ਕਵਿਤਾ/ ਕਾਰਗਿਲ ਦਿਵਸ ਨੂੰ ਸਮਰਪਿਤ / ਚਰਨਜੀਤ ਸਿੰਘ ਪੰਨੂ

ਸਾਵਣ ਆਇਆ ਬੱਲੇ ਬੱਲੇ, ਅਸੀਂ ਤੀਆਂ ਨੂੰ ਚੱਲੇ।
ਕੁੜੀਆਂ ਚਿੜੀਆਂ ਬੁੜ੍ਹੀਆਂ ਰਲ ਕੇ ਸਾਵਿਆਂ ਦੇ ਪਿੜ ਮੱਲੇ।
ਸੱਜ ਵਿਆਹੀਆਂ ਮੁਟਿਆਰਾਂ ਦੇ, ਚਾਅ ਨਾ ਜਾਵਣ ਠੱਲ੍ਹੇ।
ਮਾਹੀ ਚੇਤੇ ਕਰ ਕਰ ਹੱਸਣ, ਹਰ ਟੱਪੇ ਹਰ ਗੱਲੇ।
੦ ੦ ੦
ਸਾਵਣ ਆਇਆ ਬੱਲੇ ਬੱਲੇ, ਅਸੀਂ ਕਾਰਗਿਲ ਚੱਲੇ।
ਵੈਰੀ ਪਿੱਛੇ ਮਾਰ ਭਜਾਏ, ਮੇਰੇ ਮਾਹੀ ਨੇ ਪਹਿਲੇ ਹੱਲੇ।
ਭਾਜੜ ਪਾਈ ਦੁਸ਼ਮਣ ਅੰਦਰ, ਹੋ ਗਈ ਬੱਲੇ ਬੱਲੇ।
ਚੰਨ ਦੇਸ਼ ਦੇ ਕੰਮ ਆ ਗਿਆ, ਅਸੀਂ ਰਹਿਗੇ ਕੱਲੇ ਕੱਲੇ।
੦ ੦ ੦
ਸਾਵਣ ਆਇਆ ਬੱਲੇ ਬੱਲੇ, ਫ਼ੌਜ ਚ ਭਰਤੀ ਹੋਣਾ।
ਜਿਸ ਨੇ ਕਰੀ ਚੜ੍ਹਾਈ ਦੇਸ਼ ਤੇ, ਹਮਲਾਵਰ ਮਾਰ ਭਜਾਉਣਾ।
ਮੇਰਾ ਮਾਹੀ ਚੋਟੀ ਚੜ੍ਹਿਆ, ਜਾਮ ਸ਼ਹਾਦਤ ਪੀਣਾ।
ਚੂੜੀਆਂ ਭੰਨ ਬੰਦੂਕ ਮੈਂ ਫੜਨੀ, ਮੇਰਾ ਕੀ ਹੁਣ ਜੀਣਾ।
੦ ੦ ੦
ਸਖ਼ੀਆਂ ਬਾਗ਼ੀਂ ਪੀਂਘਾਂ ਪਾਈਆਂ, ਮੈਂ ਝੂਟਣ ਤੋਂ ਡਰਦੀ।
ਹੁਲਾਰਾ ਦੇਣ ਵਾਲਾ ਨਹੀਂ ਆਇਆ, ਢੋਕ ਮੇਰੀ ਇਕ ਮਰ ਗਈ।
ਵੰਗਾਂ ਹੋ ਗਈਆਂ ਟੁਕੜੇ ਟੁਕੜੇ, ਮਾਂਗ ਲਹੂ ਨਾਲ ਭਰ ਗਈ।
ਅਧਵਾਟੇ ਮੇਰੇ ਚਾਅ ਖਿੱਲਰ ਗਏ, ਮੈਂ ਡੁੱਬਗੀ ਤਰਦੀ ਤਰਦੀ।
੦ ੦ ੦
ਸਾਵਣ ਮੈਨੂੰ ਜ਼ਰਾ ਨਾ ਭਾਵੇ, ਮੈਂ ਅਭਾਗਣ ਹੋਈ।
ਵਿਹੜੇ ਮੇਰੇ ਘੁੱਪ ਅੰਧੇਰਾ, ਮੈਂ ਜਿਉਂਦੀ ਨਾ ਮੋਈ।
ਤੁਸੀਂ ਪੀਂਘ ਚੜ੍ਹਾਓ, ਪੂੜੇ ਖਾਓ, ਮੇਰੀ ਸੁੱਧ ਬੁੱਧ ਖੋਈ।
ਲੋਕ ਸ਼ਹੀਦ ਦੀ ਵਿਧਵਾ ਕਹਿੰਦੇ, ਮੈਂ ਬੁੱਢਸੁਹਾਗਣ ਹੋਈ।
੦ ੦ ੦
ਸਾਵਣ ਹੱਥੋਂ ਕਿਰਦਾ ਜਾਏ, ਕਿਰ ਗਏ ਮੇਰੇ ਚਾਅ।
ਪੀਆ ਬਾਝੋਂ ਸਾਵਣ ਕਾਹਦਾ, ਤੀਆਂ ਦਾ ਕੀ ਭਾਅ।
ਨਿੱਕੀ ਨਿੱਕੀ ਕਣੀ ਦਾ ਮੀਂਹ ਜੋ ਵਰ੍ਹਦਾ, ਮਨ ਮੇਰਾ ਥਿੜਕ ਗਿਆ।
ਟੇਸ਼ਣ ਵੱਲ ਪਈ ਰਾਹ ਮੈਂ ਤੱਕਾਂ, ਮਾਹੀ ਦਾ ਝਉਲਾ ਪਿਆ।
੦ ੦ ੦
ਸਾਵਣ ਆਇਆ ਬੱਲੇ-ਬੱਲੇ, ਚਾਰ ਚੁਫੇਰਾ ਹਰਿਆ।
ਮਾਹੀ ਮੇਰਾ ਮੁੜ ਘਰ ਆਇਆ, ਵਿਹੜਾ ਭਾਗਾਂ ਭਰਿਆ।
ਜ਼ਖ਼ਮੀ ਉਸ ਦਾ ਮੁਖੜਾ ਹੋਇਆ, ਮੈਥੋਂ ਨਾ ਜਾਏ ਜਰਿਆ।
ਸ਼ੁਕਰ ਮਨਾਵਾਂ, ਖੈਰ ਮਨਾਵਾਂ, ਪੰਨੂ ਜੰਗ ਜਿੱਤ ਕੇ ਮੁੜਿਆ।
-ਚਰਨਜੀਤ ਸਿੰਘ ਪੰਨੂ ਯੂ.ਐਸ.

ਸਾਂਝਾ ਕਰੋ

ਪੜ੍ਹੋ