(ਵਿਅੰਗ)/ “ਲਾਲ ਟਮਾਟਰ ਨੇ ਕਰ ਦਿਤੇ ਰੰਗ ਪੀਲੇ” / ਪ੍ਰੋ. ਜਸਵੰਤ ਸਿੰਘ ਗੰਡਮ

ਪਿਛਲੇ ਸਾਲ ਜਦ ਪੀਲੇ ਰੰਗ ਵਾਲੇ ਨਿੰਬੂ  ਦੇ ਰੇਟ ਅੰਬਰ-ਛੂੰਹਣ ਲਗੇ ਤਾਂ ਗੁੱਸੇ ‘ਚ ਲੋਕੀਂ ਲਾਲ-ਪੀਲੇ ਹੋ ਗਏ ਸਨ ‘ਤੇ ਸਾਡੀ ਦਿਲਰੁਬਾ ਸਾਡਾ ਇਹ ਕਹਿੰਦਿਆਂ ਪਿੱਟ-ਸਿਆਪਾ ਕਰਨ ਲਗ ਪਈ ਸੀ ਕਿ ‘ਰਸੀਆ ਨਿੰਬੂ ਲਿਆ ਦੇ ਵੇ ਮੇਰੇ ਪੈਂਦੀ ਕਲੇਜੇ ਪੀੜ’, ਅਤੇ ਐਤਕੀਂ ਲਾਲ ਟਮਾਟਰ ਨੇ ਸਭ ਦੇ ਰੰਗ ਪੀਲੇ ਕਰ ਦਿਤੇ ਹਨ! ਬਸ ਰੰਗ ਉਡਾ ਈ ਛਡੇ ਹਨ!

ਪਿਛੇ ਜਿਹੇ ਤਾਂ ‘ਚੈਰੀ ਟਮਾਟਰ’ ਦਾ ਭਾਅ ਹੀ 300 ਰੁਪਏ ਕਿਲੋ ਹੋ ਗਿਐ!ਇਹ ਟਮਾਟਰ ‘ਚੈਰੀ’ ਦੇ ਆਕਾਰ ਦਾ ਨਿਕਚੂ ਜਿਹਾ ਹੁੰਦੈ ਅਤੇ ਆਮ ਔਸਤ ਆਕਾਰ ਦਾ ਇਕ ਟਮਾਟਰ ਇਸ ਦੇ 4 ਟਮਾਟਰਾਂ ਬਰਾਬਰ ਹੁੰਦੈ(ਵਡ-ਆਕਾਰੀ 5-6 ਦੇ ਬਰਾਬਰ ਵੀ ਹੋ ਸਕਦੈ)।

ਸਾਡੀ ਉਮਰ ਦੇ ਲੋਕਾਂ(70 ਪਲੱਸ) ਨੇ ਬਚਪਨ ਵਿਚ ਕਦੀ ਸੇਬ ਦਾ ਨਾਮ ਤਕ ਨਹੀਂ ਸੁਣਿਆਂ ਸੀ,ਦੇਖਣਾ ਤਾਂ ਭਲਾ ਕੀ ਸੀ।ਸੋ,ਸਾਡੇ ਵੇਲੇ ਕਿਸੇ ਗੋਭਲੂ ਜਿਹੇ,ਲਾਲ ਗਲ੍ਹਾਂ ਵਾਲੇ ਬੱਚੇ ਨੂੰ ‘ਟਮਾਟਰ ਵਰਗਾ ਲਾਲ’ ਕਹਿ ਕੇ ਵਡਿਆਉਂਦੇ ਸਨ।ਆਹ ‘ਏ ਫਾਰ ਐਪਲ’ ਵਾਲੀ ਪ੍ਰਜਾਤੀ ਤਾਂ ਦਹਾਕਿਆਂ ਮਗਰੋਂ ਆਈ।ਅਸੀਂ ਤਾਂ ‘ਊੜਾ ਊਠ,ਐੜਾ ਅਨਾਰ’ ਵਾਲੀ ਸ਼੍ਰੇਣੀ ਦੇ ਬਚਪਨ ਵਾਲੇ ਬੰਦੇ ਹਾਂ।ਇਸ ਲਈ ਕਦੀ ਮੁਢਲੀਆਂ ਕਲਾਸਾਂ ਵਿਚ ਵੀ ਸੇਬ ਦਾ ਨਾਮ ਨਹੀਂ ਸੀ ਸੁਣਿਆਂ।ਖੈਰ,ਸੁਣ ਕੇ ਵੀ ਕੀ ਕਰਨਾ ਸੀ?ਕਸ਼ਮੀਰੀ ਸੇਬ ਵਰਗਾ ਤਾਂ ਕੀ,ਸਾਡਾ ਤਾਂ ਰੰਗ ਵੀ ਤਵੇ ਦੇ ਪਿਛਲੇ ਪਾਸੇ ਵਰਗੈ!

ਪਰ ਸਾਡੇ ਵੇਲੇ ਪਿੰਡਾਂ ‘ਚ ਟਮਾਟਰ ਘਰ ਘਰ ਲਗੇ ਹੁੰਦੇ ਸਨ।ਨਲਕੇ ਲਾਗਲੀ ਥੋੜੀ ਜਿਹੀ ਥਾਂ ਉਪਰ ਇਸ ਨੂੰ ਬੀਜ ਦਈਦਾ ਸੀ।ਮੂਲੀ,ਮਿਰਚ ਆਦਿ,ਜੋ ਇਸ ਦੀਆਂ ਭੈਣਾਂ ਹੀ ਹਨ, ਵੀ ਓਥੇ ਹੀ ਉਗਾ ਲਈਦੀਆਂ ਸਨ।ਖੇਤਾਂ ਵਿਚ ਤਾਂ ਕਿਸਾਨ ਵੱਡੇ ਪਧਰ ‘ਤੇ ਬੀਜਦੇ ਸਨ।ਇਹ ਬੜੀ ਨਿਗੂਣੀ ਜਿਹੀ,ਆਮ ਜਿਹੀ ਸਬਜ਼ੀ ਜਾਂ ਸਬਜ਼ੀ-ਭਾਜੀ ਵਿਚ ਵਰਤੀ ਜਾਣ ਵਾਲੀ ਸ਼ੈਅ ਸਮਝੀ ਜਾਂਦੀ ਸੀ।ਇਹ ਤਾਂ ਵਡੇ ਹੋ ਕੇ ਪਤਾ ਲਗਾ ਕਿ ਟਮਾਟਰ ਤਾਂ ਫਲ ਹੈ,ਸਬਜ਼ੀ ਨਹੀਂ!(ਭਾਵੇਂ ਇਸ ਵਾਰੇ ਭੰਭਲਭੂਸਾ ਹੀ ਹੈ,ਭਾਰਤ ਵਿਚ,ਖਾਸ ਕਰਕੇ ਦਿਹਾਤੀ ਇਲਾਕਿਆਂ ਵਿਚ, ਇਹ ਸਬਜ਼ੀ ਦਾ ਭਾਗ ਹੀ ਸਮਝਿਆ ਜਾਂਦੈ)।

‘ਤੇ ਹੁਣ ਆਮ ਸੇਬ ਨਾਲੋਂ ਟਮਾਟਰ ਮਹਿੰਗਾ ਹੋਈ ਬੈਠੈ!ਗਰੀਬ ਨੇ ਤਾਂ ਭਲਾ ਇਸ ਨੂੰ ਹੁਣ ਕੀ ਖਾਣੈ,ਨਿਮਨ ਮਧ ਸ਼੍ਰੇਣੀ ਵੀ ਇਸ ਦਾ ਆਸਮਾਨ-ਛੂੰਹਦਾ ਭਾਅ ‘ਅਫੌਰਡ’ ਨਹੀਂ ਕਰਦੀ। ਟਮਾਟਰ ਹੁਣ ‘ਸ਼੍ਰੀਮਾਨ ਟਮਾਟਰ ਸਾਹਿਬ’ ਬਣ ਗਏ ਹਨ!’ਵੀ.ਆਈ.ਪੀ’. ਹੋ ਗਏ ਹਨ ! ਹੋ ਸਕਦੈ ਇਹਨਾਂ ਨੂੰ ‘ਗਿਫਟ’ ਦੇ ਰੂਪ ਵਿਚ ਵੀ ਦਿਤਾ ਜਾਣ ਲਗ ਪਵੇ!ਹੜਾਂ ਕਾਰਨ ਇਹਨਾਂ ਦਾ ਰੇਟ ਦਰਿਆਵਾਂ ਦੇ ਚੜ੍ਹਦੇ ਪਾਣੀਆਂ ਵਾਂਗ ਹੋਰ ਚੜ੍ਹ ਸਕਦੈ ਅਤੇ ਖੇਤੀ ਵਿਚ ਕਾਰੋਬਾਰ ਕਰਨ ਵਾਲਾ ਕਾਰਪੋਰੇਟ ਸੈਕਟਰ ਇਸ ਨੂੰ ਸਟੋਰ ਕਰਕੇ ਨਕਲੀ ਕਿੱਲਤ ਵੀ ਪੈਦਾ ਕਰ ਸਕਦੈ ਤਾਂ ਕਿ ਲੋਕਾਂ ਨੂੰ ਰੱਜ ਕੇ ਲੁਟਿਆ ਜਾ ਸਕੇ।

ਸਾਡੇ ਵੇਲੇ ਪਿੰਡਾਂ ਵਿਚ ਟਮਾਟਰ ਨੂੰ ‘ਟਮਾਟਾ’ ਕਹਿੰਦੇ ਸਨ ‘ਤੇ ਇਸ ਦਾ ਬਹੁਬਚਨ ‘ਟਮਾਟੇ’ ਸੀ।ਮੈਂ ਜਦ ਸ਼ਬਦ-ਵਿਗਿਆਨ ਦੇ ਸਰੋਤਾਂ ‘ਚੋਂ ਟਮਾਟਰ ਵਾਰੇ ਪੜ੍ਹ ਰਿਹਾ ਸੀ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਸ ਦਾ ਮੌਲਿਕ ਸ਼ਬਦ ਵੀ ‘ਟਮਾਟੇ’ ਵਰਗਾ ਹੀ ਹੈ,ਬਸ ਐਨਾ ਕੁ ਫਰਕ ਹੈ ਕਿ ਇਹ ਸ਼ਬਦ ‘ਟੋਮਾਟੇ’ ਹੈ! ਇਸ ਵਾਰੇ ਕਈ ਹੋਰ ਰੌਚਿਕ ਗਲਾਂ ਦਾ ਵੀ ਪਤਾ ਲਗਾ।

ਕੋਲਿਨਜ਼ ਇੰਗਲਿਸ਼ ਡਿਕਸ਼ਨਰੀ,ਔਕਸਫੋਰਡ ਲੈਂਗੁਏਜਿਜ਼ ਅਤੇ ਵਿੱਕੀਪੀਡੀਆ ਅਨੁਸਾਰ ਅੰਗਰੇਜ਼ੀ ਦਾ ਸ਼ਬਦ ਟੋਮੈਟੋ(ਟਮਾਟਰ) ਨਾਹੁਆਟਲ ਦੇ ਸ਼ਬਦ ‘ਟੋਮੈਟਲ’ ਤੋਂ ਫਰਾਂਸਿਸੀ,ਸਪੇਨੀ ਅਤੇ ਪੁਰਤਗਾਲੀ ਭਾਸ਼ਾਵਾਂ ਦੇ ‘ਟੋਮਾਟੇ’ ਤੋਂ ਹੁੰਦਾ ਹੋਇਆ ਆਪਣੇ ਮੌਜੂਦਾ ਰੂਪ ‘ਚ ਪੁਜਾ।

ਟਮਾਟੇ ਸ਼ਬਦ ਦਾ ਅਰਥ ਫੁੱਲਿਆ ਫਲ਼,ਮੋਟੀ ਚੀਜ਼ ਜਾਂ ਭਾਰਾ ਪਾਣੀ ਹੈ।

ਟਮਾਟਰ ਹੈ ਤਾਂ ਫਲ ਪਰ ਇਸ ਦੀ ਯਾਰੀ ਸਬਜ਼ੀਆਂ-ਸਲਾਦਾਂ-ਸੂਪਾਂ ਨਾਲ ਹੈ।ਇਸ ਦਾ ਵਿਗਿਆਨਕ ਨਾਮ ‘ਸੋਲਨਮ ਲਾਈਕੋਪਰਸੀਕਮ’ ਹੈ ਅਤੇ ਇਹ ‘ਸੋਲੇਨੇਸੀ’ ਪਰਿਵਾਰ ਵਿਚੋਂ ਹੈ।ਇਸ ਨੂੰ ਬੋਟੈਨੀਕਲੀ  ‘ਬੇਰੀਜ਼ ਫਲ’ ਵਜੋਂ ਸ਼ਰੇਣੀਬੱਧ ਕੀਤਾ ਗਿਐ।ਇਹ ਸਬਜ਼ੀਆਂ ਵਿਚ ਵਰਤੇ ਜਾਣ ਦੇ ਨਾਲ ਨਾਲ ਆਪ ਵੀ ਸਬਜ਼ੀ ਵਜੋਂ ਪਕਾ ਕੇ ਖਾਧਾ ਜਾਂਦਾ ਹੈ।ਬਚਪਨ ਵਿਚ ਅਸੀਂ ਅਕਸਰ ਟਮਾਟਰ ਕਟ ਕੇ,ਥੋੜਾ ਲੂਣ ਭੁਕ ਕੇ,ਇਸ ਨਾਲ ਚਟਖਾਰੇ ਮਾਰ ਮਾਰ ਰੋਟੀ ਖਾਂਦੇ ਰਹੇ ਹਾਂ।ਇਹ ਸੁਆਦ ਵਜੋਂ ਕੁਝ ਤੁਰਸ਼ ਹੁੰਦੈ।ਇਹ ਸੁਆਦ,ਲੱਜ਼ਤ,ਰੰਗ ਅਤੇ ਖਾਸ ਕਿਸਮ ਦੇ ‘ਫਲੇਵਰ’ ਲਈ ਵਰਤਿਆ ਜਾਂਦਾ ਹੈ।ਟਮੈਟੋ ਸੂਪ ਤਾਂ ਅੱਜ ਕੱਲ੍ਹ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੈ।ਟੋਮਾਟੋ ਕੈਚਅੱਪ,ਟੋਮਾਟੋ ਚਟਨੀ,ਟੋਮੈਟੋ ਸੌਸ ਤਾਂ ਬਹੁਤ ਹੀ ਪ੍ਰਚਲਤ ਹਨ।ਸਲਾਦ ਦਾ ਤਾਂ ਇਹ ਅਨਿੱਖੜਵਾਂ ਅੰਗ ਹੈ।

ਟਮਾਟਰ ਪਹਿਲੇ ਪਹਿਲ ਪੱਛਮੀ-ਦੱਖਣੀ ਅਮੈਰਿਕਾ,ਮੈਕਸੀਕੋ ਅਤੇ ਕੇਂਦਰੀ ਅਮੈਰਿਕਾ ਤੋਂ ਉਤਪੰਨ ਹੋਇਆ ਦਸਿਆ ਜਾਂਦੈ।ਇਸ ਦੇ ਜੰਗਲੀ ਪੁਰਖੇ ਮਟਰ ਆਕਾਰ ਦੇ ਸਨ।ਸ਼ੁਰੂ ਸ਼ੁਰੂ ਵਿਚ ਫਰਾਂਸ,ਇਟਲੀ ਤੇ ਉੱਤਰੀ ਯੂਰਪ ਵਿਚ ਇਸ ਨੂੰ ਇਕ ਸ਼ਿੰਗਾਰਦਾਰ ਪੌਦੇ(ਔਰਨਾਮੈਂਟਲ ਪਲਾਂਟ) ਦੇ ਤੌਰ ਤੇ ਵਰਤਿਆ ਜਾਂਦਾ ਸੀ। ਪਹਿਲੀ ਵਾਰ ਇਸ ਨੂੰ ਘਰੇਲੂ ਸਬਜ਼ੀ ਦੇ ਰੂਪ ਵਿਚ ‘ਐਜ਼ਟੈਕਸ’ ਅਤੇ ‘ਮੇਸੋਆਮੈਰਿਕਾ’ ਲੋਕਾਂ ਨੇੇ ਵਰਤਣਾ ਸ਼ੁਰੂ ਕੀਤਾ।ਉਹਨਾਂ ਨੇ ਇਸ ਫਲ ਨੂੰ ਤਾਜ਼ਾ ਵੀ ਤੇ ਪਕਾ ਕੇ ਵੀ ਖਾਣਾ ਆਰੰਭ ਕੀਤਾ।ਐਜ਼ਟੈਕਸ ਲੋਕਾਂ ਨੇ ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਕਸਤ ਕੀਤੀਆਂ ਅਤੇ ਉਗਾਈਆਂ।

ਯੂਰਪ ਵਿਚ ਇਸ ਦੀ ਖੇਤੀ ਨੂੰ ਸਪੇਨ ਨੇ ਸੋਲਵੀਂ ਸਦੀ ‘ਚ ਪ੍ਰਚਲਤ ਕੀਤਾ।ਇਥੇ ਇਹ 1550 ਈਸਵੀ ਵਿਚ ਪੁੱਜਾ।ਪਰ ਸਭ ਤੋਂ ਪਹਿਲਾਂ ਮੈਕਸੀਕਨ ਲੋਕਾਂ ਨੇ ਇਸ ਦੀ ਵਿਧੀ ਵਧ ਢੰਗ ਨਾਲ ਖੇਤੀ ਆਰੰਭ ਕੀਤੀ।ਕੁਝ ਸਰੋਤ ਇਹ ਵੀ ਦਾਅਵਾ ਕਰਦੇ ਹਨ ਕਿ 500  ਈਸਵੀ ਵੇਲੇ ਵਿਚ ਟਮਾਟਰ ਦੱਖਣੀ ਮੈਕਸੀਕੋ ਵਿਚ ਉਗਾਇਆ ਜਾਂਦਾ ਸੀ!ਮੂਲ ਮੈਕਸੀਨ ਵਾਸੀ ਇਸ ਨੂੰ ‘ਟੋਮੈਟਿਲੋ’ ਸਦਦੇ ਸਨ ਜੋ ਟੋਮਾਟੇ ਦਾ ਹੀ ਰੂਪ ਹੈ।ਕੁਝ ਸਰੋਤ ਇਹ ਮੰਨਦੇ ਹਨ ਕਿ ਮੂਲ ਰੂਪ ਵਿਚ ਟਮਾਟਰ ਦੱਖਣੀ ਅਮਰੀਕਾ ਦੇ ਪੇਰੂ ਤੋਂ ਆਇਐ।ਉਂਝ ਸਭ ਤੋਂ ਪਹਿਲਾਂ ਰੀਝ ਨਾਲ ਇਸ ਨੂੰ ਇਟਲੀ ਦੇ ਲੋਕਾਂ ਨੇ ਅਪਣਾਇਆ।

ਭਾਰਤ ਵਿਚ ਟਮਾਟਰ ਅਠਾਰਵੀਂ ਸਦੀ ਵਿਚ ਅੱਪੜਿਆ। ਕੁੱਕਬੁੱਕਸ ਦਸਦੀਆਂ ਹਨ ਕਿ ਭਾਰਤੀਆਂ ਨੇ ਇਸ ਨੂੰ ਜੱਕੋਂ-ਤੱਕੀ ਜਿਹੀ ‘ਚ ਅਪਣਾਇਆ।ਇਸ ਦੀ ਆਮਦ ਤੋਂ ਪਹਿਲਾਂ ਭਾਰਤੀ ਸਬਜ਼ੀ ਵਿਚ ਖੱਟਾਸ ਵਾਲਾ ਸੁਆਦ ਪੈਦਾ ਕਰਨ ਲਈ ਦਹੀਂ,ਇਮਲੀ ਜਾਂ ਨਿੰਬੂ ਵਰਤਦੇ ਸਨ।ਇਹ ਤਿੰਨੋਂ ਅਜੇ ਵੀ ਕਈ ਘਰਾਂ ਵਿਚ ਵਰਤੇ ਜਾਂਦੇ ਹਨ।

ਸ਼ੁਰੂ ਸ਼ੁਰੂ ਵਿਚ ਇੰਗਲੈਂਡ ਵਾਸੀਆਂ ਨੇ ਇਸ ਦਾ ਸਵਾਗਤ ਨਹੀਂ ਸੀ ਕੀਤਾ।ਉਹ ਇਸ ਨੂੰ ਜ਼ਹਿਰੀਲਾ ਸਮਝਦੇ ਸਨ ਕਿਉਂਕਿ ਇਸ ਦਾ ਸਬੰਧ ਇਕ ਜ਼ਹਿਰੀਲੇ ਪੌਦੇ ਬੈਲਾਡੌਨਾ ਨਾਲ ਸੀ।ਲੋਕਥਾਵਾਂ ਅਨੁਸਾਰ ਇੰਗਲੈਂਡ ਵਿਚ ਪਹਿਲਾਂ ਪਹਿਲ ਇਸ ਨੂੰ ਬਲਾਵਾਂ\ਚੁੜੇਲਾਂ ਦੀ ਸ਼ਰਾਬ ਲਈ ਅਤੇ ਰਾਖਸ਼ਿਸਾਂ,ਜਿਹੜੇ ਇੱਛਾ ਅਨੁਸਾਰ ਮਨੁੱਖ ਅਤੇ ਬਘਿਆੜ ਬਚ ਸਕਦੇ ਸਨ,ਨੂੰ ਬੁਲਾਉਣ ਲਈ ਵਰਤਿਆ ਜਾਂਦਾ ਸੀ!

ਅਮਰੀਕਾ ਵਾਲਿਆਂ ਨੂੰ ਵੀ 1893 ਤਕ ਇਸ ਗਲ ਵਾਰੇ ਯਕੀਨ ਨਹੀਂ ਸੀ ਕਿ ਇਹ ਸਬਜ਼ੀ ਹੈ ਜਾਂ ਫਲ।ਅਮਰੀਕੀ ਸਰਕਾਰ ਨੇ ਆਪਣੇ ਕਿਸਾਨਾਂ ਦੀ ਹਿਫਾਜ਼ਤ ਲਈ ਆਯਾਤ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਉਪਰ 10% ਟੈਕਸ ਲਗਾ ਦਿਤਾ।ਟਮਾਟਰਾਂ ਦੇ ਇਕ ਅਯਾਤਕਰਤਾ 1887 ਵਿਚ ਇਸ ਵਿਰੁਧ ਕੇਸ ਕਰ ਦਿਤਾ।ਉਸ ਨੇ ਇਹ ਦਲੀਲ ਦਿਤੀ ਕਿ ਟਮਾਟਰ ਇਕ ਫਲ ਹੈ,ਨਾ ਕਿ ਸਬਜ਼ੀ,ਇਸ ਲਈ ਇਸ ਨੂੰ ਟੈਕਸ ਤੋਂ ਛੋਟ ਦਿਤੀ ਜਾਵੇ।ਹੇਠਲੀ ਅਦਾਲਤ ‘ਚੋਂ ਕੇਸ ਸੁਪਰੀਮ ਕੋਰਟ ਵਿਚ ਪੁਜ ਗਿਆ,ਜਿਥੇ ਇਸ ਨੂੰ ਇਕ ਸਬਜ਼ੀ ਵਜੋਂ ਪ੍ਰੀਭਾਸ਼ਤ ਕੀਤਾ ਗਿਆ।ਸਰਬਉੱਚ ਅਦਾਲਤ ਨੇ ਤਰਕ ਦਿਤਾ-“ਟਮਾਟਰ,ਆਲੂਆਂ,ਗਾਜਰਾਂ,ਸ਼ਲਗਮਾਂ,ਗੋਭੀ ਵਾਂਗ ਖਾਣੇ ਵਿਚ ਪਰੋਸੇ ਜਾਂਦੇ ਹਨ,ਪਰ ਇਕ ਫਲ ਵਜੋਂ ਕਿਸੇ ਡੈਜ਼ੱਰਟ/ਸਵੀਟ ਡਿਸ਼(ਖਾਣੇ ਮਗਰੋਂ ਖਾਧੀ ਜਾਣ ਵਾਲੀ ਕੋਈ ਵੀ ਮਿੱਠੀ ਸ਼ੈਅ) ਨਾਲ ਨਹੀਂ ਪਰੋਸੇ ਜਾਂਦੇ।ਇਸ ਲਈ ਟਮਾਟਰ ਸਬਜ਼ੀ ਹਨ,ਨਾਂ ਕਿ ਫਲ”!

ਪਰ ਟਮਾਟਰ ਬਿਨਾਂ ਕੀਮਾਂ,ਬਟਰ ਚਿਕਨ,ਟੋਮੈਟੋ ਰਸਮ,ਕਈ ਕਿਸਮ ਦੇ ਪਿਜ਼ਾ/ਬਰਗਰ ਅਤੇ ਹੋਰ ਖਾਣ ਵਾਲ਼ੇ ਪਦਾਰਥਾਂ ਵਿਚ ਤਾਂ ਸਰਦਾ ਨਹੀਂ !

ਵਿਸ਼ਵ ਵਿਚ 900 ਕਿਸਮ ਦੇ ਟਮਾਟਰਾਂ ਦੀ ਖੇਤੀ ਹੁੰਦੀ ਹੈ।ਇਹ ਸਾਰਾ ਸਾਲ ਰਹਿੰਦੈ।ਪੂਰੇ ਵਿਸ਼ਵ ਵਿਚ ਪਾਇਆ ਜਾਂਦੈ।

ਹੁਣ ਤਾਂ ਟਮਾਟਰ ਕਈ ਰੰਗਾਂ ਦੇ ਹੁੰਦੇ ਹਨ।ਹਰਮਨ ਪਿਆਰੇ ਲਾਲ ਰੰਗ ਤੋਂ ਇਲਾਵਾ ਇਹਨਾਂ ਵਿਚ ਚਿੱਟੇ\ਸਫੈਦ,ਪੀਲੇ,ਗੁਲਾਬੀ,ਬੈਂਗਣੀ ਰੰਗੇ ਟਮਾਟਰ ਵੀ ਹੁੰਦੇ ਹਨ।ਹੋਰ ਰੰਗ ਵੀ ਹਨ।

ਇਹ ਸਿਹਤ ਲਈ ਬੜਾ ਗੁਣਕਾਰੀ ਹੈ।ਇਸ ਵਿਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।ਪੱਕੇ ਟਮਾਟਰ ‘ਚੋਂ ਸਰੀਰ ਨੂੰ ਲਾਈਕੋਪੀਨ ਤੱਤ ਮਿਲਦੈ।ਇਹ ਪ੍ਰਤੀਰਖਸ਼ਾ ਪ੍ਰਣਾਲੀ ਮਜ਼ਬੂਤ ਕਰਦੈ,ਪਾਚਨ ਪ੍ਰਕਿਰਿਆ,ਹੱਡੀਆਂ,ਚਮੜੀ,ਵਾਲਾਂ ਆਦਿ ਲਈ ਲਾਭਦਾਇਕ ਹੈ।ਇਸ ਦੇ ਹੋਰ ਵੀ ਕਈ ਫਾਇਦੇ ਦਸੇ ਗਏ ਹਨ।

1986 ਵਿਚ ਗਿਨੀਜ਼ ਬੁੱਕ ਆਫ ਰਿਕਾਰਡਜ਼ ਵਿਚ ਅੋਕਲਾਹੋਮਾ ਦਾ 3.5 ਕਿਲੋ ਭਾਰ ਦਾ ਸਭ ਤੋਂ ਵਡਾ ਟਮਾਟਰ ਦਰਜ ਹੈ(ਹੋ ਸਕਦੈ ਇਹ ਰਿਕਾਰਡ ਨਵਿਆਇਆ ਵੀ ਗਿਆ ਹੋਵੇ)।

ਟਮਾਟਰਾਂ ਦੇ ਵਧੇ ਹੋਏ ਰੇਟਾਂ ਉਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਉਪਰ ਬੜੀਆਂ ਰੌਚਿਕ ਟਿੱਪਣੀਆਂ,ਕਾਰਟੂਨ,ਮੀਮਾਂ ਆ ਰਹੀਆਂ ਹਨ।ਪਰਿੰਟ ਮੀਡੀਆ ਅਤੇ ਵੈੱਬ ਚੈਨਲਾਂ ਉਪਰ ਵੀ ਕਈ ਦਿਸਲਚਸਪ ਖਬਰਾਂ ਆ ਰਹੀਆਂ ਹਨ।

ਕਰਨਾਟਕਾ ਵਿਚ ਬਦਮਾਸ਼ ਟਮਾਟਰਾਂ ਦਾ ਭਰਿਆ ਟਰੱਕ ਲੁੱਟ ਕੇ ਲੈ ਗਏ।ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਦੇ ਕਸਬੇ ਔਂਗ ਵਿਚ ਦੋ ਦੁਕਾਨਾਂ ‘ਚੋਂ 25 ਕਿਲੋ ਟਮਾਟਰ ਅਤੇ 10-10 ਕਿਲੋ ਅਦਰਕ ਅਤੇ ਮਿਰਚਾਂ ਚੋਰੀ ਹੋ ਗਈਆਂ!

ਇਹਨਾਂ ਖਬਰਾਂ ਉੱਪਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖੀਲੇਸ਼ ਯਾਦਵ ਨੇ ਚੁਟਕੀ ਲੈਂਦਿਆਂ ਚੋਟ ਕੀਤੀ-“ਅਬ ਸਪੈਸ਼ਲ ਟਾਸਕ ਫੋਰਸ ਕਾ ਨਾਮ ਬਦਲ ਕਰ ਸਪੈਸ਼ਲ ਟਮਾਟਰ ਫੋਰਸ ਕਰ ਦੇਨਾ ਚਾਹੀਏ”!

ਉਹਨਾਂ ਇਕ ਚੁਟਕੀ ਹੋਰ ਲਈ-“ਸੁਨਾ ਹੈ ਭਾਜਪਾ ਬਚੋਂ ਕੀ ਕਿਤਾਬ ਸੇ ‘ਟ’ ਸੇ ‘ਟਮਾਟਰ’ ਹਟਾਨੇ ਪਰ ਵਿਚਾਰ ਕਰ ਰਹੀ ਹੈ”!

ਇਕ ਸਭ ਤੋਂ ਵਧ ਚਰਚਿਤ ਖਬਰ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਹਡੌਲ ਵਿਚ ਟਮਾਟਰਾਂ ਨੂੰ ਲੈ ਕੇ ਪਤੀ-ਪਤਨੀ ਵਿਚ ਖਟਪਟ ਹੋ ਗਈ ਅਤੇ ਰੁੱਸੀ ਪਤਨੀ,ਬੇਟੀ ਨਾਲ ਲੈ ਕੇ,ਆਪਣੀ ਭੈਣ ਦੇ ਘਰ ਚਲੀ ਗਈ।ਪਤੀ ਸੰਜੀਵ ਵਰਮਨ ਇਕ ਟਿਫਿਨ ਸੈਂਟਰ ਚਲਾਉਂਦੈ।ਉਸ ਨੇ ਆਪਣੀ ਸਬਜ਼ੀ ‘ਚ ਐਨੇ ਮਹਿੰਗੇ ਟਮਾਟਰ ਪਾ ਦਿਤੇ ਕਿ ਪਤਨੀ ਨਾਰਾਜ਼ ਹੋ ਗਈ।ਅਗੇ ਤੋਂ ਟਮਾਟਰ ਨਾਂ ਖਾਣ ਦੀ ਕਸਮ ਵੀ ਕਿਸੇ ਕੰਮ ਨਾਂ ਆਈ।ਹੁਣ ਮਾਮਲਾ ਪੁਲਿਸ ਦਖਲ ਦੇ ਕੇ ਹਲ ਕਰਨ ਲਗੀ ਹੋਈ ਹੈ!

ਟਮਾਟਰਾਂ ਨੂੰ ਲਾਕਰਾਂ ਵਿਚ ਰਖਣ,ਟਮਾਟਰਾਂ ਲਈ ਹਥਿਆਰਬੰਦ ਸਿਕਿਉਰਟੀ ਗਾਰਡ ਤਾਇਨਾਤ ਕਰਨ ਦੇ ਸੁਝਾਵਾਂ ਤੋਂ ਇਲਾਵਾ ਇਕ ਕਾਰਟੂਨ\ਮੀਮ ਬੜਾ ਹੀ ਦਿਲਚਸਪ ਸੀ-ਟਮਾਟਰ ਵੇਚਣ ਵਾਲੇ ਕੋਲ ਇਕ ਬੀਮਾ ਕੰਪਨੀ ਦਾ ਇਕ ਏਜੈਂਟ ਬੈਠਾ ਹੈ।ਇਕ ਔਰਤ,ਜੋ 2 ਕਿਲੋ ਤੋਂ ਵਧ ਟਮਾਟਰ ਖ੍ਰੀਦਦੀ ਹੈ,ਨੂੰ ਉਹ ਬੜੀ ਨੇਕ ਸਲਾਹ ਦਿੰਦਾ ਹੈ-“ਰਿਸਕ(ਖਤਰਾ) ਮਤ ਲੀਜੀਏ,ਦੋ ਕਿਲੋ ਸੇ ਜ਼ਿਆਦਾ ਟਮਾਟਰ ਲੇ ਰਹੀਂ ਹੈਂ ਤੋ ਉਨਕਾ ਬੀਮਾ ਭੀ ਲੇਤੇ ਜਾਈਏ”!

ਛੋਟੀਆਂ ਦੁਕਾਨਾਂ ਵਾਲੇ ਜਾਂ ਤਾਂ ਟਮਾਟਰ ਰਖਣੋਂ ਹਟ ਗਏ ਹਨ ਜਾਂ ਬਸ 8-10 ਹੀ ਰਖਦੇ ਹਨ।ਮੁਹਲਿਆਂ ਵਿਚ ਰੇਹੜੀਆਂ ਉਪਰ ਸਬਜ਼ੀ ਵੇਚਣ ਵਾਲੇ ਵੀ ਇਸ ਨੂੰ ਘਟ ਵਧ ਹੀ ਰਖਦੇ ਹਨ।ਵਡੀਆਂ ਦੁਕਾਨਾਂ ਵਾਲੇ ਰਜ ਕੇ ਛਿੱਲ ਲਾਹੁੰਦੇ ਹਨ।ਬਹੁਤ ਜ਼ਿਆਦਾ ਨਾਸ਼ਵਾਨ ਪਦਾਰਥ ਹੋਣ ਕਾਰਨ ਇਸ ਦਾ ਭਾਅ ਅੰਬਰਾਂ ਨੂੰ ਛੋਹ ਰਿਹੈ।

‘ਤੇ ਐਸ ਵੇਲੇ ਤਾਂ ਨਿਕਚੂ ਜਿਹੇ ਟਮਾਟਰ ਦਾ ਰੇਟ ਸੁਣ ਕੇ ਲਾਲ ਲਾਲ ਟਮਾਟਰਾਂ ਨੇ ਸਭ ਦੇ ਰੰਗ ਪੀਲੇ ਕਰ ਦਿਤੇ ਹਨ!ਬਸ ਚਿਹਰਿਆਂ ਦੇ ਰੰਗ ਉਡਾ ਹੀ ਛਡੇ ਹਨ!

-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ-98766-55055

 

 

 

 

 

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...