
ਅਪ੍ਰੇਸ਼ਨ ਸਿੰਧੂਰ ਦੇ ਬਾਅਦ ਭਾਜਪਾ ਪੂਰੇ ਦੇਸ਼ ਵਿੱਚ ਮੰਗਲਵਾਰ ਤੋਂ ਤਿਰੰਗਾ ਯਾਤਰਾ ਕੱਢ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਮੰਗਲਵਾਰ ਆਦਮਪੁਰ ਏਅਰਬੇਸ ਵਿਖੇ ਜਵਾਨਾਂ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸ਼ਾਬਾਸ਼ ਦੇਣ ਪੁੱਜੇ। ਮੋਦੀ ਤੇ ਭਾਜਪਾ ਦੇ ਆਗੂ ਆਪਣੇ ਭਾਸ਼ਣਾਂ ਵਿੱਚ ਪਹਿਲਗਾਮ ਨੂੰ ਲੈ ਕੇ ਅਪ੍ਰੇਸ਼ਨ ਸਿੰਧੂਰ ਦਾ ਜ਼ਿਕਰ ਜ਼ੋਰ-ਸ਼ੋਰ ਨਾਲ ਕਰ ਰਹੇ ਹਨ, ਪਰ ਪਾਕਿਸਤਾਨੀ ਗੋਲੀਬਾਰੀ ਨਾਲ ਮਾਰੇ ਗਏ ਕਸ਼ਮੀਰੀਆਂ ਲਈ ਕੋਈ ਦੋ ਸ਼ਬਦ ਨਹੀਂ ਬੋਲ ਰਿਹਾ। ਕਸ਼ਮੀਰੀਆਂ ਦਾ ਦੁੱਖ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਸਾਹਮਣੇ ਲਿਆਂਦਾ ਹੈ। ਉਨ੍ਹਾ ਕਿਹਾ ਹੈ ਕਿ ਜਿੱਥੇ ਦੇਸ਼ ਨੇ ਪਹਿਲਗਾਮ ਹਮਲੇ ਵਿੱਚ 26 ਸੈਲਾਨੀਆਂ ਦੇ ਮਾਰੇ ਜਾਣ ’ਤੇ ਵਾਜਬ ਸ਼ੋਕ ਜਤਾਇਆ, ਉਥੇ ਜੰੰਮੂ-ਕਸ਼ਮੀਰ ਸਰਹੱਦ ’ਤੇ ਪਾਕਿਸਤਾਨੀ ਗੋਲਾਬਾਰੀ ਨਾਲ ਦੋ ਜਵਾਨਾਂ ਸਣੇ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਨੂੰ ਵਿਆਪਕ ਪੱਧਰ ’ਤੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਰਾਜੌਰੀ, ਪੁਣਛ, ਉੜੀ ਤੇ ਬਾਰਾਮੂਲਾ ਵਿੱਚ ਪਾਕਿਸਤਾਨੀ ਗੋਲਾਬਾਰੀ ਨਾਲ ਮਾਰੇ ਜਾਣ ਵਾਲਿਆਂ ਵਿੱਚ ਸਿਰਫ ਮੁਸਲਮਾਨ ਹੀ ਨਹੀਂ, ਹਿੰਦੂ ਤੇ ਸਿੱਖ ਵੀ ਹਨ।
ਜੇ ਗੁਰਦੁਆਰੇ ਤੇ ਮੰਦਰ ਜ਼ਦ ਵਿੱਚ ਆਏ ਤਾਂ ਪੁਣਛ ਵਿੱਚ ਮਦਰੱਸੇ ਵੀ ਆਏ, ਪਰ ਕਸ਼ਮੀਰ ਵਿੱਚ ਬੇਗੁਨਾਹਾਂ ਦੀਆਂ ਮੌਤਾਂ ਨੂੰ ਮਹਿਜ਼ ‘ਰਸਮੀ’ ਬਣਾ ਦਿੱਤਾ ਗਿਆ ਹੈ। ਇੰਜ ਲਗਦਾ ਹੈ ਕਿ ਜਿਵੇਂ ਇਹ ਘਟਨਾਵਾਂ ਹੋਈਆਂ ਹੀ ਨਹੀਂ। ਉਮਰ ਅਬਦੁੱਲਾ ਨੇ ਬੜੇ ਦੁੱਖ ਨਾਲ ਕਿਹਾ ਹੈ ਕਿ ਪਹਿਲਗਾਮ ’ਤੇ ਭਾਰਤ ਦੀ ਜਵਾਬੀ ਕਾਰਵਾਈ ਦੇ ਬਾਅਦ ਦੀਆਂ ਘਟਨਾਵਾਂ ਦੀ ਸਿਰਫ ਅੱਧੀ ਕਹਾਣੀ ਹੀ ਦੱਸੀ ਜਾ ਰਹੀ ਹੈ। ਪਹਿਲਗਾਮ ਦੀ ਕਹਾਣੀ ਤਾਂ ਦੱਸੀ ਜਾ ਰਹੀ ਹੈ, ਪਰ ਪੁਣਛ ਵਿੱਚ ਜਿਹੜੇ ਜੁੜਵਾਂ ਬੱਚੇ ਮਾਰੇ ਗਏ, ਕਸ਼ਮੀਰ ਵਿੱਚ ਜਿਹੜੀ ਮਹਿਲਾ ਮਰੀ, ਏ ਡੀ ਸੀ ਦੀ ਰਾਮਬਨ ਵਿੱਚ ਆਪਣੇ ਘਰ ਡਿੱਗੇ ਗੋਲੇ ਨਾਲ ਮੌਤ ਹੋਈ, ਇਨ੍ਹਾਂ ਕਹਾਣੀਆਂ ਨੂੰ ਬਦਕਿਸਮਤੀ ਨਾਲ ਦੱਸਿਆ ਨਹੀਂ ਜਾ ਰਿਹਾ। ਗੋਦੀ ਮੀਡੀਆ ਮੋਦੀ ਨੂੰ ਤਾਂ ਨਾਇਕ ਵਜੋਂ ਪੇਸ਼ ਕਰ ਰਿਹਾ ਹੈ, ਪਰ ਕਸ਼ਮੀਰੀਆਂ ਦਾ ਦਰਦ ਨਹੀਂ ਦੱਸ ਰਿਹਾ। ਜੰਮੂ-ਕਸ਼ਮੀਰ ਦੇ ਬਾਰਡਰ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਹਨ, ਉਹ ਦੱਸਦੀਆਂ ਹਨ ਕਿ ਸਥਾਨਕ ਲੋਕ ਗੁੱਸੇ ਵਿੱਚ ਹਨ ਕਿ ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਨਹੀਂ ਦਿੱਤੀ ਗਈ।