ਬਹੁਤ ਹੀ ਯਾਦ ਆਉਂਦੀ ਹੈ,
ਦੀਵੇ ਦੀ ਲਾਟ ਵਰਗੀ ਉਹਦੀ ਸੂਰਤ ।
****************0********************
ਬਹੁਤ ਯਾਦ ਆਉਂਦੇ ਹਨ,
ਉਸਦੇ ਮਿੱਠੇ ਬੇਬਾਕ ਬੋਲ,
ਬਹੁਤ ਯਾਦ ਆਉਂਦੀ ਹੈ,
ਤਿੱਖੀ ਤੇਜ਼ਦਾਰ ਸੀਨੇ ਛੇਕ ਪਾਉਣ ਵਾਲੀ ਉਸਦੀ ਤੱਕਣੀ
****************0********************
ਬਹੁਤ ਯਾਦ ਆਉਂਦੀ ਹੈ,
ਉਸਦੇ ਪੈਰਾਂ ਦੀ ਆਹਟ,
ਵਿਚਾਰੀ ਮਰ ਜਾਣੀ ਦਾ ਉੱਚਾ ਉੱਚਾ ਹਾਸਾ,
ਤੇ ਫਿਰ ਸੁਪਨੇ ਜਿਹੀ ਮੁਸਕਰਾਹਟ।
****************0********************
ਬਹੁਤ ਯਾਦ ਆਉਂਦੀ ਹੈ,
ਬਦਨੀਤੀ, ਬਦਸ਼ਗਨੀ ਉਹ ਰੁੱਤ,
ਜਦੋਂ ਉਹ ਤੁਰ ਗਈ,
ਮੁੜ ਕਦੇ ਨਾ ਪਰਤੀ।
****************0********************
ਬਹੁਤ ਯਾਦ ਆਉਂਦੀ ਹੈ,
ਬੇਬਸੀ, ਦਾਇਰਿਆਂ, ਵਿਚਾਰਗੀ,
ਵਾਲੀ ਉਸ ਨਾਲ ਮਿਲਣੀ।
****************0********************
ਬਹੁਤ ਯਾਦ ਆਉਂਦੀ ਹੈ,
ਪਿੰਜਰੇ ਦੇ ਪੰਛੀ ਜਿਹਾ,
ਉਸਦਾ ਛਟਪਟਾਉਣਾ,
ਤੇ ਕਦੇ ਕਦੇ ਰੁਸ ਜਾਣਾ।
****************0********************
ਬਹੁਤ ਯਾਦ ਆਉਂਦੀ ਹੈ,
ਉਹਦੇ ਅੱਖਰਾਂ ਤੇ ਇਸ਼ਾਰਿਆਂ ਦੀ ਭਾਸ਼ਾ।
ਬਹੁਤ ਯਾਦ ਆਉਂਦਾ ਹੈ,
ਉਹਦਾ ਬੁਲ੍ਹ ਨੱਪ ਕੇ ਰੋਣਾ,
ਤੇ ਅੱਥਰੂ ਵਹਾਉਣਾ।
****************0********************
ਬਹੁਤ ਯਾਦ ਆਉਂਦਾ ਹੈ,
ਕੰਧਾਂ, ਪੱਥਰਾਂ, ਸਤੰਭਾਂ ਅਤੇ ਮੇਰੇ ਮਨ ‘ਤੇ,
ਉਕਰਿਆ ਉਹਦਾ ਨਾ,
ਮੋਹ, ਮੁਹੱਬਤ, ਚੜ੍ਹਦੇ ਸੂਰਜ ਜੇਹੀ,
ਉਹਦੀ ਆਭਾ।
ਬਹੁਤ ਯਾਦ ਆਉਂਦੀ ਹੈ,
ਦੀਵੇ ਦੀ ਲਾਟ ਵਰਗੀ ਉਹਦੀ ਸੂਰਤ ।
****************0********************
ਗੁਰਮੀਤ ਸਿੰਘ ਪਲਾਹੀ
-9815802070
-218 ਗੁਰੂ ਹਰਿਗੋਬਿੰਦ ਨਗਰ, ਫਗਵਾੜਾ
ਮਿਤੀ : 15/12/ 2021