(1) ਬੇਚੈਨ ਕੁੱਤੇ
ਰਾਤ, ਚੈਨ ਨਾਲ ਅਸੀਂ ਨਹੀਂ ਸੌਂ ਸਕਦੇ, ਚੈਨ ਲੁੱਟਦੇ ਨੇ ਸਾਡਾ ਬੇਚੈਨ ਕੁੱਤੇ!
ਬੋਲੀ ਇਹਨਾਂ ਦੀ ਇਹ ਹੀ ਸਮਝਦੇ ਨੇ, ਗੁੱਸਾ ਕੱਢਦੇ ਪਤਾ ਨਹੀਂ ਕਿਸ ਉੱਤੇ?
ਭੁੱਖੇ, ਰੱਜੇ ਇਹ ਲੜਦੇ ਹਰ ਪਲ ਹੀ, ਗਰਮੀ, ਸਰਦੀ, ਬਰਸਾਤ ਕੀ? ਹਰ ਰੁੱਤੇ!
ਮੌਸਿਮ ਚੋਣਾਂ ਦਾ ਆਉਂਦਾ ਹੈ ‘ਕੈਲਵੀ’ ਜਦ, ਇੱਕ ਦੂਜੇ ਵਲ ਸੁੱਟਣ, ਚਲਾਉਣ ਜੁੱਤੇ!
(2) ਵੋਟ ਪਾਓ
ਮੇਰੇ ਹਲਕੇ ਦੇ ਵੋਟਰੋ ਜਾਗ ਜਾਓ, ਉੱਠੋ! ਉੱਠ ਕੇ ਕੱਪੜੇ ਕੋਟ ਪਾਓ!
ਮੇਰੀ ਜੇਬ ‘ਚ ਕੱਢਕੇ ਨੋਟ ਲੈ ਜਾਓ, ਖਾਲੀ ਜੇਬਾਂ ਵਿੱਚ ਤੁੰਨ ਤੁੰਨ ਨੋਟ ਪਾਓ!
ਲੰਗਰ, ਲੱਡੂ ਜਲੇਬੀਆਂ ਦਾ ਲਾਇਐ, ਨਸ਼ੇ ਵਲੋਂ ਵੀ ਕੋਈ ਨਾ ਤੋਟ ਪਾਓ!
ਦਾਸ ਕੈਲਵੀ ਦੇ ਸਿਰ ਤੇ ਹੱਥ ਰੱਖੋ, ਮੇਰੇ ਹੱਕ ਵਿੱਚ ਆਪਣੀ ਵੋਟ ਪਾਓ!
(3) ਨਿਮਰਤਾ
ਬੀਜ ਕੋਈ ਜੇ ਕੁਰਸੀ ਤੇ ਧਰ ਦੇਈਏ, ਓਥੇ ਪਿਆ ਉਹ ਕਦੀ ਨਹੀਂ ਉੱਗ ਸਕਦਾ!
ਧਰਤੀ ਮਾਂ ਦੀ ਗੋਦ ਦਾ ਨਿੱਘ ਲੈ ਕੇ, ਵੱਧ ਫੁਲ ਸਕਦਾ ਉਹ ਹੈ ਪੁੱਗ ਸਕਦਾ।
ਵੱਧਦੀ ਫੁੱਲਦੀ ਰਹੇ ਔਲਾਦ ਉਸ ਦੀ ਏਸ ਅਮਲ ‘ਚ ਜੀ ਕਈ ਜੁੱਗ ਸਕਦਾ।
ਮਿਲਦੀ ਨਹੀਂ ਵਡਿਆਈ ਅਭਿਮਾਨੀਆਂ ਨੂੰ ਹੋ ਕੇ ਨਿਮਰ, ਉਹ ਭਰ ਹੈ ਰੁੱਗ ਸਕਦਾ।
(4) ਇਹ ਕੁਰਸੀਆਂ
ਥਾਓਂ ਥਾਈਂ ਰੱਖੇ ਮੇਜ਼ ਹਿੱਲਦੇ ਨਹੀਂ ਇਹ ਕੁਰਸੀਆਂ ਭਲਾ ਕਿਉਂ ਭਿੜਦੀਆਂ ਨੇ?
ਥਾਣੇਦਾਰ ਦਾ ਭਾਰ ਜੋ ਢੋ ਰਹੀ ਸੀ ਓਸ ਖੋਤੀ ਦੇ ਵਾਂਗ ਇਹ ਤਿੜਦੀਆਂ ਨੇ।
ਕੋਈ ਆਖਦੀ ਮੈਂ ਹਾਂ ਬਹੁਤ ਉੱਚੀ ਨੀਵੀਂ ਦੱਸ ਕੇ ਦੂਜੀ ਨੂੰ ਚਿੜਦੀਆਂ ਨੇ।
ਇੱਕ ਦੂਜੀ ਤੇ ਢੁੱਡਾ ਚਲਾਈ ਜਾਵਣ ਸਮਾਂ ਪਾ ਕੇ ਡਿਗਦੀਆਂ ਰਿੜ੍ਹਦੀਆਂ ਨੇ।
(5) ਕਿਵੇਂ ਜ਼ਿੰਦਗੀ ਨੂੰ ਗਲ ਲਾਵਾਂ?
ਸਾਡੇ ਨਾਲੋਂ ਨੇਤਾਵਾਂ ਵਿੱਚ ਜ਼ਹਿਰ ਬਹੁਤਾ, ਮੰਨ ਲਈ ਏਸ ਲਈ ਹਾਰ, ਸੱਪਾਂ!
ਧਰਤੀ ਅਤੇ ਆਕਾਸ਼ ਹਿਲਾ ਦੇਵੇ ਸੇਵਕ ਜਨਤਾ ਦੇ ਮਾਰਦੇ ਯਾਰ ਗੱਪਾਂ।
ਨਹੀਂ ਕੋਈ ਅਦਲ ਇਨਸਾਫ਼, ਮਸ਼ੀਨ ਵਿਗੜੀ, ਕਿਹੜਾ ਬਟਨ ਤੇ ਕਿਹੜੀ ਮੈਂ ਤਾਰ, ਨੱਪਾਂ?
ਕਿਵੇਂ ਕੈਲਵੀ ਜ਼ਿੰਦਗੀ ਨੂੰ ਗਲ ਲਾਵਾਂ? ਕਿਵੇਂ ਭੁੱਖ ਦੀ ਮੈਂ ਦੀਵਾਰ ਟੱਪਾਂ?
-ਪ੍ਰੋ: ਜਸਵੰਤ ਸਿੰਘ ਕੈਲਵੀ
597-ਬੀ ਰਣਜੀਤ ਐਵੇਨਿਊ
ਅੰਮ੍ਰਿਤਸਰ, 143001
ਮੋਬ. ਨੰ: 9878381474