ਨਵੇਂ ਸਾਲ ਦਿਆ ਸੂਰਜਾ,ਸੁਪਨੇ ਕਰ ਦੇ ਸੱਚ,
ਕੁੱਲੀਆਂ,ਛੰਨਾਂ,ਕੁੰਦਰਾਂ,ਢਾਰਿਆ ਦੇ ਵਿਚ ਮੱਚ।
ਨਵੇਂ ਸਾਲ ਦਿਆ ਸੂਰਜਾ,ਹਾਕਮਾਂ ਨੂੰ ਦਸ ਦੇ ,
ਲੋਕਸ਼ਾਹੀ ਦੀ ਖੀਰ ‘ਚ,ਪਾਵਣ ਨਾਂ ਉਹ ਖੇਹ।
ਨਵੇਂ ਸਾਲ ਦਿਆ ਸੂਰਜਾ,ਇਹ ਕੈਸੀ ਵਗੀ ਵਾ ,
ਪੰਜਾਬੀ ਤਾਂ ਸਭ ਪੈ ਗਏ, ਪਰਦੇਸਾਂ ਦੇ ਰਾਹ।
ਨਵੇਂ ਸਾਲ ਦਿਆ ਸੂਰਜਾ,ਬੁੱਢਿਆਂ ਦੀ ਲੈ ਸਾਰ,
ਡੱਕੇ ਡੋਲੇ ਖਾਂਵਦੇ ਪਏ, ਗਈ ‘ਡੰਗੋਰੀ’ ਬਾਹਰ।
ਨਵੇਂ ਸਾਲ ਦਿਆ ਸੂਰਜਾ,ਕਰ ਐਸੀ ਅਰਦਾਸ,
ਮੋੜਾ ਕਿਧਰੇ ਪੈ ਜਾਏ, ਪਲਟ ਪਵੇ ਪਰਵਾਸ।
ਨਵੇਂ ਸਾਲ ਦਿਆ ਸੂਰਜਾ,ਚਾਨਣ ਕਰ ਚੁਫੇਰ,
ਕਾਲੀ ਬੋਲੀ ਰਾਤ ਦਾ,ਮਿਟ ਜਾਏ ਘੁੱਪ-ਅੰਧੇਰ।
ਨਵੇਂ ਸਾਲ ਦਿਆ ਸੂਰਜਾ, ਸੱਜਰੀ ਸੋਨ ਸਵੇਰ,
ਕਲੀਆਂ,ਗੇਂਦਾ‘ਤੇ ਗੁਲਾਬ,ਨੱਚਣ ਕੁਮਦ ਕਨੇਰ।
-ਪ੍ਰੋ.ਜਸਵੰਤ ਸਿੰਘ ਗੰਡਮ-98766-55055