ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਿੰਗ

ਮੁਹਾਲੀ, 16 ਮਈ – ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਚਰਚਿਤ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਸੈਕਟਰ-71 ਵਾਲੇ ਘਰ ਦੇ ਬਾਹਰ ਦੋ ਨੌਜਵਾਨ ਬਾਈਕ ‘ਤੇ ਆਏ ਅਤੇ 6-7 ਗੋਲੀਆਂ ਚਲਾਈਆਂ। ਪਹਿਲਾਂ ਨੌਜਵਾਨਾਂ ਨੇ ਹਵਾਈ ਫਾਇਰ ਕੀਤੇ, ਫਿਰ ਵਾਪਸ ਬਾਈਕ ‘ਤੇ ਬੈਠ ਕੇ ਧਾਲੀਵਾਲ ਦੇ ਘਰ ਉੱਤੇ ਫਾਇਰਿੰਗ ਕੀਤੀ।

ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ

ਗੋਲੀਆਂ ਘਰ ਦੇ ਦਰਵਾਜ਼ੇ ਉੱਤੇ ਲੱਗੀਆਂ। ਖੁਸ਼ਕਿਸਮਤੀ ਨਾਲ ਕੋਈ ਜਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਿੰਕੀ ਧਾਲੀਵਾਲ ਉਸ ਸਮੇਂ ਘਰ ਦੇ ਅੰਦਰ ਹੀ ਮੌਜੂਦ ਸਨ। ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਤੋਂ ਬਾਅਦ SSP ਹਰਮਨਦੀਪ ਸਿੰਘ ਹੰਸ ਅਤੇ SHO ਮਟੌਰ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਕਾਰਤੂਸ ਵੀ ਬਰਾਮਦ ਕੀਤੇ ਹਨ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਫੁਟੇਜ ਪੁਲਿਸ ਨੇ ਜ਼ਬਤ ਕਰ ਲਈ ਹੈ। ਜਿਸ ਸਮੇਂ ਫਾਇਰਿੰਗ ਹੋਈ, ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਤੇਜ਼ ਹਨੇਰੀ ਕਾਰਨ ਬਿਜਲੀ ਚੱਲੀ ਗਈ ਸੀ। ਹਮਲਾਵਰਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ। ਪੁਲਿਸ ਨੇ ਘਰ ਦੇ ਬਾਹਰ ਘੇਰਾਬੰਦੀ ਕਰਕੇ ਸੜਕ ਬੰਦ ਕਰਵਾ ਦਿੱਤੀ ਹੈ ਅਤੇ ਪੀਸੀਆਰ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਪੂਰੇ ਸ਼ਹਿਰ ‘ਚ ਨਾਕਾਬੰਦੀ ਕਰ ਦਿੱਤੀ ਗਈ।

ਪ੍ਰੋਡਿਊਸਰ ਪਿੰਕੀ ਧਾਲੀਵਾਲ ਹਾਲ ਹੀ ਵਿੱਚ ਉਸ ਸਮੇਂ ਚਰਚਾ ‘ਚ ਆਏ ਸਨ ਜਦੋਂ 33 ਸਾਲਾ ਗਾਇਕਾ ਸੁਨੰਦਾ ਸ਼ਰਮਾ ਨੇ ਉਨ੍ਹਾਂ ‘ਤੇ ਕੁੱਝ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਧਾਲੀਵਾਲ ਨੂੰ ਮਟੌਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪਰ ਬਾਅਦ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।

ਸਾਂਝਾ ਕਰੋ

ਪੜ੍ਹੋ