ਮਣੀਪੁਰ ਕਿਉਂ ਸੜ ਬਲ ਰਿਹੈ…!/ਗੁਰਪ੍ਰੀਤ

ਮਣੀਪੁਰ ਵਿੱਚ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਰੁਕਣ ਦਾ ਜਿੱਥੇ ਨਾਮ ਨਹੀਂ ਲੈ ਰਹੀ, ਉੱਥੇ ਹੀ ਪਿਛਲੇ ਦਿਨੀਂ ਦੋ ਨਗਨ ਔਰਤਾਂ ਦੀਆਂ ਵੀਡੀਉਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਹਾਲਾਂਕਿ ਪੁਲਿਸ ਕਹਿੰਦੀ ਹੈ ਕਿ, ਇਹ ਵੀਡੀਓ ਇਸੇ ਸਾਲ ਦੇ ਮਈ ਮਹੀਨੇ ਦੇ ਪਹਿਲੇ ਹਫ਼ਤੇ ਦੀਆਂ ਹਨ, ਪਰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਕਿ, ਇਹ ਕਿੱਥੋਂ ਦੀਆਂ ਵੀਡੀਓ ਹਨ। ਵੱਡੀ ਗਿਣਤੀ ਵਿਚ ਭੀੜ ਦੋ ਔਰਤਾਂ ਨੂੰ ਖਿੱਚ-ਧੂਹ ਕੇ ਕਿਤੇ ਲਿਜਾ ਰਹੀ ਹੈ। ਵੀਡੀਓ ਦੇ ਨਿੱਕੇ ਜਿਹੇ ਕਲਿੱਪ ਨੇ ਪੂਰੇ ਦੇਸ਼ ਦੀਆਂ ਅੱਖਾਂ ਗਿੱਲੀਆਂ ਕਰ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਨ੍ਹਾਂ ਵੀਡੀਓ ਤੇ ਟਿੱਪਣੀ ਕਰਦੇ ਹੋਏ ਇਸ ਵੇਲੇ ਨਜ਼ਰੀਂ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ, ”ਮੇਰਾ ਦਿਲ ਪੀੜਾ ਤੇ ਗ਼ੁੱਸੇ ਨਾਲ ਭਰਿਆ ਹੋਇਆ ਹੈ।” ”ਪਾਪ ਕਰਨ ਵਾਲੇ, ਗੁਨਾਹ ਕਰਨ ਵਾਲੇ ਆਪਣੀ ਥਾਂ ‘ਤੇ ਹਨ ਪਰ ਬੇਇੱਜ਼ਤੀ ਪੂਰੇ ਦੇਸ਼ ਦੀ ਹੋ ਰਹੀ ਹੈ।” ਇੱਥੇ ਸਪੱਸ਼ਟ ਕਰਨਾ ਬਣਦਾ ਹੈ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਦੇ ਬਲਦੇ ਮਣੀਪੁਰ ਤੇ ਕਰੀਬ 79 ਦਿਨਾਂ ਬਾਅਦ ਬੋਲੇ।

ਵਿਰੋਧੀ ਦਲ ਵੀ ਇਸ ਘਟਨਾ ਤੇ ਬੋਲ ਰਹੇ ਨੇ ਅਤੇ ਮੰਗ ਕਰ ਰਹੇ ਨੇ ਕਿ, ਮਣੀਪੁਰ ਦੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ 78-79 ਦਿਨ ਕਿਉਂ ਨਹੀਂ ਬੋਲੇ, ਇਸ ਤੇ ਵੀ ਵਿਰੋਧੀ ਸਵਾਲ ਕਰ ਰਹੇ ਹਨ। ਪਰ, ਸਾਡਾ ਸਵਾਲ ਵਿਰੋਧੀ ਦਲਾਂ ਅਤੇ ਸੱਤਾਧਾਰੀਆਂ ਤੋਂ ਵੱਖਰਾ ਹੋਵੇਗਾ।

ਵੈਸੇ, ਜਿਸ ਮੁਲਕ ਦੇ ਅੰਦਰ ਧਾਰਮਿਕ ਗ੍ਰੰਥਾਂ ਦੇ ਵਿੱਚ ਔਰਤਾਂ ਪ੍ਰਤੀ ਸਤਿਕਾਰ ਦੀ ਭਾਵਨਾ ਹੋਵੇ, ਔਰਤ ਦੀ ਇੱਜ਼ਤ ਕਰਨੀ ਸਿਖਾਈ ਜਾਂਦੀ ਹੋਵੇ, ਉਸੇ ਮੁਲਕ ਦੇ ਵਿੱਚ ਜਦੋਂ ਔਰਤਾਂ ਦੀਆਂ ਨਗਨ ਵੀਡੀਓ ਸੋਸ਼ਲ ਮੀਡੀਆ ਤੇ ਘੁੰਮਣ ਤਾਂ, ਸਵਾਲ ਤਾਂ ਉੱਠਣਗੇ ਹੀ। ਇਹ ਮਸਲਾ ਇਕੱਲੇ ਮਣੀਪੁਰ ਦਾ ਮਸਲਾ ਨਹੀਂ, ਬਲਕਿ ਦੇਸ਼ ਦਾ ਮਸਲਾ ਹੈ।

ਔਰਤਾਂ ਨੂੰ ਬੇਇੱਜ਼ਤ ਕਰਕੇ, ਜਿਸ ਤਰ੍ਹਾਂ ਦੇ ਨਾਲ ਮਣੀਪੁਰ ਦੀਆਂ ਸੜਕਾਂ ਤੇ ਘੁਮਾਇਆ ਜਾ ਰਿਹਾ ਹੈ, ਉਹ ਨਿਚੋੜ ਕੇ ਰੱਖ ਦੇਣ ਵਾਲਾ ਹੈ। ਬੇਟੀ ਬਚਾਓ-ਬੇਟੀ ਪੜਾਓ ਦਾ ਨਾਅਰਾ ਦੇਣ ਵਾਲੀ ਸਰਕਾਰ ਇਸ ਵੇਲੇ ਬੇਟੀਆਂ ਨੂੰ ਹੀ ਕਿਉਂ ਬਚਾਉਣ ਲਈ ਅੱਗੇ ਨਹੀਂ ਆ ਰਹੀ? ਮਣੀਪੁਰ ਵੀ ਦੇਸ਼ ਦਾ ਹਿੱਸਾ ਹੈ, ਉੱਥੋਂ ਦੀਆਂ ਬੇਟੀਆਂ ਵੀ, ਦੇਸ਼ ਦੀਆਂ ਬੇਟੀਆਂ ਹਨ, ਫਿਰ ਉਨ੍ਹਾਂ ਨਾਲ ਵਿਤਕਰਾ ਕਿਉਂ?

ਜੰਮੂ-ਕਸ਼ਮੀਰ ਵਿੱਚੋਂ ਜਦੋਂ ਧਾਰਾ 370 ਅਤੇ 35-ਏ ਦਾ ਖ਼ਾਤਮਾ ਕੀਤਾ ਗਿਆ ਸੀ ਤਾਂ, ਉਸ ਵੇਲੇ ਸੱਤਾ-ਧਿਰ ਦੇ ਬਹੁ-ਗਿਣਤੀ ਲੀਡਰਾਂ ਨੇ ਕਸ਼ਮੀਰੀ ਕੁੜੀਆਂ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਵੈਸੇ, ਕਿੰਨੀ ਹੈਰਾਨੀ ਦੀ ਗੱਲ ਹੈ ਨਾ, ਇੱਕ ਪਾਸੇ ਤਾਂ ਅਸੀਂ ਕਸ਼ਮੀਰ ਅਤੇ ਮਣੀਪੁਰ ਨੂੰ ਆਪਣੇ ਮੁਲਕ ਦਾ ਹਿੱਸਾ ਸਮਝਦੇ ਹਾਂ ਅਤੇ ਦੂਜੇ ਪਾਸੇ ਉੱਥੋਂ ਦੀਆਂ ਔਰਤਾਂ ਪ੍ਰਤੀ ਗ਼ਲਤ ਨਜ਼ਰੀਆ ਰੱਖਦੇ ਹਾਂ।

ਮਣੀਪੁਰ ਵਿੱਚ ਮੈਤਈ ਤੇ ਕੁਕੀ ਭਾਈਚਾਰਿਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ। ਜਿਸ ਵੇਲੇ ਇਹ ਹਿੰਸਾ ਸ਼ੁਰੂ ਹੋਈ ਤਾਂ, ਉਸ ਵੇਲੇ ਕਿਸੇ ਨੇ ਅੰਦਾਜ਼ਾ ਨਹੀਂ ਸੀ ਲਾਇਆ ਕਿ, ਇਹ ਹਿੰਸਾ ਅਗਲੇ ਮਹੀਨਿਆਂ ਤੱਕ ਰੁਕਣ ਵਾਲੀ ਨਹੀਂ। ਜਿਹੜੀ ਵੀਡੀਓ ਹੁਣ ਮਣੀਪੁਰ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਉਹ ਮਣੀਪੁਰ ਪੁਲਿਸ ਮੁਤਾਬਿਕ ਇਸੇ ਸਾਲ ਦੇ ਮਈ ਮਹੀਨ ਦੇ ਪਹਿਲੇ ਹਫ਼ਤੇ ਦੀ ਹੈ। ਪੁਲਿਸ ਮੁਤਾਬਿਕ ਇਸ ਵੀਡੀਓ ਦੇ ਸਬੰਧ ਵਿਚ ਕੇਸ ਵੀ ਦਰਜ ਹੈ ਅਤੇ ਕੁੱਝ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।

ਕੁੱਝ ਮੀਡੀਆ ਰਿਪੋਰਟਾਂ ਕਹਿੰਦੀਆਂ ਹਨ ਕਿ, ਜਿਨ੍ਹਾਂ ਦੋ ਔਰਤਾਂ ਨੂੰ ਘੁਮਾਇਆ ਗਿਆ, ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਦਾ ਭੀੜ ਵੱਲੋਂ ਕਤਲ ਕਰ ਦਿੱਤਾ ਗਿਆ। ਇੱਕ ਔਰਤ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਵੀ ਹੋਇਆ। ਇਹ ਸਭ ਕੁੱਝ ਇਨ੍ਹਾਂ ਜ਼ਿਆਦਾ ਖ਼ਤਰਨਾਕ ਜਾਪ ਰਿਹਾ ਹੈ, ਜਿਵੇਂ ਅਸੀਂ ਕਿਸੇ ਹੋਰ ਹੀ ਮੁਲਕ ਦੇ ਅੰਦਰ ਰਹਿੰਦੇ ਹੋਈਏ।

ਭਾਵੇਂ ਕਿ ਇਹ ਵੀਡੀਓ ਬਹੁਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਹਟਾ ਦਿੱਤੀਆਂ ਗਈਆਂ ਹਨ, ਪਰ ਵਟਸਐਪ ਅਤੇ ਟੈਲੀਗ੍ਰਾਮ ਵਰਗੀਆਂ ਮੋਬਾਈਲ ਐਪਸ ਤੇ ਇਹ ਵੀਡੀਓ ਕਲਿੱਪ ਹਾਲੇ ਵੀ ਘੁੰਮ ਰਹੀ ਹੈ, ਜਿਸ ਵਿਚ ਔਰਤਾਂ ਭੀੜ ਦੇ ਅੱਗੇ ਅੱਗੇ ਦੌੜਦੀਆਂ ਵਿਖਾਈ ਦੇ ਰਹੀਆਂ ਹਨ।
ਵੈਸੇ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਭੀੜ ਵੱਲੋਂ ਔਰਤਾਂ ਨੂੰ ਇੰਝ ਘੁਮਾਇਆ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚੋਂ ਅਜਿਹੀਆਂ ਘਟਨਾਵਾਂ ਦੀਆਂ ਸੂਚਨਾਵਾਂ ਮਿਲ ਚੁੱਕੀਆਂ ਹਨ। ਜ਼ਿਆਦਾ ਦੂਰ ਨਾ ਜਾਈਏ ਤਾਂ ਹਾਥਰਸ ਕਾਂਡ ਨੂੰ ਤਾਂ ਅਸੀਂ ਭੁੱਲੇ ਨਹੀਂ ਹੋਵਾਂਗੇ। ਜਦੋਂ 19 ਸਾਲਾ ਇੱਕ ਲੜਕੀ ਪਸ਼ੂਆਂ ਦਾ ਚਾਰਾ ਲੈਣ ਲਈ ਇੱਕ ਖੇਤ ਗਈ ਸੀ।

ਚਾਰ ਆਦਮੀਆਂ ਤੇ ਦੋਸ਼ ਲੱਗਿਆ ਕਿ, ਕਥਿਤ ਤੌਰ ‘ਤੇ ਲੜਕੀ ਦਾ ਦੁਪੱਟਾ ਉਸ ਦੀ ਗਰਦਨ ਵਿੱਚ ਪਾ ਕੇ ਘੜੀਸ ਕੇ ਦੂਰ ਲੈ ਗਏ ਜਿਸ ਨਾਲ ਉਹ ਜ਼ਖ਼ਮੀ ਹੋ ਗਈ ਅਤੇ ਰੀੜ੍ਹ ਦੀ ਹੱਡੀ ਵਿੱਚ ਸੱਟ ਵੱਜੀ। ਮੀਡੀਆ ਰਿਪੋਰਟਾਂ ਕਹਿੰਦੀਆਂ ਹਨ ਕਿ, ਲੜਕੀ ਨਾਲ ਬਲਾਤਕਾਰ ਵੀ ਹੋਇਆ। ਗੰਭੀਰ ਜ਼ਖਮੀ ਲੜਕੀ ਨੂੰ 15 ਦਿਨਾਂ ਤੱਕ ਪਹਿਲਾਂ ਅਲੀਗੜ੍ਹ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦੀ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਬਾਅਦ ਵਿਚ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ।

ਪੁਲਿਸ ਅਨੁਸਾਰ ਪੀੜਤ ਲੜਕੀ ਦਾ ਉਸਦੇ ਦੁਪੱਟੇ ਨਾਲ ਗਲਾ ਘੁੱਟਿਆ ਗਿਆ ਸੀ। 29 ਸਤੰਬਰ 2020 ਨੂੰ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ, ਪੀੜਤ ਲੜਕੀ ਦਾ ਉਸਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਰਕਾਰ ਨੇ ਅਦਾਲਤ ਵਿੱਚ ਹਲਫ਼ਨਾਮਾ ਦਿੱਤਾ ਹੈ ਕਿ ਹਾਥਰਸ ਮਾਮਲੇ ਵਿੱਚ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ।

ਅਜਿਹੀਆਂ ਘਟਨਾਵਾਂ ਸਾਡੇ ਮੁਲਕ ‘ਤੇ ਕਲੰਕ ਵਾਂਗ ਹਨ। ਵੈਸੇ, ਜਿਨ੍ਹਾਂ ਦੋਸ਼ੀਆਂ ਨੂੰ ਹਾਕਮ ਧੜੇ ਦੀ ਸ਼ਹਿ ਹੋਵੇ, ਉਨ੍ਹਾਂ ਦਾ ਕੋਈ ਕੀ ਵਿਗਾੜ ਸਕਦੈ? ਮਣੀਪੁਰ ਵਿਚ ਵੀ ਇਸ ਤਰ੍ਹਾਂ ਹੀ ਹੋਇਆ ਜਾਪਦਾ ਹੈ। ਸਾਡੇ ਕੁੱਝ ਪੱਤਰਕਾਰਾਂ ਦੁਆਰਾ ਸਾਂਝੀਆਂ ਕੀਤੀਆਂ ਰਿਪੋਰਟਾਂ ਦੱਸਦੀਆਂ ਹਨ ਕਿ, ਇਸ ਵੇਲੇ ਜਿਨ੍ਹਾਂ ਦੀ ਆਬਾਦੀ ਮਣੀਪੁਰ ਵਿਚ ਜ਼ਿਆਦਾ ਹੈ, ਉਨ੍ਹਾਂ ਦੀ ਹੀ ਸੱਤਾ ਵਿਚ ਸਰਕਾਰ ਹੈ, ਉਹ ਲੋਕ ਮੰਗ ਕਰ ਰਹੇ ਹਨ ਕਿ, ਸਾਨੂੰ ਵੀ ਅਨੁਸੂਚਿਤ ਜਾਤੀ ਵਾਲਾ ਦਰਜਾ ਦਿੱਤਾ ਜਾਵੇ, ਜਦੋਂਕਿ ਕੂਕੀ ਸਮਾਜ ਇਸ ਦਾ ਵਿਰੋਧ ਕਰ ਰਿਹਾ ਹੈ।

ਪਰ, ਔਰਤਾਂ ਦੀਆਂ ਨਗਨ ਵੀਡੀਓ ਨੇ ਮਣੀਪੁਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਇੱਕ ਪਾਸੇ ਤਾਂ, ਜਦੋਂ ਮੁਲਕ ਦੇ ਕਿਸੇ ਗੈਰ-ਭਾਜਪਾ ਸਰਕਾਰ ਵਾਲੇ ਸੂਬੇ ਦੇ ਅੰਦਰ ਕੋਈ ਮਾਹੌਲ ਵਿਗੜਦਾ ਹੈ ਤਾਂ, ਉੱਥੇ ਕੇਂਦਰ ਆਪਣੀਆਂ ਫੋਰਸਾਂ ਨੂੰ ਭੇਜ ਦਿੰਦਾ ਹੈ, ਪਰ ਜਿਹੜੇ ਸੂਬਿਆਂ ਵਿਚ ਖੁਦ ਦੀ ਪਾਰਟੀ ਦੀ ਸਰਕਾਰ ਹੈ, ਉੱਥੇ ਅਜਿਹਾ ਸਖ਼ਤ ਕਦਮ ਨਹੀਂ ਚੁੱਕੇ ਜਾਂਦੇ। ਇੱਕ ਗੱਲ ਧਿਆਨਦੇਣ ਯੋਗ ਹੈ, ਜੇਕਰ ਪ੍ਰਧਾਨ ਮੰਤਰੀ ਨੂੰ ਵਾਕਿਆ ਹੀ ਮਣੀਪੁਰ ਦੀ ਫਿਕਰ ਹੁੰਦੀ ਤਾਂ, ਉਹ ਪਹਿਲੇ ਦਿਨ ਹੀ ਬੋਲਦੇ, ਜਦੋਂ ਮਾਮੂਲੀ ਹਿੰਸਾ, ਅੱਗ ਦਾ ਗੋਲਾ ਬਣੀ ਸੀ।

ਵੈਸੇ ਤਾਂ, ਜੇਕਰ ਸਰਕਾਰਾਂ ਸਖ਼ਤ ਹੋਣ ਤਾਂ ਕੋਈ ਕਿਵੇਂ ਐਨੇ ਵੱਡੇ ਅਪਰਾਧ ਨੂੰ ਅੰਜਾਮ ਦੇ ਸਕਦਾ ਹੈ? ਜਦੋਂ ਵੀ ਸਰਕਾਰਾਂ ਨੇ ਖ਼ਾਸ ਸਮਾਜ ਦੀ ਹਮਾਇਤ ਕੀਤੀ ਹੈ ਤਾਂ, ਉਕਤ ਸਮਾਜ ਦੂਜੇ ਸਮਾਜ ਨੂੰ ਕੁਚਲਨ ਦੀ ਕੋਸ਼ਿਸ਼ ਕਰਦਾ ਹੀ ਹੈ। ਭਾਰਤ ਵਿੱਚ ਅਜਿਹਾ ਹੋਣਾ ਤਾਂ, ਆਮ ਜਿਹੀ ਗੱਲ ਹੋ ਗਿਆ ਹੈ। ਭੀੜ ਨੂੰ ਨੱਥ ਪਾਉਣਾ ਸਰਕਾਰ ਦਾ ਕੰਮ ਹੁੰਦਾ ਹੈ, ਪਰ ਜੇਕਰ ਸਰਕਾਰ ਹੀ ਚੁੱਪ ਰਹਿ ਕੇ ਤਮਾਸ਼ਾ ਵੇਖਦੀ ਰਹੇਗੀ ਤਾਂ, ਸਮਾਜ ਇੰਝ ਹੀ ਸੜਦਾ ਬਲਦਾ ਰਹੇਗਾ।

ਅੱਜ ਵਿਰੋਧੀ ਧਿਰਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਹੈ ਕਿ, ਮਣੀਪੁਰ ਵਿੱਚ ਬਹੁਤ ਗ਼ਲਤ ਹੋ ਰਿਹਾ ਹੈ, ਪਰ ਸਵਾਲ ਸੱਤਾ-ਧਿਰ ਦੇ ਨਾਲ ਨਾਲ ਇਨ੍ਹਾਂ ਨੂੰ ਵੀ ਹੈ ਕਿ, ਜਦੋਂ ਤੁਹਾਡੀਆਂ ਸਰਕਾਰਾਂ ਸੱਤਾ ਵਿੱਚ ਹੁੰਦੀਆਂ ਹਨ ਤਾਂ, ਕੀ ਤੁਸੀਂ ਅਜਿਹਾ ਕੋਈ ਕਾਨੂੰਨ ਲੈ ਕੇ ਆਉਂਦੇ ਹੋ ਕਿ, ਔਰਤਾਂ ਨਾਲ ਅਜਿਹਾ ਵਿਵਹਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ?

ਅੱਜ ਮਣੀਪੁਰ ਦੇ ਜੋ ਹਾਲਾਤ ਹੋਏ ਹਨ, ਉਹ ਸਿਆਸੀ ਲੀਡਰਾਂ ਦੀ ਹੀ ਦੇਣ ਹੈ। ਜੇਕਰ ਸਮਾਂ ਰਹਿੰਦੇ ਇਸ ਮਸਲੇ ਨੂੰ ਸਾਲਾਂ ਪਹਿਲਾਂ ਹੀ ਸੁਲਝਾ ਲਿਆ ਗਿਆ ਹੁੰਦਾ ਤਾਂ, ਅੱਜ ਦੁਨੀਆ ਸਾਹਮਣੇ ਭਾਰਤ ਨੂੰ ਸ਼ਰਮ ਨਾਲ ਸਿਰ ਨਾ ਝੁਕਾਉਣਾ ਪੈਂਦਾ। ਦੁਨੀਆ ਭਰ ਦੇ ਵੱਡੇ ਮੀਡੀਆ ਅਦਾਰੇ ਇਸ ਵੇਲੇ ਮਣੀਪੁਰ ਦੀ ਘਟਨਾ ਨੂੰ ਗਰਾਊਡ ਤੋਂ ਦਿਖਾ ਰਹੇ ਹਨ, ਪਰ ਭਾਰਤ ਦੇ ਇੱਕ ਹਿੱਸੇ ਮੀਡੀਏ ਵਿੱਚੋਂ ਇਹ ਘਟਨਾ ਤਾਂ ਕੀ, ਮਣੀਪੁਰ ਹੀ ਗ਼ਾਇਬ ਹੈ।
ਜਾਣਕਾਰੀ ਲਈ ਦੱਸ ਦਿਆਂ ਕਿ, ਭਾਰਤ ਦਾ ਨਿੱਕਾ ਜਿਹਾ ਰਾਜ ਮਣੀਪੁਰ ਇਸ ਵੇਲੇ ਸੜ ਬਲ ਰਿਹਾ ਹੈ, ਪਰ ਇਸ ਸੜਦੇ ਬਲਦੇ ਮਣੀਪੁਰ ਨੂੰ ਬਚਾਉਣ ਲਈ ਨਾ ਤਾਂ ਸੱਤਾਧਾਰੀ ਕੁੱਝ ਕਰ ਰਹੇ ਹਨ ਅਤੇ ਨਾ ਹੀ ਕੇਂਦਰੀ ਸਰਕਾਰ। ਇਹ ਲੇਖ ਲਿਖਣ ਤੋਂ ਪਹਿਲਾਂ ਮੈਂ ਮਣੀਪੁਰ ਵਿਚਲੇ ਭਾਈਚਾਰਿਆਂ ਦੇ ਬਾਰੇ ਜਾਣਿਆ।

ਮਣੀਪੁਰ ਵਿੱਚ ਜ਼ਿਆਦਾਤਰ ਤਿੰਨ ਭਾਈਚਾਰੇ ਰਹਿੰਦੇ ਹਨ, ਮੈਤਈ, ਨਾਗਾ ਅਤੇ ਕੁਕੀ। ਇੱਥੇ ਬਹੁ-ਗਿਣਤੀ ਮੈਤਈ ਭਾਈਚਾਰੇ ਦੀ ਹੈ। ਪਿਛਲੇ ਲੰਮੇ ਸਮੇਂ ਤੋਂ ਮੈਤਈ ਭਾਈਚਾਰੇ ਦੀ ਮੰਗ ਰਹੀ ਹੈ ਕਿ, ਉਨ੍ਹਾਂ ਨੂੰ ਵੀ ਅਨੁਸੂਚਿਤ ਕਬੀਲੇ ਦਾ ਦਰਜਾ ਦਿੱਤਾ ਜਾਵੇ, ਜਦੋਂਕਿ ਬਾਕੀ ਭਾਈਚਾਰੇ ਮੈਤਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਇੱਕ ਨਿਊਜ਼ ਰਿਪੋਰਟ ਮੁਤਾਬਿਕ, ਮਣੀਪੁਰ ਦੇ ਕੁੱਲ 60 ਵਿਧਾਇਕਾਂ ਵਿੱਚੋਂ 40 ਵਿਧਾਇਕ ਮੈਤਈ ਭਾਈਚਾਰੇ ਦੇ ਹਨ। ਬਾਕੀ 20 ਨਾਗਾ ਅਤੇ ਕੂਕੀ ਕਬੀਲਿਆਂ ਤੋਂ ਆਉਂਦੇ ਹਨ। ਹੁਣ ਤੱਕ ਦੇ 12 ਮੁੱਖ ਮੰਤਰੀਆਂ ਵਿੱਚੋਂ ਸਿਰਫ਼ ਦੋ ਹੀ ਕਬੀਲਿਆਂ ਤੋਂ ਸਨ।

ਮੈਤਈ ਜ਼ਿਆਦਾਤਰ ਹਿੰਦੂ ਹਨ, ਨਾਗਾ ਅਤੇ ਕੂਕੀ ਜ਼ਿਆਦਾਤਰ ਈਸਾਈ ਹਨ। ਨਾਗਾ ਅਤੇ ਕੂਕੀ ਕੋਅ ਜਨ-ਜਾਤੀ ‘ਚ ਆਉਂਦੇ ਹਨ। ਕਰੀਬ 30-35 ਲੱਖ ਦੀ ਆਬਾਦੀ ਵਾਲੇ ਇਸ ਸੂਬੇ ਵਿਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਸ਼ੁਰੂ ਹੋਈ ਜੰਗ ਦੌਰਾਨ ਡੇਢ ਸੌ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਲਗਭਗ 60,000 ਤੋਂ ਜਿਆਦਾ ਲੋਕ ਬੇਘਰ ਹੋ ਚੁੱਕੇ ਹਨ।

ਕੁਕੀ ਸਮਾਜ ਦਾ ਕਹਿਣਾ ਹੈ ਕਿ, ਮੈਤਈ ਆਬਾਦੀ ਸੂਬੇ ਵਿੱਚ ਜ਼ਿਆਦਾ ਹੈ ਅਤੇ ਸਿਆਸਤ ਵਿਚ ਵੀ ਉਨ੍ਹਾਂ ਦਾ ਦਬਦਬਾ ਹੈ, ਜੇਕਰ ਉਨ੍ਹਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮਿਲਦਾ ਹੈ ਤਾਂ, ਉਹ ਇਸ ਦਾ ਲਾਭ ਲੈ ਕੇ, ਹੋਰਨਾਂ ਕਬੀਲਿਆਂ ਦੇ ਢਿੱਡ ਤੇ ਲੱਤ ਮਾਰਨਗੇ ਅਤੇ ਇਸ ਨਾਲ ਨੌਕਰੀਆਂ ਅਤੇ ਕਾਲਜਾਂ ਵਿਚ ਦਾਖ਼ਲਾ ਮਿਲਣ ਦੇ ਮੌਕੇ ਨਾਗਾ ਅਤੇ ਕੂਕੀ ਭਾਈਚਾਰੇ ਲਈ ਘੱਟ ਜਾਣਗੇ। ਜੇਕਰ ਦਰਜਾ ਮੈਤਈ ਭਾਈਚਾਰੇ ਨੂੰ ਮਿਲਦਾ ਹੈ ਤਾਂ, ਉਹ ਵੀ ਪਹਾੜਾਂ ‘ਤੇ ਜ਼ਮੀਨ ਖ਼ਰੀਦ ਸਕਣਗੇ।

ਦੂਜੇ ਪਾਸੇ, ਮੈਤਈ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਵੀ ‘ਜਨ-ਜਾਤੀ’ ਦਾ ਦਰਜਾ ਦਿੱਤਾ ਜਾਵੇ। ਮੈਤਈ ਭਾਈਚਾਰੇ ਦੀ ਦਲੀਲ ਹੈ ਕਿ 1949 ਵਿੱਚ ਮਣੀਪੁਰ ਨੂੰ ਭਾਰਤ ਵਿੱਚ ਮਿਲਾ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਮੈਤਈ ਨੂੰ ਇੱਥੇ ਇੱਕ ਕਬੀਲੇ ਦਾ ਦਰਜਾ ਪ੍ਰਾਪਤ ਸੀ। ਉਨ੍ਹਾਂ ਦੀ ਦਲੀਲ ਹੈ ਕਿ ਇਸ ਭਾਈਚਾਰੇ ਨੂੰ, ਉਨ੍ਹਾਂ ਦੇ ਪੁਰਖਿਆਂ ਦੀ ਜ਼ਮੀਨ, ਪਰੰਪਰਾ, ਸਭਿਆਚਾਰ ਅਤੇ ਭਾਸ਼ਾ ਦੀ ਰੱਖਿਆ ਲਈ ਮੈਤਈ ਨੂੰ ‘ਜਨ-ਜਾਤੀ’ ਦਰਜਾ ਦੇਣਾ ਜ਼ਰੂਰੀ ਹੈ।

ਮੈਤਈ ਭਾਈਚਾਰੇ ਅਤੇ ਕੂਕੀ ਭਾਈਚਾਰੇ ਵਿਚਾਲੇ ਸ਼ੁਰੂ ਹੋਈ ਜੰਗ ਕਦੋਂ ਮੁੱਕੇਗੀ, ਇਸ ਦਾ ਕੋਈ ਅਤਾ ਪਤਾ ਨਹੀਂ। ਸਰਕਾਰ, ਪ੍ਰਦਰਸ਼ਨਕਾਰੀਆਂ ਨੂੰ ਸ਼ੂਟ ਕਰਨ ਦਾ ਆਰਡਰ ਦੇ ਚੁੱਕੀ ਹੈ। ਕੇਂਦਰ ਸਰਕਾਰ ਦੇ ਬਹੁ-ਗਿਣਤੀ ਮੰਤਰੀ ਚੁੱਪ ਹਨ, ਕਾਂਗਰਸ ਤੇ ਹੋਰ ਵਿਰੋਧੀ ਦਲ ਵੀ ਇਸ ਵੇਲੇ ਨਹੀਂ ਬੋਲ ਰਹੇ।

ਔਰਤਾਂ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਵਿਰੋਧੀ ਦਲਾਂ ਨੇ ਵੀ ਬਿਆਨ ਦੇ ਕੇ ਪੱਲਾ ਝਾੜ ਦਿੱਤਾ, ਪਰ ਇਸ ਸਾਰੇ ਮਸਲੇ ਦਾ ਹੱਲ ਕੀ ਹੈ? ਕੌਣ ਕਰੇਗਾ ਇਸ ਮਸਲੇ ਦਾ ਹੱਲ? ਕੀ ਸਰਵ-ਉੱਚ ਅਦਾਲਤ ਇਸ ਮਾਮਲੇ ਨੂੰ ਸੁਲਝਾਏਗੀ? ਜਾਂ ਫਿਰ ਸਰਕਾਰ ਆਪਣੇ ਪੱਧਰ ਤੇ ਕੋਈ ਕਦਮ ਚੁੱਕੇਗੀ? ਕੀ ਜਿਨ੍ਹਾਂ ਦੀ ਆਬਾਦੀ ਸੱਤਾ-ਧਿਰ ਵਿੱਚ ਵੀ ਜ਼ਿਆਦਾ ਹੋਵੇ, ਉਨ੍ਹਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦੇ ਦੇਣਾ ਚਾਹੀਦਾ ਹੈ? ਖ਼ੈਰ, ਵਿਚਾਰਨ ਮਗਰੋਂ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ, ਪਰ ਜੇਕਰ ਹੁਣੇ ਇਸ ਮਾਮਲੇ ਤੇ ਗ਼ੌਰ ਨਾ ਕੀਤਾ ਗਿਆ ਤਾਂ, ਅਗਲਾ ਸਮਾਂ ਭਿਆਨਕ ਹੋ ਸਕਦਾ ਹੈ।

ਹੁਣ ਬੋਲਣ ਦਾ ਵੇਲਾ ਹੈ, ਨਾ ਕਿ ਮਗਰਮੱਛ ਦੇ ਹੰਝੂ ਵਹਾਉਣ ਦਾ। ਜੇਕਰ ਹੁਣ ਨਾ ਬੋਲੇ ਤਾਂ, ਭੀੜ ਆਉਂਦੇ ਸਮੇਂ ਵਿੱਚ ਅਜਿਹੇ ਘਟਨਾਕ੍ਰਮਾਂ ਨੂੰ ਅੰਜਾਮ ਦਿੰਦੀ ਰਹੇਗੀ। ਅੱਜ ਵੈਸੇ ਤਾਂ, ਹਰ ਕੋਈ ਮਣੀਪੁਰ ਦੀਆਂ ਔਰਤਾਂ ਦੀ ਵੀਡੀਓ ਵੇਖ ਕੇ ਰੋ ਰਿਹਾ ਹੈ, ਪਰ ਕੀ ਰੋਣ ਦੇ ਨਾਲ ਗੱਲ ਬਣੇਗੀ? ਅੱਜ ਵੀ ਸਾਡੇ ਸਮਾਜ ਵਿੱਚ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਔਰਤਾਂ ਦੀ ਅਜਿਹੀ ਸਥਿਤੀ ਸਾਡੇ ਹੀ ਸਿਸਟਮ ਨੇ ਬਣਾਈ ਹੈ।

ਸਾਡਾ ਸਮਾਜ ਭਾਵੇਂ ਕਿੰਨਾ ਹੀ ਪੜ੍ਹ ਲਿਖ ਗਿਆ ਹੈ, ਪਰ ਉਨ੍ਹਾਂ ਦੀ ਸੋਚ ਹਾਲੇ ਵੀ ਸੈਂਕੜੇ ਸਾਲ ਪੁਰਾਣੀ ਜਾਪਦੀ ਹੈ। ਨੂੰਹਾਂ ਨੂੰ ਅੱਜ ਵੀ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਿਆ ਜਾਂਦਾ ਹੈ। ਤਲਾਕਸ਼ੁਦਾ ਔਰਤਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਬਿਜਾਏ, ਸਾਡਾ ਸਮਾਜ ਅੱਜ ਵੀ ਉਨ੍ਹਾਂ ਨੂੰ ਤਾਹਨੇ ਮਿਹਣੇ ਮਾਰਦਾ ਹੈ। ਪਰ ਹੁਣ ਚੁੱਪ ਰਹਿਣ ਦਾ ਵੇਲਾ ਨਹੀਂ। ਅੱਜ ਬੋਲਣ ਦਾ ਵੇਲਾ ਹੈ। ਭਾਰਤ ਆਜ਼ਾਦ ਮੁਲਕ ਹੈ ਤਾਂ, ਬੋਲੋ- ਖੜੇ ਹੋਵੋ ਅਤੇ ਅਜਿਹੇ ਦਰਿੰਦਿਆਂ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾਉਣ ਦੀ ਮੰਗ ਅਦਾਲਤ ਕੋਲੋਂ ਕਰੋ ਤਾਂ, ਜੋ ਅੱਗੇ ਤੋਂ ਕੋਈ ਵੀ ਮਣੀਪੁਰ ਵਰਗੀ ਘਟਨਾ ਨੂੰ ਅੰਜਾਮ ਨਾ ਦੇ ਸਕੇ।

-ਗੁਰਪ੍ਰੀਤ
09569820314

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...