ਅਰਪਨ ਲਿਖਾਰੀ ਸਭਾ ਦੀ ਮਾਸਿਕ ਦੀ ਮੀਟਿੰਗ ਦੁਨੀਆਂ ਭਰ ਦੀਆਂ ਮਾਵਾਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਰਹੀ

ਕੈਲਗਰੀ, (ਜਸਵਿੰਦਰ ਸਿੰਘ ਰੁਪਾਲ), 16 ਮਈ – ਅਰਪਨ ਲਿਖਾਰੀ ਸਭਾ ਦੀ ਮਈ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਜਸਵੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ[ ਜਰਨਲ ਸਕੱਤਰ ਦੀ ਜ਼ਿੰਮੇਵਾਰੀ ਸ੍ਰ ਜਗਦੇਵ ਸਿੰਘ ਸਿੱਧੂ ਨੇ ਨਿਭਾਉਂਦਿਆਂ ਵਿਛੜੀਆਂ ਸ਼ਖ਼ਸੀਅਤਾਂ (ਨਾਮਵਰ ਸ਼ਾਇਰ ਕੇਸਰ ਸਿੰਘ ਨੀਰ, ਨਦੀਮ ਪਰਮਾਰ) ਅਤੇ ਸ਼ਿਵ ਬਟਾਲਵੀ ਨੂੰ ਯਾਦ ਕੀਤਾ। ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਮਈ ਮਹੀਨੇ ਨਾਲ ਬਹੁਤ ਸਾਰੀਆਂ ਇਤਿਹਾਸਕ ਯਾਦਾਂ ਜੁੜੀਆਂ ਹੋਈਆਂ ਹਨ, ਅੱਜ ਦੁਨੀਆਂ ਭਰ ਦੀਆਂ ਮਾਵਾਂ ਦਾ ਦਿਨ, ਮਜ਼ਦੂਰ ਦਿਵਸ, ਕਾਮਾਗਾਟਾ ਮਾਰੂ ਦੀ ਘਟਨਾ ਅਤੇ ਸੰਸਾਰ ਯੁੱਧ ਦਾ ਅੰਤ ਵੀ ਮਈ ਮਹੀਨੇ ਵਿਚ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਬੁਲੰਦ ਅਵਾਜ਼ ਦੇ ਮਾਲਕ ਸੁਖਮੰਦਰ ਸਿੰਘ ਗਿੱਲ ਨੇ ਆਪਣੀ ਲਿਖੀ ਕਵਿਤਾ ‘ਨੀ ਹਵਾਏ ਲੈ ਕੇ ਜਾਵੀਂ ਸਾਡੇ ਪਿਆਰ ਦਾ ਪੈਗ਼ਾਮ’ ਹਰਮੋਨੀਅਮ ਦੀਆਂ ਸੁਰਾਂ ਨਾਲ ਸੁਣਾ ਕੇ ਕੀਤੀ। ਬੀਬੀ ਰਾਵਿੰਦਰ ਕੌਰ ਨੇ ਬਹੁਤ ਹੀ ਮਹੱਤਵਪੂਰਨ ਵਿਚਾਰ ਬੜੇ ਨਿਵੇਕਲੇ ਢੰਗ ਨਾਲ ਸਾਂਝੇ ਕਰਦਿਆਂ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਜੋ ਖਾਣ ਨੂੰ ਦਿੰਦੀ ਅਤੇ ਮਾਂ ਬੋਲੀ ਜੋ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੰਦੀ ਹੈ ਦੀ ਗੱਲ ਕੀਤੀ। ਡਾ. ਮਨਮੋਹਨ ਸਿੰਘ ਸ਼ਿਵ ਬਟਾਲਵੀ ਨੂੰ ਯਾਦ ਕਰਦਿਆਂ ਬਹੁਤ ਹੀ ਭਾਵੁਕ ਕਰਨ ਵਾਲ਼ੀ ਕਵਿਤਾ ‘ਮੈਂ ਥੋਰ ਵੇ ਸੱਜਣਾਂ ਉੱਗੀ ਕਿਸੇ ਕੁਰਾਹੇ’ ਸੁਣਾ ਕੇ ਹਾਜ਼ਰੀ ਲਗਵਾਈ। ਜੀਰ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਦਾ ਇਤਿਹਾਸ ਬਾਰੇ ਬਹੁਤ ਹੀ ਸੰਖੇਪ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਸਵੰਤ ਸਿੰਘ ਸੇਖੋਂ ਨੇ ਸ੍ਰ. ਉੱਤਮ ਸਿੰਘ ਹਾਂਸ ਬਾਰੇ ਜਾਣਕਾਰੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰ ਦਾਸ ਜੀ ਦੇ ਗੁਰੂ ਬਣਨ ਦਾ ਇਤਿਹਾਸ ਕਵੀਸ਼ਰੀ ਰੰਗ ਵਿਚ ਪੇਸ਼ ਕੀਤਾ। ਅਵਤਾਰ ਸਿੰਘ (ਤਾਰ) ਬਰਾੜ ਨੇ ਆਪਣੀਆਂ ਲਿਖੀਆਂ ਕਵਿਤਾ ‘ਜੇਕਰ ਮੇਰੀ ਮਾਂ ਨਾ ਹੁੰਦੀ ਤੇ ਮੇਰੀ ਕੋਈ ਥਾਂ ਨਾ ਹੁੰਦੀ’। ਇਕ ਕਵਿਤਾ ਹਿੰਦ-ਪਾਕ ਦੀ ਤਾਜੀ ਜੰਗ ਬਾਰੇ ‘ ਲੜਾਈ ਹੱਲ ਨਾ ਦੇਸ਼ਾਂ ਦੇ ਮਸਲਿਆਂ ਦਾ,ਇਹ ਵਿਉਪਾਰ ਹੈ ਕੁਝ ਦੇਸਾਂ ਦੇ ਅਸਲਿਆਂ ਦਾ’ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਬਲਜਿੰਦਰ ਕੌਰ (ਸੋਨੀ) ਮਾਂਗਟ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਹਾਜ਼ਰੀ ਲਗਵਾਈ। ਦੀਪ ਬਰਾੜ ਨੇ ਮਾਂ ਬਾਰੇ ਬਹੁਤ ਹੀ ਪਿਆਰੀ ਕਵਿਤਾ ‘ਜਦ ਜੱਗ ਤੋਂ ਤੁਰ ਗਈ ਮਾਂ, ਟੋਲਦਾ ਰਹਿ ਜਾਏਗਾ’ ਹਰਮੋਨੀਅਮ ਨਾਲ ਪੇਸ਼ ਕਰਕੇ ਸਰੋਤਿਆਂ ਨੂੰ ਕੀਲਿਆ। ਸੰਗੀਤਕ ਸੁਰਾਂ ਦੇ ਮਾਹਰ ਡਾ. ਜੋਗਾ ਸਿੰਘ ਨੇ ‘ਉੱਚੀ ਜੱਗ ਤੋਂ ਨਿਆਰੀ ਪਿਆਰੀ ਮਾਂ’ ਕਵਿਤਾ ਨਾਲ ਸੁਰ ਤੇ ਸੰਗੀਤ ਦਾ ਸੁਮੇਲ ਪੇਸ਼ ਕੀਤਾ। ਸਤਨਾਮ ਸਿੰਘ ਢਾਅ ਨੇ ਕਰਨੈਲ ਸਿੰਘ ਪਾਰਸ ਦੀ ਬਹੁਤ ਹੀ ਮਕਬੂਲ ਕਵਿਤਾ ‘ਮਾਵਾਂ ਠੰਡੀਆਂ ਛਾਵਾਂ’ ਕਵੀਸ਼ਰੀ ਰੰਗ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਡਾ. ਹਰਮਿੰਦਰਪਾਲ ਸਿੰਘ ਨੇ ਗੁਰਦਾਸ ਮਾਨ ਦਾ ਗਾਇਆ ਛੱਲਾ ਆਪਣੇ ਅੰਦਾਜ਼ ਵਿਚ ਪੇਸ਼ ਕੀਤਾ। ਹਾਸਿਆਂ ਦਾ ਬਾਦਸ਼ਾਹ ਤਰਲੋਕ ਚੁੱਘ ਨੇ ‘ਮਾਂ ਸਭ ਜਾਣਦੀ ਹੈ’ ਦੇ ਵਿਅੰਗ ਰਾਹੀਂ ਚੋਭਾਂ ਚੋਭਦਿਆਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਵਿਚ ਰਹਿੰਦਿਆਂ ਮਜ਼ਦੂਰ ਯੂਨੀਅਨ ਨਾਲ ਕੰਮ ਕਰਦਿਆਂ ਦੇ ਆਪਣੇ ਅਨੁਭਵ ਸਾਂਝੇ ਕੀਤੇ। ਦੀਪਕ ਜੈਤੋਈ ਸੰਸਥਾ ਦੇ ਪ੍ਰਧਾਨ ਦਰਸ਼ਣ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਤੇ ਲਾਲ ਝੰਡੇ ਦਾ ਇਤਿਹਾਸ ਦੀ ਦਾਸਤਾਨ ਸਾਂਝੀ ਕਰਦਿਆਂ ਵਿੱਦਿਆ ਦਾ ਮਹੱਤਵ ਬਿਆਨ ਕਰਦੀ ਕਵਿਤਾ ਪੇਸ਼ ਕੀਤੀ। ਸੁਰੀਲੀ ਅਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਤੂਰ ਨੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੂੰ ਯਾਦ ਕਰਦਿਆਂ ਉਹਨਾਂ ਦੀ ਗ਼ਜ਼ਲ ‘ਗੈਰਾਂ ਆਣ ਪਲੀਤਾ ਲਾਇਆ’ ਸੁਣਾ ਕੇ ਇਕ ਕਵਿਤਾ ਪ੍ਰੋ. ਕੁਲਵੰਤ ਸਿੰਘ ਔਜਲਾ ਦੀ ‘ਲੜਨਾ ਹੈ ਤਾਂ ਪੰਜਾਬ ਸਿਹਾਂ, ਪੰਘਰ ਤੇ ਪਿਘਲਾਉਣ ਲਈ ਲੜ, ਵੰਡਣ ਤੇ ਢਾਉਣ ਲਈ ਨਾ ਲੜ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਟੇਜ ਦੀਆਂ ਸੇਵਾਵਾਂ ਸ੍ਰ. ਜਗਦੇਵ ਸਿੰਘ ਨੇ ਬਾਖੂਬੀ ਨਿਭਾਉਂਦਿਆਂ ਮਾਂ ਦਿਵਸ, ਮਜ਼ਦੂਰ ਦਿਵਸ ਬਾਰੇ ਕਾਰਲ ਮਾਰਕਸ ਦੇ ਵਿਚਾਰਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਦੁਨੀਆਂ ਤੇ ਹੋ ਰਹੀ ਬੇਇਨਸਾਫ਼ੀ ਬਾਰੇ ਵਿਚਾਰ ਸਾਂਝੇ ਕਰਕੇ ਕੈਨੇਡਾ ਵਿਚ ਨੇਟਿਵ ਲੋਕਾਂ ਦੀਆਂ ਮਾਵਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਗੁਮਦੂਰ ਸਿੰਘ ਵਿਰਕ, ਸੁਬਾ ਸ਼ੇਖ, ਚਰਨਜੀਤ ਕੌਰ ਸਿੱਧੂ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ। ਅਖ਼ੀਰ ਤੇ ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਦੀ ਇਹ ਚਰਚਾ ਬਹੁਤ ਹੀ ਨਿਵੇਕਲ਼ੀ ਰਹੀ। ਉਨ੍ਹਾਂ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ ਮੀਟਿੰਗ ਵਿਚ ਇਸੇ ਤਰ੍ਹਾਂ ਹਾਜ਼ਰ ਹੋਣ ਦੀ ਬੇਨਤੀ ਕੀਤੀ।
ਸਾਂਝਾ ਕਰੋ

ਪੜ੍ਹੋ