ਵਿਸ਼ਵ ਕੱਪ ਕ੍ਰਿਕਟ ਜੇਤੂ ਯਸ਼ਪਾਲ ਸ਼ਰਮਾ ਦਾ ਦੇਹਾਂਤ

ਨਵੀਂ ਦਿੱਲੀ, 14 ਜੁਲਾਈ- ਭਾਰਤ ਦੀ 1983 ਵਿਸ਼ਵ ਕੱਪ ਕ੍ਰਿਕਟ ਜੇਤੂ ਟੀਮ ਦੇ ਨਾਇਕ ਯਸ਼ਪਾਲ ਸ਼ਰਮਾ(66) ਦਾ ਅੱਜ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ ਹੋ ਗਿਆ। ਆਪਣੇ ਕ੍ਰਿਕਟ ਕਰੀਅਰ ਦੀ ਸਿਖਰ ਦੌਰਾਨ ਉਹ ਭਾਰਤੀ ਟੀਮ ’ਚ ਹਿੰਮਤੀ ਮੱਧਕ੍ਰਮ ਬੱਲੇਬਾਜ਼ ਵਜੋਂ ਮਕਬੂਲ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਧੀਆਂ ਤੇ ਪੁੱਤਰ ਹਨ। ਯਸ਼ਪਾਲ ਸਵੇਰ ਦੀ ਸੈਰ ਕਰਕੇ ਮੁੜੇ ਤਾਂ ਉਹ ਘਰ ਵਿੱਚ ਗਸ਼ ਖਾ ਕੇ ਡਿੱਗ ਪਏ। ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਸਮੇਤ ਹੋਰਨਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਕਪਤਾਨ ਕਪਿਲ ਦੇਵ, ਸੁਨੀਲ ਗਾਵਸਕਰ, ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ, ਸਚਿਨ ਤੇਂਦੁਲਕਰ ਆਦਿ ਸਮੇਤ ਖੇਡ ਜਗਤ ਨਾਲ ਜੁੜੀਆਂ ਹੋਰਨਾਂ ਸ਼ਖ਼ਸੀਅਤਾਂ ਨੇ ਸਾਬਕਾ ਕ੍ਰਿਕਟਰ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਸ੍ਰੀ ਯਸ਼ਪਾਲ ਸ਼ਰਮਾ ਜੀ ਭਾਰਤੀ ਕ੍ਰਿਕਟ ਟੀਮ ਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮਹਿਬੂਬ ਖਿਡਾਰੀਆਂ ’ਚੋਂ ਇਕ ਸਨ।

ਉਹ ਆਪਣੀ ਟੀਮ ਦੇ ਸਾਥੀਆਂ, ਪ੍ਰਸ਼ੰਸਕਾਂ ਤੇ ਯੁਵਾ ਖਿਡਾਰੀਆਂ ਲਈ ਪ੍ਰੇਰਨਾਸਰੋਤ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੀੜ ਹੋਈ ਹੈ।’’ ਯਸ਼ਪਾਲ ਨੇ ਆਪਣੇ ਕੌਮਾਂਤਰੀ ਕਰੀਅਰ ਦੌਰਾਨ 37 ਟੈਸਟ ਮੈਚਾਂ ’ਚ 1606 ਦੌੜਾਂ ਤੇ 42 ਇਕ ਰੋਜ਼ਾ ਮੈਚਾਂ ਵਿੱਚ 883 ਦੌੜਾਂ ਬਣਾਈਆਂ ਸਨ। ਟੈਸਟ ਤੇ ਇਕ ਰੋਜ਼ਾ ਕ੍ਰਿਕਟ ਵਿਚ ਉਨ੍ਹਾਂ ਦੇ ਨਾਂ ਇਕ ਇਕ ਵਿਕਟ ਵੀ ਦਰਜ ਹੈ। ਉਹ ਆਪਣੇ ਹਿੰਮਤੀ ਰਵੱਈਏ ਲਈ ਮਕਬੂਲ ਸਨ। 1983 ਵਿੱਚ ਓਲਡ ਟਰੈਫਰਡ ’ਚ ਇੰਗਲੈਂਡ ਖ਼ਿਲਾਫ ਖੇਡੇ ਸੈਮੀ ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਵੱਲੋਂ ਜੜੇ ਨੀਮ ਸੈਂਕੜੇ ਦੀਆਂ ਯਾਦਾਂ ਅੱਜ ਵੀ ਹਰ ਕਿਸੇ ਦੇ ਜ਼ਿਹਨ ਵਿੱਚ ਹਨ। ਸਾਬਕਾ ਭਾਰਤੀ ਕਪਤਾਨ ਦਿਲੀਪ ਵੈਂਗਸਰਕਰ ਨੇ ਯਸ਼ਪਾਲ ਸ਼ਰਮਾ ਦੇ ਅਕਾਲ ਚਲਾਣੇ ’ਤੇ ਹੈਰਾਨੀ ਜ਼ਾਹਿਰ ਕੀਤੀ ਹੈ। ਵੈਂਗਸਰਕਰ ਨੇ ਕਿਹਾ ਕਿ ਉਹ ਅਜੇ ਕੁਝ ਹਫ਼ਤੇ ਪਹਿਲਾਂ ਇਕ ਕਿਤਾਬ ਦੀ ਘੁੰਡ ਚੁਕਾਈ ਲਈ ਰੱਖੇ ਸਮਾਗਮ ਮੌਕੇ ਸ਼ਰਮਾ ਨੂੰ ਮਿਲੇ ਸਨ। ਵੈਂਗਸਰਕਰ ਨੇ ਕਿਹਾ, ‘‘ਮੈਨੂੰ ਯਕੀਨ ਨਹੀਂ ਆਉਂਦਾ। ਉਹ ਸਾਡੇ ਸਾਰਿਆਂ ’ਚੋਂ ਸਰੀਰਕ ਤੌਰ ’ਤੇ ਫਿਟ ਸੀ। ਮੈਂ ਉਸ ਦਿਨ ਉਹਨੂੰ ਉਸ ਦੇ ਨਿੱਤਨੇਮ ਬਾਰੇ ਪੁੱਛਿਆ ਸੀ। ਉਹ ਸ਼ਾਕਾਹਾਰੀ ਸੀ ਤੇ ਨਸ਼ਿਆਂ ਤੋਂ ਦੂਰ ਰਹਿੰਦਾ ਸੀ। ਰਾਤ ਦੇ ਖਾਣੇ ’ਚ ਸੂਪ ਲੈਂਦਾ ਸੀ ਤੇ ਆਪਣੀ ਸਵੇਰ ਦੀ ਸੈਰ ਨੂੰ ਲੈ ਕੇ ਕਾਫ਼ੀ ਪਾਬੰਦ ਸੀ। ਮੈਂ ਹੈਰਾਨ ਹਾਂ।’’ ਯਸ਼ਪਾਲ ਸ਼ਰਮਾ 2000 ਦੀ ਸ਼ੁਰੂਆਤ ਵਿੱਚ ਕੌਮੀ ਚੋਣਕਾਰ ਵੀ ਰਿਹਾ। ਉਨ੍ਹਾਂ ਦੀ ਅਗਵਾਈ ਵਾਲੀ ਕਮੇਟੀ ਨੇ ਹੀ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਟੀਮ ’ਚ ਖੇਡਣ ਦਾ ਮੌਕਾ ਦਿੱਤਾ। ਭਾਰਤੀ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਐੱਮ.ਸ੍ਰੀਨਿਵਾਸਨ ਨੇ ਕਿਹਾ, ‘‘ਉਹ ਬੜੇ ਨਿਰਪੱਖ ਚੋਣਕਾਰ ਤੇ ਮਹਾਨ ਖਿਡਾਰੀ ਸਨ। ਮੈਂ ਉਨ੍ਹਾਂ ਦੇ ਪਰਿਵਾਰ ਦੇ ਦੁਖ ’ਚ ਸ਼ਰੀਕ ਹਾਂ।’’

ਰਣਜੀ ਟਰਾਫ਼ੀ ਵਿੱਚ ਯਸ਼ਪਾਲ ਸ਼ਰਮਾ ਨੇ ਤਿੰਨ ਟੀਮਾਂ- ਪੰਜਾਬ, ਹਰਿਆਣਾ ਤੇ ਰੇਲਵੇਜ਼ ਦੀ ਨੁਮਾਇੰਦਗੀ ਕੀਤੀ। ਉਨ੍ਹਾਂ 160 ਮੈਚਾਂ ਵਿੱਚ 8933 ਦੌੜਾਂ ਬਣਾਈਆਂ, ਜਿਸ ਵਿੱਚ 21 ਸੈਂਕੜੇ ਤੇ 201 ਨਾਬਾਦ ਦਾ ਸਿਖਰਲਾ ਸਕੋਰ ਵੀ ਸ਼ਾਮਲ ਹੈ। ਉਨ੍ਹਾਂ ਕੁਝ ਮਹਿਲਾ ਇਕ ਰੋਜ਼ਾ ਮੈਚਾਂ ਵਿੱਚ ਅੰਪਾਇਰ ਵਜੋਂ ਵੀ ਭੂਮਿਕਾ ਨਿਭਾਈ। ਉਹ ਉੱਤਰ ਪ੍ਰਦੇਸ਼ ਰਣਜੀ ਟੀਮ ਦੇ ਕੋਚ ਵੀ ਰਹੇ। ਕੀਰਤੀ ਆਜ਼ਾਦ ਨੇ ਯਸ਼ਪਾਲ ਸ਼ਰਮਾ ਦੀ ਮੌਤ ’ਤੇ ਦੁਖ਼ ਜ਼ਾਹਿਰ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।

ਸਾਂਝਾ ਕਰੋ

ਪੜ੍ਹੋ