
ਸੁਕਰਾਤ ਦਾ ਗੀਤ
ਤਾਰੇ ਗਿਣ ਗਿਣ,
ਬੀਤੀ ਸਾਰੀ ਰਾਤ ਨੀ!
ਸਾਡੀ ਅਜੇ ਵੀ ਨਾ ਮੁੱਕੀ,
ਸਾਰੀ ਬਾਤ ਨੀ!!!
ਅਸੀਂ ਬਿੰਦੂਆਂ ਤੋਂ ਦਾਇਰੇ ਹੀ,
ਬਣਾਉਂਦੇ ਰਹੇ
ਤੇ ਸਮਾਨੰਤਰ ਲੀਕਾਂ ਹੀ,
ਵਾਹੁੰਦੇ ਰਹੇ!
ਸਾਡੇ ਦੋਂਹਾਂ ਵਿਚਕਾਰ,
ਸਦਾ ਨਦੀ ਵੱਗਦੀ
ਦੋ ਕੰਢਿਆਂ ਦੇ ਵਿੱਚ,
ਸਾਡੀ ਜ਼ਾਤ ਨੀ!
ਤੈਨੂੰ ਜ਼ਿੰਦਗੀ ਬਣਾ ਕੇ,
ਅਸੀਂ ਨਾਲ ਤੋਰਿਆ!
ਤੂੰ ਖੁਦ ਤੋਂ ਤੇ ਸਾਡੇ ਕੋਲੋਂ,
ਮੁੱਖ ਮੋੜਿਆ!
ਤੈਨੂੰ ਅੰਦਰੋਂ ਤੇ ਬਾਹਰੋਂ,
ਅਸੀਂ ਬਹੁਤ ਫੋਲਿਆ!
ਤੂੰ ਸਦਾ ਹੀ ਰਹੀ,
ਅਗਿਆਤ ਨੀ!
ਅਜੇ ਸਫਰ ਨਾ ਮੁੱਕਾ,
ਪੈਂਡਾ ‘ਲੁੱਕ-ਲੱਭ’ ਖੇਡੇ..
ਸਾਡੀ ਚੱਕਰਾਂ ‘ਚ
ਰਾਤ ਪ੍ਰਭਾਤ ਨੀ!
ਤੇਰੇ ਉੱਤਰਾਂ ‘ਚੋਂ,
ਜੰਮਦੇ ਸਵਾਲ ਹੀ ਰਹੇ!
ਵਿਸ ਪੀਂਦਾ ਰਿਹਾ,
ਸਦਾ ਸੁਕਰਾਤ ਨੀ!