ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਕਿਸਾਨ ਆਗੂ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਅਗਾਮੀ ਅਸੈਂਬਲੀ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਉਹ ਖੁ਼ਦ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਕੌਮੀ ਰਾਜਧਾਨੀ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁਜ਼ੱਫ਼ਰਨਗਰ ਵਿੱਚ ਸਤੰਬਰ ਮਹੀਨੇ ਮਹਾਪੰਚਾਇਤ ਹੋਵੇਗੀ, ਜਿਸ ਵਿੱਚ ਭਵਿੱਖੀ ਰਣਨੀਤੀ ਉਲੀਕੀ ਜਾਵੇਗੀ। ਇਸ ਮਹਾਪੰਚਾਇਤ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਕਿਸਾਨ ਸ਼ਾਮਲ ਹੋਣਗੇ। ਸ੍ਰੀ ਟਿਕੈਤ ਨੇ ਸਵਾਲ ਕੀਤਾ ਕਿ ਕੀ ਚੋਣ ਲੜਨਾ ਗ਼ਲਤ ਹੈ? ਵੋਟ ਪਾਉਣ ਵਾਲੇ ਵੀ ਚੋਣ ਲੜਨ ਦਾ ਫ਼ੈਸਲਾ ਕਰ ਸਕਦੇ ਹਨ!’ ਜਿਸ ਨੇ ਚੋਣਾਂ ਲੜਨੀਆਂ ਹੋਣ ਉਹ ਲੜ ਸਕਦਾ ਹੈ ਉਸ ਨੂੰ ਰੋਕ ਨਹੀਂ ਸਕਦੇ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਸਪਸ਼ਟ ਕਰ ਚੁੱਕਾ ਹੈ ਕਿ ਉਹ ਕਿਸਾਨ ਆਗੂ ਦੇ ਇਸ ਬਿਆਨ ਨਾਲ ਇਤਫ਼ਾਕ ਨਹੀਂ ਰੱਖਦਾ