
ਯੂਪੀ, 16 ਮਈ – ਯੂਪੀ ‘ਚ ਬਰਡ ਫਲੂ ਦੀ ਐਂਟਰੀ, ਗੋਰਖਪੁਰ ਚਿੜੀਆਘਰ ‘ਚ ਸ਼ੇਰਣੀ ਦੀ ਮੌਤ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਗੋਰਖਪੁਰ ਦੇ ਚਿੜੀਆਘਰ ਵਿੱਚ ਇੱਕ ਸ਼ੇਰਣੀ ਦੀ ਅਚਾਨਕ ਮੌਤ ਹੋਣ ‘ਤੇ ਜਾਂਚ ਕਰਵਾਈ ਗਈ। ਜਾਂਚ ‘ਚ ਪਤਾ ਲੱਗਿਆ ਕਿ ਸ਼ੇਰਣੀ ਬਰਡ ਫਲੂ (H5N1 ਵਾਇਰਸ) ਨਾਲ ਸੰਕ੍ਰਮਿਤ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਲਖਨਊ, ਕਾਨਪੁਰ, ਗੋਰਖਪੁਰ ਸਮੇਤ ਕਈ ਇਲਾਕਿਆਂ ਦੇ ਪੋਲਟਰੀ ਫਾਰਮਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਤਹਿਤ ਚਿੜੀਆਘਰਾਂ ਨੂੰ 20 ਮਈ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਮੇਰਠ ‘ਚ ਜਾਰੀ ਹੋਈ ਜ਼ਰੂਰੀ ਐਡਵਾਇਜ਼ਰੀ
ਹਾਲ ਹੀ ਵਿੱਚ ਮੇਰਠ ਦੇ ਪੋਲਟਰੀ ਫਾਰਮਾਂ ਨੂੰ ਜ਼ਰੂਰੀ ਸਾਵਧਾਨੀਆਂ ਅਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਮੇਰਠ ਦੇ ਡੀਐਫਓ ਰਾਜੇਸ਼ ਕੁਮਾਰ ਨੇ ਬਰਡ ਫਲੂ ਬਾਰੇ ਕਿਹਾ ਕਿ “ਸਰਕਾਰ ਵੱਲੋਂ ਹੁਕਮ ਹਨ ਕਿ ਵੈਟਨਰੀ ਵਿਭਾਗ ਵੱਲੋਂ ਸਾਰੇ ਪੋਲਟਰੀ ਫਾਰਮਾਂ ਨੂੰ ਸੈਨੀਟਾਈਜ਼ ਕੀਤਾ ਜਾਵੇ।”
ਉਨ੍ਹਾਂ ਦੱਸਿਆ ਕਿ ਭਾਵੇਂ ਮੇਰਠ ਜ਼ਿਲ੍ਹੇ ਵਿੱਚ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਸਾਵਧਾਨੀ ਅਪਣਾਈ ਜਾ ਰਹੀ ਹੈ। ਲੋਕਾਂ ਨੂੰ ਚੇਤਾਵਨੀ ਜ਼ਰੂਰ ਹੈ ਪਰ ਘਬਰਾਉਣ ਦੀ ਕੋਈ ਲੋੜ ਨਹੀਂ।
ਬਰਡ ਫਲੂ ਕੀ ਹੈ?
ਬਰਡ ਫਲੂ, ਜਿਸ ਨੂੰ ਐਵੀਅਨ ਇੰਫਲੂਐਜਾ ਵੀ ਆਖਿਆ ਜਾਂਦਾ ਹੈ, ਇੱਕ ਵਾਇਰਲ ਇੰਫੈਕਸ਼ਨ ਹੈ ਜੋ ਮੁੱਖਤੌਰ ‘ਤੇ ਪੰਛੀਆਂ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ H5N1, H7N9 ਵਰਗੇ ਕਿਸਮਾਂ ਵਿੱਚ ਹੁੰਦਾ ਹੈ। ਕਈ ਵਾਰ ਇਹ ਵਾਇਰਸ ਸੰਕ੍ਰਮਿਤ ਪੰਛੀਆਂ ਤੋਂ ਇਨਸਾਨਾਂ ਵਿੱਚ ਵੀ ਫੈਲ ਜਾਂਦਾ ਹੈ, ਜੋ ਕਿ ਖਤਰਨਾਕ ਸਾਬਤ ਹੋ ਸਕਦਾ ਹੈ।
ਬਰਡ ਫਲੂ ਦੇ ਲੱਛਣ
ਤੇਜ਼ ਬੁਖਾਰ, ਜੁਕਾਮ ਅਤੇ ਖੰਘ, ਗਲੇ ਵਿੱਚ ਖਾਰਸ਼ ਜਾਂ ਦਰਦ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਸਾਂਹ ਲੈਣ ਵਿੱਚ ਦਿੱਕਤ, ਉਲਟੀ ਜਾਂ ਦਸਤ, ਬਹੁਤ ਜ਼ਿਆਦਾ ਥਕਾਵਟ, ਗੰਭੀਰ ਮਾਮਲਿਆਂ ਵਿੱਚ ਇਹ ਫੇਫੜਿਆਂ ਦੇ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਖਾਣ-ਪੀਣ ਵਿੱਚ ਬਦਲਾਅ ਕਿਉਂ ਜ਼ਰੂਰੀ ਹੈ?
ਅਸਲ ਵਿੱਚ, ਇਹ ਬਦਲਾਅ ਖ਼ਾਸ ਕਰਕੇ ਉਹਨਾਂ ਲੋਕਾਂ ਲਈ ਬਹੁਤ ਜ਼ਰੂਰੀ ਹਨ ਜੋ ਨੋਏਡਾ, ਦਿੱਲੀ, ਯੂਪੀ ਅਤੇ ਐਨਸੀਆਰ ਵਿਚ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਯੂਪੀ ਦੇ ਪੋਲਟਰੀ ਫਾਰਮਾਂ ਦੇ ਅੰਡੇ ਇਨ੍ਹਾਂ ਸਾਰਿਆਂ ਇਲਾਕਿਆਂ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਇੱਥੇ ਦੇ ਲੋਕ ਖਾਂਦੇ ਹਨ।