ਨਾਕਸ ਸਿਖਿਆ ਨੀਤੀ ਵਿਦਿਆਰਥੀਆਂ ਦੀਆਂ ਖੁਦਕਸ਼ੀਆਂ ਲਈ ਜਿੰਮੇਵਾਰ ?/ ਜਗਦੀਸ਼ ਸਿੰਘ ਚੋਹਕਾ 

ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਸਮਾਜ ਦੇ ਹਰ ਹਿਸੇ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਨੀਤੀਆਂ ਦੇ ਸਿੱਟੇ ਵਜੋਂ ਅਜ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਅਸਮਾਨਤਾ ਦਾ ਹਰ ਪਾਸੇ ਬੋਲਬਾਲਾ ਹੈ। ਵਿਕਾਸ ਦੀ ਮੰਦੀ ਪ੍ਰਤੀਕਿਰਿਆ ਨੇ ਆਮਦਨ ਅਤੇ ਦੌਲਤ ਵਿਚਕਾਰ ਪੈਦਾ ਹੋਈਆਂ ਅਸਮਾਨਤਾਵਾਂ ਨੇ ਸਾਰੇ ਢਾਂਚੇ ਨੂੰ ਹੀ ਹਿਲਾਅ ਕੇ ਰੱਖ ਦਿਤਾ ਹੋਇਆ ਹੈ।ਸਮਾਜ ਅੰਦਰ ਹੋਰ ਆਰਥਿਕ ਪਾੜੇ ਵੱਧਣਗੇ। ਅਜਿਹੇ ਆਰਥਿਕ ਹਲਾਤਾਂ ਅੰਦਰ ਜਨ-ਸਧਾਰਨ ਪ੍ਰੀਵਾਰ ਵਿੱਚੋਂ ਉਠਕੇ ਪਹਿਲਾਂ ਤਾਂ ਮੁਕਾਬਲੇ ਵਾਲੀ ਸਿਖਿਆ ਅਤੇ ਕੋਰਸਾਂ ਤਕ ਬੱਚੇ ਦਾ ਉਪਰ ਆਉਣਾ ਹੀ ਬਹੁਤ ਮੁਸ਼ਕਲ ਹੈ। ਪਰ ਇਕ ਅੱਧ-ਕਰੋੜ ਵਿਚੋਂ ਕੋਈ ਕੇਸ ਤਾਂ ਮਿਲ ਜਾਵੇਗਾ, ਪਰ ਸਭ ਲਈ ਸਿਖਿਆ ਸਭ ਲਈ ਰੁਜ਼ਗਾਰ ਇਸ ਪੂੰਜੀਵਾਦੀ ਸਿਸਟਮ ਅੰਦਰ ਨਾ-ਮੁਮਕਨ ਹੈ ਤੇ ਨਾ ਹੀ ਮਿਲ ਸੱਕੇਗਾ ? ਮੁਕਾਬਲੇ, ਕਿਤਾ ਅਤੇ ਸਿਵਲ ਸੇਵਾਵਾਂ ਵਾਲੇ ਅਦਾਰਿਆਂ ਅਤੇ ਆਸਾਮੀਆਂ ਲਈ ਹੁੰਦੇ ਕੰਪੀਟੇਸ਼ਨਾਂ ਅੰਦਰ ਜਿਥੇ ਇਕ ਵਿਸ਼ੇਸ਼ ਵਰਗ ਦੇ ਬੱਚੇ ਪਹਿਲਾ ਹੀ ਖਾਸ ਕਿਸਮ ਦੇ ਸਕੂਲਾਂ ‘ਚ ਪੜ੍ਹਦੇ ਹਨ ‘ਤੇ ਅੱਗੋਂ ਮੁਕਾਬਲੇ ਲਈ ਲੱਖਾਂ ਰੁਪਏ ਖਰਚ ਕੇ ਕੋਚਿੰਗ ਪ੍ਰਾਪਤ ਕਰਦੇ ਹਨ। ਅਜਿਹੇ ਬੱਚਿਆਂ ਦਾ ਮੁਕਾਬਲਾ ਜਨ-ਸਧਾਰਨ ‘ਚ ਆਇਆ ਬੱਚਾ ਕਿਵੇਂ ਮੁਕਾਬਲੇ ਵਾਲੇ ਇਮਤਿਹਾਨਾਂ ‘ਚ ਚੁਣਿਆ ਜਾਵੇਗਾ ?

ਦੇਸ਼ ਦਾ ਵਿਤਕਰੇ ਭਰਪੂਰ ਸਿੱਖਿਆ ਢਾਂਚਾ, ਨੁਕਸਾਦਾਰ ਚੋਣ  ਢੰਗ ਹਨ। ਫਿਰ ਚੁਣਿਆਂ ਜਾਣਾ ਵੀ ਸਭ ਇਕ ਖਾਸ ਜਮਾਤ ਦੀ ਸੇਵਾ ਵਿੱਚ ਹੀ ਬਣਾਏ ਸਿਸਟਮ ਲਈ ਉਹ ਇਕ ਹਿਸਾ ਹੋਵੇਗਾ। ਪਰ ਰਾਜਸਤਾ ਤੇ ਕਾਬਜ ਜਮਾਤ ਨੇ ਆਪਣੀ ਲੰਬੀ ਉਮਰ ਲਈ ਅਜਿਹੇ ਢੰਗ ਤਰੀਕੇ ਆਜ਼ਾਦ ਕੀਤੇ ਹਨ ਜੋ ਉਨ੍ਹਾਂ ਦੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਹਿਣ। ਕਾਬਜ਼ ਜਮਾਤ ਨੇ ਕਈ ਢੰਗ-ਤਰੀਕਿਆ ਨਾਲ ਮੌਜੂਦਾ ਸਿਸਟਮ ਨੂੰ ਇਸ ਤਰ੍ਹਾਂ ਕਾਇਮ ਕਰਕੇ ਇਹ ਦੱਸਣ ਲਈ ਕੋਸ਼ਿਸ਼ ਤੇ ਦਿਖਾਵਾ ਵੀ ਕੀਤਾ ਹੋਇਆ ਹੈ ਕਿ ਅਸੀਂ ਅੱਗੇ ਵੱਧਣ ਲਈ ਹਰ ਇਕ ਨੂੰ ਮੌਕਾ ਦੇ ਰਹੇ ਹਨ। ਬੇਰੁਜ਼ਗਾਰੀ ਅਤੇ ਆਰਥਿਕ ਅਸਮਾਨਤਾ ਵਾਲੇ ਸਿਸਟਮ ਅੰਦਰ ਹਰ ਇਕ ਇਸ ਮੌਕੇ ਦੀ ਦੌੜ ਵਿੱਚ ਖੜਾ ਤਾਂ ਹੋ ਜਾਂਦਾ ਹੈ। ਸਿਵਲ ਸੇਵਵਾਂ ਦੀ ਦੌੜ ‘ਚ ਹਰ ਸਾਲ 20 ਤੋਂ 30 ਲੱਖ ਵਿਦਿਆਰਥੀ ਦੌੜ ‘ਚ ਲੱਗ ਜਾਂਦੇ ਹਨ ਜਦਕਿ ਚੋਣ ਕੇਵਲ 700-800 ਦੀ ਹੀ ਹੁੰਦੀ ਹੈ। ਪਰ ਤਾਂਘ ਅਤੇ ਲਾਲਸਾ ਆਪਣੇ ਉਜਲ ਭਵਿਖ ਲਈ ਸਾਰੇ ਬੱਚਿਆਂ ਤੇ ਮਾਪਿਆਂ ਨੂੰ ਹਜ਼ਾਰਾਂ ਨਹੀਂ ਲੱਖਾਂ ਨੂੰ ਮਾਨਸਿਕ ਤੌਰ ‘ਤੇ ਮੂਰਖ ਬਣਾ ਕੇ ਜਨ-ਸਮੂਹ ਨੂੰ ਸਭ ਲਈ ਸਿਖਿਆ, ਸਭ ਲਈ ਰੁਜ਼ਗਾਰ ਤੋਂ ਦੂਰ ਰੱਖਦੀ ਹੈ। ਇਹ ਹੈ ਸਾਰੇ ਬੱਚਿਆਂ ਦੇ ਉਜੱਲ-ਭਵਿੱਖ ਲਈ ਪੂੰਜੀਵਾਦੀ ਮ੍ਰਿਗ-ਤ੍ਰਿਸ਼ਨਾ ਦਾ ਭਰਮ ਜਾਲ ਹੈ ਕਿ ਰੁਜ਼ਗਾਰ ਨਹੀਂ ਮਿਲੇਗਾ, ਪਰ ਦੌੜੋ ?

ਭਾਰਤੀ ਗਣਰਾਜ ਦੇ ਸੰਵਿਧਾਨ ਦੇ ਨਿਸ਼ਿਚਿਤ ਨਿਰਦੇਸ਼ਕ ਸਿਧਾਂਤਾ ਅੰਦਰ ਦਿੱਤੇ ਹੱਕਾ ਨੂੰ ਹਰ ਨਾਗਰਿਕ ਲਈ ਅਮਲ ਵਿੱਚ ਰਾਜ ਨੇ ਲਾਗੂ ਕਰਾਉਣਾ ਹੁੰਦਾ ਹੈ। ਵਿਦਿਆ ਦਾ ਹੱਕ ਅਤੇ ਬੱਚਿਆਂ ਲਈ ਲਾਜ਼ਮੀ ਅਤੇ ਵਿਦਿਆ ਦੀ ਵਿਵੱਸਥਾ ਤੇ ਜੀਵਨ ਦੀ ਲੋੜ ਮੁਤਾਬਕ ਉਜ਼ਰਤ ਦਾ ਪ੍ਰਬੰਧ ਕਰਨਾ ਹੁੰਦਾ ਹੈ। ਪਰ ਅਮਲ ਵਿੱਚ ਇਨ੍ਹਾ ਨਿਰਦੇਸ਼ਕ ਸਿਧਾਂਤਾ ਨੂੰ ਕਦੀ ਵੀ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ। ਸਗੋਂ ਸੰਵਿਧਾਨਕ ਵਿਵਸਥਾਵਾਂ  ਅਤੇ ਸਰਮਾਏਦਾਰੀ ਪੂੰਜੀਵਾਦੀ ਹਾਕਮ ਜਮਾਤਾਂ ਦੇ ਅਮਲ ਵਿੱਚ ਇਹ ਪ੍ਰਤੱਖ ਖੱਪਾ ਆਜ਼ਾਦੀ ਤੋਂ ਬਾਅਦ ਸਰਮਾਏਦਾਰੀ-ਸਾਮੰਤਵਾਦੀ ਤੇ ਹੁਣ ਕਾਰਪੋਰੇਟੀ-ਫਿਰਕੂ ਪ੍ਰਬੰਧ ਨੂੰ ਖਤਮ ਕਰਨ ਦੀ ਥਾਂ ਇਸ ਨੇ ਹੋਰ ਵਧਾਇਆ ਹੈ। ਮੂਲਭੂਤ ਵਿਦਿਆ ਦੀ ਵਿਵੱਸਥਾ ਅਤੇ ਰੁਜ਼ਗਾਰ ਜਿਹੀ ਮੌਲਿਕ ਸਹੂਲਤ ਤੋਂ ਅੱਜ ਵੀ ਆਮ ਜਨਤਾ ਸੱਖਣੀ ਹੈ। ਬੀਤੇ ਸਾਲਾਂ 2000 ਤੋਂ ਕੇਂਦਰੀ ਸਾਬਕਾ ਮੰਤਰੀ ਅਰਜਨ ਸਿੰਘ ਮਨੁੱਖੀ ਸੋਮਿਆ ਦੇ ਸਿੱਖਿਆ ਮੰਤਰੀ ਤੋਂ ਲੈ ਕੇ ਅੱਜ ਤਕ ਹੁਣ ਮੋਦੀ ਸਰਕਾਰ ਦੀ ਕੌਮੀ ਸਿੱਖਿਆ ਨੀਤੀ-2020 ਵੱਲੋਂ ਵੀ ਸਿੱਖਿਆ ਨੂੰ ਵਪਾਰੀਕਰਨ, ਕੇਂਦਰੀਕਰਨ ਅਤੇ ਫਿਰਕੂਕਰਨ ਦੀ ਪੁੱਠ ਹੀ ਚਾੜ੍ਹੀ ਗਈ ਹੈ।

ਮੌਜੂਦਾਂ ਸਿੱਖਿਆ ਨੀਤੀ ਨੇ ਯੂਨੀਵਰਸਿਟੀਆਂ, ਸੂਬਾ ਸਰਕਾਰਾਂ ਅਤੇ ਖੁਦਮੁਖਤਅਿਾਰ  ਸੰਸਥਾਵਾਂ ਦੀ ਭੂਮਿਕਾ ਨੂੰ ਕਮਜ਼ੋਰ ਕਰਦੇ ਹੋਏ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਸੰਸਥਾਵਾਂ ਨੂੰ ਆਪਣੇ ਕਬਜ਼ਿਆਂ ਹੇਠ ‘ਚ ਲਿਆ ਰਹੀ ਹੈ।ਇਸ ਨੀਤੀ ਅਧੀਨ ਤਰਕਸ਼ੀਲਤਾ ਅਤੇ ਤਰਕ ‘ਤੇ ਅਧਾਰਿਤ ਗਿਆਨ ਦੀ ਇਛਾ ਨੂੰ ਜਾਣ ਬੁੱਝ ਕੇ ਘਟਾਇਆ ਜਾ ਰਿਹਾ ਹੈ। ਤਰਕ ਤੇ ਵਿਗਿਆਨਕ ਗਿਆਨ ਨੂੰ ਹਾਸ਼ੀਏ ‘ਤੇ ਧੱਕਿਆ ਜਾ ਰਿਹਾ ਹੈ। ਸਿੱਟੇ ਵੱਜੋ ਦੇਸ਼ ਦੀ ਸਿੱਖਿਆ ਵਿੱਚ ਮਾਤਰਾ, ਗੁਣਵੰਤਾਂ ਅਤੇ ਬਰਾਬਰੀ ਦਾ ਸੰਤੁਲਨ ਜੋ ਕਿ ਸਦਾ ਨਾਜ਼ੁਕ ਸੀ, ਹੁਣ ਅਮਲ ‘ਚ ਤਬਾਹ ਹੋ ਗਿਆ ਹੈ। ਪਰ ਹਾਕਮ ਦੇਸ਼ ਅੰਦਰ ਇਕ ਅਜਿਹੀ ਬੌਧਿਕ ਮਾਨਸਿਕਤਾ ਵਾਲੀ ਵਿਦਿਆਰਥੀਆਂ ਦੀ ਇਕ ਜਮਾਤ ਪੈਦਾ ਕਰਨਾ ਚਾਹੁੰਦੇ ਹਨ ਜਿਹੜੀ ਪੂੰਜੀਪਤੀ ਜਮਾਤ ਦੇ ਰਾਜਤੰਤਰ ਨੂੰ ਚਲਾਉਣ ਦੇ ਯੋਗ ਹੋਵੇ ! ਅਜਿਹੇ ਚੋਣਵੇਂ ਵਿਸ਼ੇਸ਼ ਵਰਗ ਦੀ ਚੋਣ ਕਰਨੀ ਆਸਾਨ ਹੁੰਦੀ ਹੈ ਨਾ ਕਿ ਸਰਵਜਨਕ ਸਮੂਹ ਨੂੰ ਸਿਖਿਅਤ ਕਰਕੇ ਸਮੁੱਚੇ ਨੋਜਵਾਨਾਂ ਨੂੰ ਰੁਜ਼ਗਾਰ ਦੇਣਾ। ਸਮੁੱਚੇ ਦੇਸ਼ ਦੀ ਥਾਂ ਇਕ ਛੋਟੇ ਜਿਹੇ ਵਰਗ ਨੂੰ ਉੱਪਰ ਲਿਆਉਣਾ ਆਸਾਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਚੋਣ ਲਈ ਵੀ ਉਨ੍ਹਾਂ ਨੂੰ ਮੁਕਾਬਲੇ ਵਿੱਚ ਪਾ ਕੇ ਨਤੀਜਾ ਵੱਧੀਆ ਕੱਢਿਆ ਜਾ ਸਕਦਾ ਹੈ।

ਭਾਰਤ ਅੰਦਰ ਉੱਚ ਪ੍ਰਸ਼ਾਸ਼ਨਿਕ ਸਿਵਲ ਸੇਵਾਵਾਂ, ਉੱਚ ਆਸਾਮੀਆਂ ਅਤੇ ਅਰਾਮਦਾਇਕ ਪੱਦਵੀਆਂ ਲਈ ਚੋਣ ‘ਤੇ ਸਲੈਕਸ਼ਨ ਅੰਦਰ ਦਰਵਾਜ਼ਾ ਕੇਵਲ ਸਮਾਜ ਦੇ ਇਕ ਖਾਸ ਉਚ ਕਲੀਨ ਵਰਗ ਦੇ ਬੱਚਿਆਂ ਲਈ ਹੀ ਖੁਲ੍ਹਿਆ ਹੋਇਆ ਹੈ ! ਕਿਉਂਕਿ ਹੇਠੋਂ ਤੋਂ ਲੈ ਕੇ ਮੁਕਾਬਲੇ ਵਾਲੀਆਂ ਕੋਚਿੰਗ ਸੰਸਥਾਵਾਂ ਤੋਂ ਮਹਿੰਗੇ ਭਾਅ ਟ੍ਰੇਨਿੰਗ ਲੈ ਕੇ ਉਹ ਉਪਰੋਕਤ ਮੁਕਾਬਲੇ ਵਾਲੇ ਇਮਤਿਹਾਨਾਂ ‘ਚ ਪਾਸ ਹੋ ਜਾਂਦੇ ਹਨ। ਮੌਜੂਦਾ ਸਿੱਖਿਆ ਨਾਂ ਵਾਲੀ ਪੂੰਜੀ ਨੇ ਕੇਵਲ ਜਨ-ਸਾਧਾਰਨ ਲੋਕਾਂ ਦੇ ਬੱਚਿਆਂ ਨੂੰ ਉਚ-ਆਸਾਮੀਆਂ ਵਾਲੀਆਂ ਪੋਸਟਾਂ ਤੋਂ ਬੰਚਿਤ ਹੀ ਨਹੀਂ ਰੱਖਿਆ ਹੋਇਆ, ਸਗੋਂ ਮਾਨਸਿਕ ਤੌਰ ‘ਤੇ ਹੱਕ ਲਈ ਲੜਨ ਤੋਂ ਵੀ ਪਹਿਲਾ ਹੀ ਹਾਰ ਮੰਨਣ ਲਈ ਕਿਸਮਤ ਦੇ ਰਾਹ ਪਾ ਕੇ ਨਿਰਾਸ਼ ਕਰ ਦਿੱਤਾ ਹੋਇਆ ਹੈ। ਪੂੰਜੀਵਾਦੀ ਸਿਸਟਮ ਅੰਦਰ ਮੌਜੂਦਾ ਸਿਖਿਆ ਆਮ ਵਰਗ ਲਈ ਇਕ ਭਰਮ, ਵਿਰੋਧਭਾਸ ਅਤੇ ਸਗੋਂ ਦੁਵਿਧਾ ਪੈਦਾ ਕਰਨ ਵਾਲੀ ਬਣ ਗਈ ਹੈ। ਸਮਾਜਕ ਪ੍ਰੀਵਰਤਨ ਤੋਂ ਬਿਨਾਂ ਆਮ ਵਰਗ ਦਾ ਵਿਦਿਆਰਥੀ ਇਸ ਵਿੱਦਿਆ ਅੰਦਰ ਨਹੀਂ ਉਭਰ ਸਕਦਾ ਹੈ। ਸਗੋਂ ਨਵੀਂ ਸਿੱਖਿਆ ਨੀਤੀ 2020 ਰਾਹੀ ਸੁਧਾਰ ਦੀਆਂ ਗਲਾਂ ਤਾਂ ਕੀਤੀਆਂ ਹਨ ਪਰ ਅਮਲ ਵਿੱਚ ਪ੍ਰਨਾਲਾ ਉੱਥੇ ਦਾ ਉੱਥੇ ਹੀ ਹੈ।

ਵਿਡੰਬਨਾ ਇਹ ਹੈ ਕਿ ਇਸ ਪੂੰਜੀਵਾਦੀ ਸਿਸਟਮ ਅਤੇ ਸਿਖਿਆ ਨੀਤੀ ਕਰਕੇ ਵਿਦਿਆਰਥੀ ਪੜ੍ਹਾਈ ਦੌਰਾਨ ਹੀ ਖੁਦ-ਕਸ਼ੀਆ ਕਰ ਰਹੇ ਹਨ। ਰਾਜ ਸਭਾ ਅੰਦਰ ਇਕ ਸਵਾਲ ਦੇ ਦੌਰਾਨ ਜਵਾਬ ‘ਚ ਦੱਸਿਆ ਗਿਆ ਕਿ 2019 ਤੋਂ ਅੱਜ ਤਕ 32-ਹਜ਼ਾਰ ਵਿਦਿਆਰਥੀ ਉਚ ਸਿਖਿਆ-ਸੰਸਥਾਨਾਂ ‘ਚ ਵਿਦਿਆਰਥੀ ਪੜ੍ਹਾਈ ਵਿਚੋ ਹੀ ਛੱਡ ਕੇ ਚਲੇ ਗਏ। ਪਿਛਲੇ 5-ਸਾਲਾਂ ‘ਚ 98-ਵਿਦਿਆਰਥੀਆਂ ਨੇ ਖੁਦਕਸ਼ੀਆਂ ਕੀਤੀਆਂ। ਇਸੇ ਤਰਾਂ 2023  ਦੌਰਾਨ 20-ਘਟਨਾਵਾਂ ਹੋਰ ਖੁਦਕਸ਼ੀਆਂ ਕਰਨ ਦੀਆਂ ਸਾਹਮਣੇ ਆਈਆਂ। ‘ਕੋਟਾ` ਵਿਖੇ ਕੋਚਿੰਗ ਦੇ ਰਹੀਆਂ ਸੈਂਕੜੇ ਨਿਜੀ ਸੰਸਥਾਵਾਂ ਅੰਦਰ ਨਿਰੰਤਰ ਪੜਤਾਲ ਕਰਨ ਤੋਂ ਪਤਾ ਚੱਲਿਆ ਕਿ ਵਿਦਿਆਰਥੀਆਂ ਵਲੋਂ ਭਾਵਆਤਮਿਕ ਆਪਣੀ ਇਛਾ ਦੇ ਅਨੁਕੂਲ ਵੱਡੇ ਬਣਨ ਦੀ ਮ੍ਰਿਗ-ਤ੍ਰਿਸ਼ਨਾਂ ਲਈ ਦੌੜ ਲਾਈ। ਜਿਵੇਂ ਹੁੰਦਾ ਹੈ ਕਿ ਇਸ ਦੌੜ ਅੰਦਰ ਸਾਰਿਆ ਨੇ ਪਹਿਲੀ ਲਾਈਨ ‘ਚ ਨਹੀਂ ਆਉਣਾ ਹੁੰਦਾ ਹੈ, ਜਿਹੜੇ ਰਹਿ ਗਏ ਨਿਰਾਸ਼ਾ ਦੇ ਆਲਮ ‘ਚ ਜਾ ਕੇ ਖੁਦ-ਕਸ਼ੀਆ ਕਰ ਲੈਂਦੇ ਹਨ। ਮ੍ਰਿਗ-ਤ੍ਰਿਸ਼ਨਾਂ ਵਾਲਾ ਸੁਪਨਾ ਨੌਜਵਾਨਾਂ ਨੂੰ ਮਹਾਨ ਅਤੇ ਵੱਡਾ ਬਣਨ ਦਾ ਦਿਖਾ ਦਿਉ, ਰਾਜਸਤਾ ‘ਤੇ ਕਾਬਜ਼ ਸ਼ਕਤੀਆਂ ਦੀ ਹੀ ਦੇਣ ਹੈ ਜੋ ਕਦੀ ਪੂਰਾ ਨਹੀਂ ਹੁੰਦਾ।

ਸਿੱਖਿਆ ਦਾ ਨਿਜੀਕਰਨ ਅਤੇ ਕੋਚਿੰਗ ਸੈਂਟਰਾਂ ਦੇ ਖੋਲ੍ਹੇ ਹੱਥਾ ਦਾ ਜਾਲ ਸਭ ਹਾਕਮਾਂ ਦੀ ਖੇਡ ਹੈ। ਵਿਦਿਆਰਥੀਆਂ ਨੂੰ ਦੌੜ ‘ਚ ਪਾ ਦਿਉ, ਨੌਕਰੀਆਂ ਅਤੇ ਆਸਾਮੀਆਂ ਤਾਂ ਨਾ-ਮਾਤਰ ਹੀ ਹਨ। ਪਰ ਇਨ੍ਹਾਂ ਦੀ ਪ੍ਰਾਪਤੀ ਲਈ ਸਭ ਨੂੰ ਵੱਖ-ਵੱਖ ਰਾਹ ਦਿਖਾ ਕੇ ਦੁੜਕੀ ਪਾਈ ਜਾਵੋ ? ਪਹਿਲਾ ਵਿਦਿਆਰਥੀਆਂ ਦੀ ਸਿੱਖਿਆ ਸੰਸਥਾਵਾਂ ਰਾਹੀ ਲੁੱਟ ਕਰੋ, ਫਿਰ ਕੋਚਿਗ ਸੈਂਟਰਾਂ ਰਾਹੀਂ। ਇਹ ਪੈਦਾ ਕੀਤੀਆਂ ਨਿਜੀ  ਹੱਬਾ ਹਾਕਮਾਂ ਨੇ ਆਪਣੇ ਭਾਈਵਾਲਾਂ ਨੂੰ ਲੁੱਟਣ ਲਈ ਖੋਲ੍ਹ ਕੇ ਦਿਤੀਆਂ ਹਨ। ਸਭ ਲਈ ਸਿੱਖਿਆ, ਸਭ ਲਈ ਰੁਜ਼ਗਾਰ ਦੀ ਮੰਗ ਨੂੰ ਬੁਨਿਆਦੀ ਤੌਰ ‘ਤੇ ਖਤਮ ਕਰਨ ਲਈ ਇਹ ਨਿਜੀਕਰਨ ਦਾ ਇਕ ਅਹਿਮ ਹਥਿਆਰ ਹੈ। ਇਸ ਦੇ ਨਾਲ ਹੀ ਲੁੱਟਣ ਦਾ ਇਕ ਨਵਾਂ ਰਾਹ ਪੈਦਾ ਕਰ ਦਿੱਤਾ ਹੈ। ਵਿਦਿਆਰਥੀ ਆਪਣੇ ਸਥਾਨਕ ਸ਼ਹਿਰਾਂ ਦੇ ਸਕੂਲਾਂ ਅਤੇ ਕਾਲਜਾਂ ‘ਚ ਦਾਖਲ ਹਨ। ਪਰ ਉਹ ਕੋਚਿੰਗ ਸਾਰਾ ਸਾਲ ਉਨ੍ਹਾਂ ਸ਼ਹਿਰਾਂ ‘ਚ ਖੁਲ੍ਹੇ ਇਨ੍ਹਾਂ ਕੋਚਿੰਗ ਸੈਂਟਰਾਂ ਤੋਂ ਲੈ ਰਹੇ ਹਨ। ਸਿਖਿਆ ਮਹਿਕਮੇ, ਸਰਕਾਰਾਂ ਅਤੇ ਨਿਜੀ ਕੋਚਿੰਗ ਸੈਂਟਰਾਂ ਦੀ ਆਪਸੀ ਮਿਲੀ-ਭਗਤ ਦੀ ਲੁੱਟਣ ਲਈ ਇਕ ਵਚਿਤਰ ਲੀਲਾ ਹੈ। ਕੋਈ ਨਹੀਂ ਪੁਛਦਾ ! ਪਰ ਸ਼ੋਸ਼ਣ ਵਿਦਿਆਰਥੀਆਂ ਦਾ ਹੀ ਹੋ ਰਿਹਾ ਹੈ।ਨਿਜੀਕਰਨ ਹੋਣ ਕਾਰਨ ਇਹ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਹੜਾ ਵਿਦਿਆਰਥੀ ਕਿਹੜੇ ਕਾਲਜ ਵਿੱਚ ਪੜ੍ਹਦਾ ਹੈ ਤੇ ਕਿਥੋਂ ਕੋਚਿੰਗ ਲੈ ਰਿਹਾ ਹੈ ? ਕੌਣ ਪੜ੍ਹਾ ਰਿਹਾ ਹੈ, ਕੀ ਪੜ੍ਹਾਇਆ ਜਾ ਰਿਹਾ ਹੈ ? ਇਸ ਕਾਰਨ ਹੀ ਅਧਿਆਪਕ ਆਪਣੇ ਵਿਦਿਆਰਥੀ ਨੂੰ ਪਾਰਦਰਸ਼ੀ ਸਿੱਖਿਆ ਦੇਣ ਤੋਂ ਅਸਮਰਥ ਹੈ। ਨਿਸ਼ਾਨਾਂ ਇਕ ਹੀ ਕਿ ਕਿਵੇਂ ਮੁਕਾਬਲਾ ਜਿਤਿਆ ਜਾਵੇ, ਸੀਟ ਮਿਲ ਜਾਵੇ ? ਸਿੱਖਿਆ ਦਾ ਮਿਆਰ ਡਿਗੀ ਜਾਂਦਾ ਹੈ।

ਭਾਰਤ ਅੰਦਰ ਜਿਥੇ ਹਾਕਮਾਂ ਨੇ ਖੁਦ ਬੇਰੁਜ਼ਗਾਰੀ ਦੇ ਅੰਬਾਰ ਲਾ ਦਿਤੇ ਹਨ ਇਸ ਕਰਕੇ 21-ਵੀਂ ਸਦੀ ਦੇ ਵਿਦਿਆਰਥੀਆਂ ਲਈ  ਸਿੱਖਿਆ ਦੀ ਪ੍ਰਾਪਤੀ ਹੁਣ ਉਸਾਰੂ, ਪਾਰਦਰਸ਼ੀ ਅਤੇ ਤੰਦਰੁਸਤ ਵਿਚਾਰਾਂ ਵਾਲੀ ਨਹੀਂ ਹੈ। ਉਦਾਰੀਵਾਦੀ ਨੀਤੀਆ ਦੇ ਪ੍ਰਭਾਵ ਅਧੀਨ ਵਿਦਿਆਰਥੀ ਅਤੇ ਮਾਪਿਆ ਦੀ ਮਾਨਸਿਕਤਾ ਇਸ ਗਲ ਤੇ ਖੜ੍ਹ ਗਈ ਹੈ ਕਿ ਕਿਵੇਂ ਨਾ ਕਿਵੇਂ ਸਾਹਮਣੇ ਖੜੇ ਕੰਪੀਟੀਸ਼ਨ ‘ਚ ਚੰਗੇ ਨੰਬਰ ਲੈ ਕੇ ਪਾਸ ਹੋਣਾ ਹੈ ਤੇ ਨੌਕਰੀ ਪ੍ਰਾਪਤ ਕਰਨੀ ਹੈ! ਉਸ ਨੂੰ ਸਾਹਿਤ, ਸੱਭਿਆਚਾਰ ਅਤੇ ਦੇਸ਼ ਦੀ ਰਾਜਨੀਤਕ ਦਸ਼ਾ ਤੇ ਦਿਸ਼ਾ ਕੀ ਹੈ, ਨੂੰ ਸਮਝਣ ਦੀ ਨਾ ਲੋੜ ਹੈ ਤੇ ਨਾ ਹੀ ਪੜਾਈ ਜਾ ਰਹੀ ਹੈ ? ਉਸ ਦਾ ਨਿਸ਼ਾਨਾ ਸਿਰਫ ਇਕ ਹੀ ਹੈ ਕਿ ਕਿਵੇਂ ਸਲੈਕਟ ਹੋਣਾ ਹੈ। ਇਹੀ ਕਾਰਨ ਹੈ ਕਿ ਹਾਕਮਾਂ ਨੇ ਵੀ ਦੇਸ਼ ਦੀ ਸਿੱਖਿਆ ਨੂੰ ਉਸਾਰੂ ਬਣਾਉਣ ਦੀ ਥਾਂ ਬੁਤਾ-ਸਾਰੂ ਬਣਾ ਕੇ ਨਿਜੀ ਖਾਤੇ ‘ਚ ਪਾ ਕੇ ਪਿਛਾ ਛੁੜਾਇਆ ਤੇ ਜਿੰਮੇਵਾਰੀ ਤੋਂ ਮੁਕਤੀ ਪਾ ਲਈ ਹੈ। ਉਚ ਸਿੱਖਿਆ ਸੰਸਥਾਵਾਂ ‘ਚ ਵੱਧ ਰਹੀਆਂ ਖੁਦਕੁਸ਼ੀਆਂ ਅਤੇ ਵਿੱਚੋਂ ਹੀ ਪੜ੍ਹਾਈ ਛੱਡ ਦੇਣੀ ਦੇ ਅੰਕੜੇ ਦਿਨੋ-ਦਿਨ ਵੱਧ ਰਹੇ ਹਨ। ਇਹ ਸਾਨੂੰ ਹਾਕਮਾਂ ਨੇ ਨਿੱਜੀਕਰਨ ਰਾਹੀ ਤੋਹਫਾ ਦਿੱਤਾ ਹੈ। ਉੱਚ-ਸਿਖਿਆ ਲਈ ਹੁਣ ਕਿਉਂ ਨਹੀਂ ਵਿਦੇਸ਼ੀ ਵਿਦਿਆਰਥੀ ਭਾਰਤ ਆ ਰਹੇ ਹਨ, ਸਾਡੀਆਂ ਯੂਨੀਵਰਸਿਟੀਆਂ ਦੁਨੀਆਂ ਅੰਦਰ ਕਿਉ ਨਹੀਂ ਮੁਕਾਬਲੇ ਵਿੱਚ ਹਨ ? ਸਗੋਂ ਵਿਦਿਆਰਥੀ ਧੜਾ-ਧੜ ਬਾਹਰ ਜਾ ਰਹੇ ਹਨ।

ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ 2020 ਤਕ ਦੇਸ਼ ਅੰਦਰ 12526 ਵਿਦਿਆਰਥੀਆਂ ਨੇ ਖੁਦਕੁਸ਼ੀਆ ਕੀਤੀਆਂ। ਸਾਲ 2021 ਤਕ ਇਹ ਗਿਣਤੀ 13089 ਹੋ ਗਈ। ਜਿਨ੍ਹਾਂ ‘ਚ ਲੜਕੇ 56.54-ਫੀ ਸਦ ਅਤੇ ਲੜਕੀਆਂ 43.49-ਫੀ ਸਦ ਸਨ। 18-ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੀ ਉਮਰ ਵਿੱਚ 10732-ਕਿਸ਼ੋਰ ਜਿਨ੍ਹਾਂ ‘ਚ 864 ਨੇ ਇਮਤਿਹਾਨਾਂ ‘ਚ ਫੇਲ੍ਹ ਹੋਣ ਕਾਰਨ ਖੁਦਕਸ਼ੀ ਕੀਤੀ। ਸਾਲ 2021 ਦੀ ਇਹ ਰਿਪੋਰਟ ਸਮਾਜ ਨੂੰ ਝੰਜੋੜਨ ਵਾਲੀ ਸੀ। ਇਸ ਤਰ੍ਹਾਂ ਹਰ ਸਾਲ ਇਸ ਵਿੱਚ ਵਾਧਾ ਨੋਟ ਕੀਤਾ ਗਿਆ ਜੋ ਸਾਡੇ ਸਾਰਿਆ ਲਈ ਗੰਭੀਰ ਤੇ ਚਿੰਤਾਜਨਕ ਸਮੱਸਿਆ ਹੈ। ਸੰਸਾਰ ਸਿਹਤ ਸੰਸਥਾ ਦੇ ਮੁਤਾਬਿਕ ਖੁਦਕੁਸ਼ੀ ਇਕ ਹਿਰਦੇ ਵੇਦਕ ਕਦਮ ਹੈ ! ਜਿੰਦਗੀ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨੀ ਗੰਭੀਰ ਚਿੰਤਾ ਦਾ ਵਿਸ਼ਾ ਹੈ ! ਜਦੋਂ ਵਿਦਿਆਰਥੀ  ਗੈਹਰੇ ਮਾਨਸਿਕ ਤਨਾਅ ਵਿੱਚ ਚਲਾ ਜਾਂਦਾ ਹੈ ਤਾਂ ਉਹ ਅਜਿਹਾ ਕਦਮ ਚੁੱਕਦਾ ਹੈ। ਇਸ ਦੁਖਾਂਤ ਲਈ ਸਿਸਟਮ ਤੋਂ ਬਿਨਾਂ ਮਾਂ-ਬਾਪ ਅਤੇ ਅਧਿਆਪਕ ਵੀ ਦੋਸ਼ੀ ਹਨ। ਜਦੋਂ ਬਾਹਰੀ ਦਬਾਅ ਬੱਚੇ ‘ਤੇ ਉਸ ਦੀ ਸਮਰੱਥਾ, ਰੁੱਚੀ ਅਤੇ ਭਾਵਨਾਵਾਂ ਤੋਂ ਵੱਧ ਭਾਰ ਪਾ ਦਿਤਾ ਜਾਂਦਾ ਹੈ ਤਾਂ  ਉਹ ਇਸ ਨੂੰ ਚੁੱਕਣ ਦੇ ਕਾਬਲ ਨਾ ਹੋਵੇ ਤਾਂ ਫਿਰ ਵਿਦਿਆਰਥੀ ਅਜਿਹਾ ਕਦਮ ਚੁੱਕਦਾ ਹੈ। ਭਾਵੇਂ ਬਾਹਰੀ ਅਤੇ ਅੰਦਰੂਨੀ ਦੋਨੋ ਹਾਲਾਤਾਂ ਲਈ ਮੌਜੂਦਾ ਸਿਸਟਮ ਹੀ ਜਿੰਮੇਵਾਰ ਹੈ ! ਪਰ ਸਮਾਜ  ਨੂੰ ਵੀ ਚੁੱਪ ਨਹੀਂ ਬੈਠਣਾ ਚਾਹੀਦਾ ਹੈ।

ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕਰਨੀ ਜਿਨ੍ਹਾਂ ਨੇ ਜਿੰਦਗੀ ਦੇ ਇਕ ਲੰਬੇ ਸਫ਼ਰ ਲਈ ਅੱਗੇ ਵੱਧਣਾ ਸੀ, ਜਿਸ ਲਈ ਉਸ ਨੇ, ਉਸਦੇ ਪਰਿਵਾਰ ਅਤੇ ਕੌਮ ਦੀ ਉਸਾਰੀ ਦਾ ਇਕ ਮੁੱਢ ਬੱਝਣ ਦੇ ਸੁਨਹਿਰੀ ਰਾਹ ਵਾਲੇ ਭਵਿੱਖ ਦੀ ਆਸ ਰੱਖੀ ਸੀ ਦਾ ਚਲੇ ਜਾਣਾ ਕਿੰਨਾ ਮੰਦਭਾਗਾ ਹੋਵੇਗਾ ? ਇਹ ਹਾਕਮਾਂ ‘ਤੇ ਵੀ ਇਕ ਨਾ ਮਿਟਣ ਵਾਲਾ ਕਾਲਾ ਧੱਬਾ ਹੈ ਜੋ ਦੇਸ਼ ਦੀ ਜਵਾਨੀ ਨੂੰ ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੇ ਸਕੇ ? ਇਸ ਸਮੱਸਿਆ ਦੇ ਹੱਲ ਲਈ ਵਿਦਿਆਰਥੀਆਂ, ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਇਸ ਸਮਾਜ ਵਿੱਚ ਅਜਿਹੇ ਪ੍ਰੀਵਰਤਨ ਲਈ ਮਿਲਕੇ ਇਕ ਸੰਘਰਸ਼ ਵਿੱਢਣ ਲਈ ਤੱਤਪਰ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਜਿਥੇ ਸਭ ਲਈ ਸਿਖਿਆ ਅਤੇ ਸਭ ਲਈ ਰੁਜ਼ਗਾਰ ਦਾ ਮੁਢਲਾ ਅਧਿਕਾਰ ਅਤੇ ਹੱਕ ਹੋਵੇ! ਜਿਸ ਦੀ ਪੂਰਤੀ ਲਈ ਹਾਕਮਾਂ ਨੂੰ ਸੰਵਿਧਾਨ ਅੰਦਰ ਸਿਖਿਆ ਅਤੇ ਰੁਜ਼ਗਾਰ ਲਈ ਲਾਜਮੀ ਅਤੇ ਗ੍ਰੰਟੀ ਵਾਲਾ ਕਨੂੰਨ ਬਣਾਉਣ ਲਈ ਮਜਬੂਰ ਕੀਤਾ ਜਾਵੇ। ਮਰਨ ਦੀ ਥਾਂ ਉਹ ਸੰਘਰਸ਼ ਸਭ ਦੇ ਭਲੇ ਲਈ ਹੋਵੇਗਾ, ਹੱਕ ਲਈ ਲੜਨਾ ਮਰਨ ਨਾਲੋ ਬਿਹਤਰ ਰਾਹ ਹੈ !

ਜਗਦੀਸ਼ ਸਿੰਘ ਚੋਹਕਾ  

ਕੈਲਗਰੀ (ਕੈਨੇਡਾ) 

91-9217997445                                                                 

001-403-285-4208                                                              

Email-jagdishchohka@gmail.com 

 

ਸਾਂਝਾ ਕਰੋ

ਪੜ੍ਹੋ