ਵਿਅੰਗ ਚੌਕੇ/ ਪ੍ਰੋ. ਜਸਵੰਤ ਸਿੰਘ ਕੈਲਵੀ

(1) ਸੂਝ ਸੂਰਜ

ਨਿਸਚਾ ਕੀਤਾ ਹੈ ਭਾਰਤ ਦੇ ਲੀਡਰਾਂ ਨੇ, ਅਸਾਂ ਅਕਲ ਨੂੰ ਵਿਹੜੇ ਨਹੀਂ ਵੜਨ ਦੇਣਾ।

ਢਾਹ ਦੇਣਾ ਹੈ ਅਸਾਂ ਵਿਰੋਧੀਆਂ ਨੂੰ, ਝੂਠ ਆਪਣਾ ਅਸਾਂ ਨਹੀਂ ਫੜਨ ਦੇਣਾ।

ਜਾਤ, ਧਰਮ ਦੇ ਨਾਂ ਤੇ ਮੁਲਕ ਵੰਡਣਾ, ਪਾਠ ਏਕੇ ਦਾ ਅਸਾਂ ਨਹੀਂ ਪੜ੍ਹਨ ਦੇਣਾ।

ਰਾਜ ਗੱਦੀ ਤੇ ਕੈਲਵੀ ਕਰ ਕਬਜ਼ਾ ਅਸਾਂ ਸੂਝ ਦਾ ਸੂਰਜ ਨਹੀਂ ਚੜ੍ਹਨ ਦੇਣਾ।

 

(2) ਸਮਾਂ, ਲੜਖੜਾ ਕੇ ਤੁਰ ਰਿਹਾ ਏ

ਸਮਾਂ, ਲੜਖੜਾ ਕੇ ਤੁਰ ਰਿਹਾ ਏ, ਵੇਖੋ! ਗਹੁ ਨਾਲ ਸਮੇਂ ਦੀ ਤੋਰ ਮੀਆਂ,

ਨਾ ਰੀਝਾਂ ਦੀ ਕੋਇਲ ਹੀ ਕੂਕਦੀ ਏ, ਪਾਇਲਾਂ ਪਾਉਂਦਾ ਨਹੀਂ ਮਨ ਦਾ ਮੋਰ, ਮੀਆਂ।

ਧਨ ਮਾਲ ਸਾਡਾ, ਲੁਟਿਆ ਡਾਕੂਆਂ ਨੇ, ਫਿਰਦੇ ਗਿਰਦ ਨੇ ਅਜੇ ਵੀ ਚੋਰ, ਮੀਆਂ।

ਕਹਿੰਦੇ, ਹਾਕਮਾਂ ਨੂੰ ਕੈਲਵੀ ਤਾਣ ਸੀਨਾ ਗੰਦੇ ਪਾਣੀ ਵਿੱਚ ਖੰਡ ਨਾ ਖੋਰ, ਮੀਆਂ।

(3) ਬੋਲ ਬਾਣੀ

ਗੰਧਲੀ ਹੋ ਚੁੱਕੀ ਅੱਜ ਦੀ ਰਾਜਨੀਤੀ, ਗੰਧਲੀ ਲੀਡਰਾਂ ਦੀ ਅੱਜ ਹੈ ਬੋਲ ਬਾਣੀ।

ਗੰਧਲਾ ਮੈਲਾ ਹੈ ਸਭ ਦਾ ਕਿਰਦਾਰ ਹੋਇਆ, ਗੰਦਾ ਮੁਸ਼ਕਿਆ ਛੱਪੜ ਦਾ ਜਿਵੇਂ ਪਾਣੀ।

ਵੇਖ ਵੇਖ ਜ਼ਮਾਨਾ ਹੱਸਦਾ ਏ, ਨੰਗ ਕੱਜ ਕੇ ਰੱਖਦੀ ਨਹੀਂ ਰਾਣੀ।

ਕੈਸਾ, ਕੈਲਵੀ ਸਮਾਂ ਅੱਜ ਆ ਗਿਆ ਏ? ਸੁਰਮਾ, ਪਾਉਂਦੀ ਮਟਕਾਉਂਦੀ ਏ ਅੱਜ ਕਾਣੀ।

(4) ਸੂਰਮੇ

ਸੱਚ ਬੋਲਣਾ ਹੁੰਦਾ ਹੈ ਬਹੁਤ ਔਖਾ, ਹੁੰਦਾ ਸੂਰਮਾ ਸੱਚ ਜੋ ਬੋਲ ਦੇਵੇ।

ਜਿਵੇਂ ਲੱਕੜ ਨੂੰ ਘੁਣ ਹੈ ਖਾ ਜਾਂਦਾ, ਏਵੇਂ ਨਸ਼ਾ ਜੁਆਨੀ ਨੂੰ ਰੋਲ ਦੇਵੇ।

ਸਹੀ, ਕੰਡਾ ਤਰਾਜ਼ੂ ਉਹ ਜਾਣੀਏ ਜੀ, ਪੂਰਾ ਪੂਰਾ ਜੋ ਵਸਤੂ ਤੋਲ ਦੇਵੇ।

‘ਭਗਤ’, ਸੰਤ, ‘ਮਹਾਤਮਾ’ ਕੈਲਵੀ ਉਹ, ਜਿਹੜਾ ਹਿਰਦੇ ‘ਚੋਂ ਬਚਨ ਅਮੋਲ ਦੇਵੇ।

(5) ਖੁਦੀ/ਖੁਦਾਈ

ਰਾਹ, ਖੁਦੀ ਦਾ ਛੱਡਦੇ, ਛੱਡਦੇ ਤੂੰ, ਫੜ ਤੂੰ ਖੁਦਾਈ ਦਾ ਰਾਹ, ਬੀਬਾ।

ਬੇੜੀ, ਲਹਿਰਾਂ ਦੇ ਵਿੱਚ ਉਹ ਡੁੱਬਦੀ ਨਹੀਂ, ਹੁੰਦਾ ਜਿਸਦਾ ਚੰਗਾ ਮਲਾਹ, ਬੀਬਾ।

ਕਾਇਨਾਤ ਦੇ ਕਰਤੇ ਨੂੰ ਰੱਖ ਚੇਤੇ, ਕਰ ਉਸ ਦੀ ਸਿਫ਼ਤ ਸਾਲਾਹ ਬੀਬਾ।

ਕਲਿ ਕਲੇਸ਼ ਨਹੀਂ ਕੈਲਵੀ ਤੰਗ ਕਰਦੇ, ਬਾਬਾ ਨਾਨਕ ਹੈ-ਆਪ ਗਵਾਹ ਬੀਬਾ।

-ਪ੍ਰੋ. ਜਸਵੰਤ ਸਿੰਘ ਕੈਲਵੀ

597 ਬੀ ਬਲਾਕ,ਰਣਜੀਤ ਐਵੇਨਿਊ

ਅੰਮ੍ਰਿਤਸਰ-143001

ਮੋਬ. ਨੰ: 9878381474

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...