਨੂੰ ਤੁਸੀਂ “ਜ਼ੀਰੋ” ਤੱਕ ਸਿਮਟ ਸਕਦੇ ਹੋ! ਤੇ ਇਸ ਲਈ, ਸਾਨੂੰ ਇਸ ਹਾਰ ਨੂੰ ਹਲੀਮੀ ਨਾਲ ਕਬੂਲਣਾ ਚਾਹੀਦਾ ਹੈ- ਨਾ ਕਿ ਸਮੂਹਿਕ ਪਾਗਲਪਨ ਜਾਂ ਸਮੂਹਿਕ ਸ਼ਰਮ ਨਾਲ। ਇਸੇ ਤਰ੍ਹਾਂ, ਸਾਡੀ ਹਉਮੈਂ ਵੀ ਇੱਕ ਭਰਮ ਹੀ ਹੈ, ਭਾਵੇਂ ਇਸ ਨੂੰ “ਰਾਸ਼ਟਰਵਾਦ” ਦੇ ਨਾਂਅ ‘ਤੇ ਪੂਜਨੀਕ ਵੀ ਕਿਉਂ ਨਾ ਸਮਝਿਆ ਜਾਂਦਾ ਹੋਵੇ।
ਸ਼ਾਇਦ, ਇਹ ਹਾਰ ਉਨ੍ਹਾਂ ਸਭਨਾਂ “ਯੋਧਿਆਂ” ਨੂੰ ਇੱਕ ਸੰਦੇਸ਼ ਪਹੁੰਚਾਉਂਦੀ ਹੈ ਜਿਹੜੇ ਕ੍ਰਿਕਟ ਨੂੰ ਇੱਕ ‘ਸਰਜੀਕਲ ਸਟ੍ਰਾਈਕ’ ਦੇ ਸਮਾਨ ਬਣਾਉਣਾ ਲੋਚਦੇ ਹਨ। ਇਹ ਹਾਰ ਉਨ੍ਹਾਂ ਨੂੰ ਨਿਮਰ ਰਹਿਣ, ਖੇਡ ਨੂੰ ਖੇਡ ਵੱਜੋਂ ਦੇਖਣ ਲਈ ਕਹਿ ਰਹੀ ਹੈ। ਅਤੇ ਇਹ ਸਮਝਣ ਲਈ ਵੀ ਕਹਿ ਰਹੀ ਹੈ ਕਿ ਕੱਟੜ ਰਾਸ਼ਟਰਵਾਦ ਦਾ ਚਸ਼ਮਾ, ਕਿਵੇਂ ਉਨ੍ਹਾਂ ਦੇ ਦੇਖਣ ਦੇ ਤੌਰ-ਤਰੀਕੇ ਨੂੰ ਵਿਗਾੜ ਦਿੰਦਾ ਹੈ, ਅਤੇ ਇਹ ਹਾਰ ਉਨ੍ਹਾਂ ਨੂੰ ਕੌਮਾਂਤਰੀ ਇੱਕਮੁੱਠਤਾ ਤੇ ਸਾਂਝ ਦੀ ਭਾਵਨਾ ਨੂੰ ਮਾਨਣ ਲਈ ਵੀ ਕਹਿ ਰਹੀ ਹੈ।
ਮੂਲ ਲੇਖਕ:
ਅਵੀਜੀਤ ਪਾਠਕ
ਅੰਗ੍ਰੇਜ਼ੀ ਤੋਂ ਅਨੁਵਾਦ:
ਯਸ਼ ਪਾਲ, ਵਰਗ ਚੇਤਨਾ
ਸੰਪਰਕ -98145-35005