
16, ਮਈ – ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਨਿਵਾਸੀਆਂ ਨੂੰ ਸਸ਼ਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੋ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ 158 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇ ਸਰਟੀਫਿਕੇਟ ਪ੍ਰਦਾਨ ਕੀਤੇ। ਗੁਰਦੁਆਰਾ ਸਾਧ ਸੰਗਤ ਸਾਹਿਬ ਹੈਬੋਵਾਲ ਕਲਾਂ ਦੇ ਲੰਗਰ ਹਾਲ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਇਹ ਸਰਟੀਫਿਕੇਟ ਵੰਡੇ ਗਏ।ਸੰਸਦ ਮੈਂਬਰ ਸੰਜੀਵ ਅਰੋੜਾ ਨੇ ਇਸ ਪਹਿਲਕਦਮੀ ਨੂੰ ਹੈਬੋਵਾਲ ਖੇਤਰ (ਵਾਰਡ ਨੰਬਰ 65) ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦ ਮਾਲਕੀ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇੱਕ ਇਤਿਹਾਸਕ ਕਦਮ ਦੱਸਿਆ।
ਨਿਵਾਸੀ ਪਿਛਲੇ 50 ਸਾਲਾਂ ਤੋਂ ਆਪਣੀਆਂ ਜਾਇਦਾਦਾਂ ਦੀ ਕਾਨੂੰਨੀ ਮਾਲਕੀ ਦੀ ਮੰਗ ਕਰ ਰਹੇ ਸਨ।ਅਰੋੜਾ ਨੇ ਇਸ ਯੋਜਨਾ ਦੇ ਦੂਰਗਾਮੀ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨਾ ਸਿਰਫ਼ ਦਹਾਕਿਆਂ ਪੁਰਾਣੀਆਂ ਚੁਣੌਤੀਆਂ ਨੂੰ ਹੱਲ ਕਰਦੀ ਹੈ ਬਲਕਿ ਨਿਵਾਸੀਆਂ ਦੇ ਮਾਣ-ਸਨਮਾਨ ਨੂੰ ਵੀ ਬਹਾਲ ਕਰਦੀ ਹੈ ਅਤੇ ਨਵੇਂ ਆਰਥਿਕ ਰਸਤੇ ਖੋਲ੍ਹਦੀ ਹੈ। ਉਨ੍ਹਾਂ ਨੇ ਕਿਹਾ “ਇਹ ਯੋਜਨਾ ਵਸਨੀਕਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਵਿੱਤੀ ਵਿਕਾਸ ਲਈ ਆਪਣੀਆਂ ਜਾਇਦਾਦਾਂ ਦਾ ਲਾਭ ਉਠਾਉਣ ਦੇ ਯੋਗ ਬਣਾਉਂਦੀ ਹੈ।ਇਸ ਪਹਿਲਕਦਮੀ ਦੀ ਹੈਬੋਵਾਲ ਦੇ ਵਸਨੀਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੇ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮਹੀਨੇ ਦੇ ਸ਼ੁਰੂ ਵਿੱਚ, 6 ਮਈ ਨੂੰ, ਗੁਰੂ ਨਾਨਕ ਦੇਵ ਭਵਨ ਵਿਖੇ ਹੋਏ ਇੱਕ ਸਮਾਗਮ ਵਿੱਚ ਸੁਨੇਤ ਅਤੇ ਬਾੜੇਵਾਲ ਦੇ 990 ਲਾਭਪਾਤਰੀਆਂ ਨੂੰ ਇਸੇ ਤਰ੍ਹਾਂ ਮਾਲਕੀ ਅਧਿਕਾਰ ਦਿੱਤੇ ਗਏ ਸਨ।