ਕਵਿਤਾ/ ਕਿਵੇਂ ਲੱਗੇਗਾ ਤੁਹਾਨੂੰ/ ਗੁਰਮੀਤ ਸਿੰਘ ਪਲਾਹੀ

ਕਿਵੇਂ ਲੱਗੇਗਾ ਤੁਹਾਨੂੰ ਜੇਕਰ

ਤੁਹਾਡੇ ਸੁਪਨੇ ਮਰ ਜਾਣ,

ਕਰ ਜਾਵੇ ਕੋਈ ਯਕਦਮ,

ਤੁਹਾਡੀਆਂ ਇਛਾਵਾਂ ਦਾ ਕਤਲ।

ਕਿਵੇਂ ਲੱਗੇਗਾ ਤੁਹਾਨੂੰ ਜੇ ਮੈਂ,

ਰੁੱਸ ਕੇ ਬਹਿ ਜਾਵਾਂ।

**************0**************

ਮੇਰੀ ਜ਼ਿੰਦਗੀ ਤਾਂ ਪਹਿਲਾਂ ਹੀ,

ਦੁੱਖਾਂ ਦੀ ਗਾਥਾ ਹੈ।

ਮੇਰੀ ਜ਼ਿੰਦਗੀ ਤਾਂ ਪਹਿਲਾਂ ਹੀ,

ਤਸ਼ੱਦਦਾਂ ਦਾ ਇਤਿਹਾਸ ਹੈ।

ਮੇਰੀ ਜ਼ਿੰਦਗੀ ਤਾਂ ਪਹਿਲਾਂ ਹੀ,

ਸਹੇ ਜ਼ੁਲਮਾਂ ਦੀ ਦਾਸਤਾਨ ਹੈ।

ਮੇਰੀ ਜ਼ਿੰਦਗੀ ਤਾਂ,

ਅਨਿਆ ਸਹਿੰਦੀ ਰਹੀ ਹੈ।

ਪਿਆਰ ਤੋਂ ਤਰਸਦੀ ਰਹੀ ਹੈ।

ਨਫ਼ਰਤੀ ਬੋਲਾਂ ਨਾਲ ਮਰਦੀ ਰਹੀ ਹੈ,

ਪਸ਼ੂਆਂ ਤੋਂ ਵੀ ਮਾੜਾ ਜੀਵਨ,

ਬਸਰ ਕਰਦੀ ਰਹੀ ਹੈ।

ਕਿਵੇਂ ਲੱਗੇਗਾ ਤੁਹਾਨੂੰ ਜੇਕਰ,

ਤੁਹਾਡੇ ਸੁਪਨੇ ਮਰ ਜਾਣ,

ਕਰ ਜਾਵੇ ਕੋਈ ਯਕਦਮ,

ਤੁਹਾਡੀਆਂ ਇਛਾਵਾਂ ਦਾ ਕਤਲ।

**************0**************

ਮੇਰੇ ਜੀਊਣ ਦੀ ਲਿਲਕ ਖੋਹੀ,

ਜੇਲ੍ਹੀਂ ਡੱਕ ਉਹਨਾ,

ਮੇਰੀ ਵੱਖੀ ‘ਚ ਬਰਛੀ ਖਭੋਈ,

ਮੇਰੇ ਜੁੱਸੇ ਦੀ ਅੱਗ ਨਾਲ ਉਹਨਾ ਖੇਡਿਆ।

ਮੇਰੀ ਨੈਤਿਕਤਾ ਦੀ ਛੱਤਰੀ ‘ਚ ਕਰ ਛੇਕ,

ਮੇਰਾ ਸਰੀਰ ਛਲਣੀ-ਛਲਣੀ ਕਰ,

ਮੇਰੀ ਹਿੰਮਤ ਨਾਲ ਕਰ ਖਿਲਵਾੜ,

ਮੇਰੇ ਸ਼ਬਦਾਂ ਦੀ ਟੋਕਰੀ,

ਜਿਹਨਾ ਬਗਾਵਤ ਬਨਣਾ ਸੀ,

ਮੇਰੇ ਸਿਰੋਂ ਲਾਹੀ।

ਕਿਵੇਂ ਲੱਗੇਗਾ ਤੁਹਾਨੂੰ ਜੇਕਰ,

ਤੁਹਾਡੇ ਸੁਪਨੇ ਮਰ ਜਾਣ,

ਕਰ ਜਾਵੇ ਕੋਈ ਯਕਦਮ,

ਤੁਹਾਡੀਆਂ ਇਛਾਵਾਂ ਦਾ ਕਤਲ।

**************0**************

ਘਟਨਾਵਾਂ ਦ੍ਰਿਸ਼ ਸਿਰਜ ਦੇਂਦੀਆਂ,

ਭਾਸ਼ਾਵਾਂ, ਵਿਚਾਰਧਾਰਾ, ਬਿੰਬ ਰੂਪਕ, ਅਲੰਕਾਰ,

ਨਾਬਰੀ ਸੁਰਾਂ ਦਾ ਕਤਲ ਕਰ ਦੇਂਦੀਆਂ।

ਜੰਗ ਦੇ ਮੈਦਾਨ ‘ਚ,

ਹੱਦਾਂ-ਸਰਹੱਦਾਂ ਲਈ ਹੋ ਲਹੂ-ਲੁਹਾਣ,

ਇੱਕ ਵੱਖਰਾ ਬਿਰਤਾਂਤ ਲਿਖਦੀਆਂ,

ਬਦਲਾ ਲੈਣ ਲਈ ਉਹਨਾ ਤੋਂ,

ਜਿਹਨਾ ਤੋਂ ਵਾਕਫ਼ ਵੀ ਨਹੀਂ ਤੁਸੀਂ,

ਹਥਿਆਰਾਂ ਨਾਲ ਸਰੀਰ ਵੱਢਦੀਆਂ,

ਓਪਰਿਆ ਦਾ ਸੀਨਾ ਵਿੰਨਦੀਆਂ।

ਮੱਘਦੇ ਅੰਗਾਰਿਆਂ ਨਾਲ ਖੇਡ ਖੇਡਾਂ,

ਕਿਸੇ ਹੋਰ ਲਈ, ਆਪਣਾ ਸਰੀਰ ਵੇਚਦੀਆਂ,

 ਕਿਸੇ ਲਈ ਜੰਗ ਕਰਦਿਆਂ,

ਕਿਸੇ ਲਈ ਮਰਦਿਆਂ,

ਕਿਸੇ ਲਈ ਜਾਨ ਕੁਰਬਾਨ ਕਰਦਿਆਂ,

ਕੋਈ ਜੇ ਤੁਹਾਡਾ ਹਥਿਆਰ ਹਥਿਆ ਲਏ,

ਕੋਈ ਤੁਹਾਡੇ ਸੁਪਨੇ ਚੁਰਾ ਲਏ।

ਕਿਵੇਂ ਲੱਗੇਗਾ ਤੁਹਾਨੂੰ ਜੇਕਰ,

ਤੁਹਾਡੇ ਸੁਪਨੇ ਮਰ ਜਾਣ,

ਕਰ ਜਾਵੇ ਕੋਈ ਯਕਦਮ,

ਤੁਹਾਡੀਆਂ ਇਛਾਵਾਂ ਦਾ ਕਤਲ।

**************0**************

ਉਹਨਾ, ਮੇਰਾ ਤ੍ਰਿਸਕਾਰ ਕੀਤਾ ਹੈ,

ਮੇਰੇ ਸੁਪਨਿਆਂ ਦਾ ਕਤਲ ਕੀਤਾ ਹੈ।

ਮੇਰੇ ਪਿਆਰ ਦਾ ਕਤਲ ਕੀਤਾ ਹੈ।

ਮੇਰੀ ਜੀਭ ‘ਤੇ ਰੱਖ ਮੱਘਦਾ ਸੂਆ,

ਮੇਰੀ ਜਾਗਦੀ ਜ਼ਮੀਰ ‘ਤੇ ਵਾਰ ਕੀਤਾ ਹੈ।

ਮੇਰੇ ਅੰਤ੍ਰੀਵ ਨੂੰ ਦੇਹ ਹਲੂਣਾ,

ਮੇਰੇ ਸਬਰ, ਮੇਰੇ ਜਜ਼ਬਿਆਂ ਦਾ ਅਪਮਾਨ ਕੀਤਾ ਹੈ।

ਮੇਰਾ ਵਿਸ਼ਵਾਸ਼:

ਜ਼ਮੀਨ ‘ਤੇ ਬੈਠ ਚੀਕਿਆ,

ਸੜਕਾਂ ਤੇ ਉੱਚੀ ਉੱਚੀ ਚੀਕਿਆ,

ਖੋਹਲੋ ਬੇੜੀਆਂ, ਹੱਥ ਕੜੀਆਂ ਖੋਹਲੋ ਮੇਰੀਆਂ।

ਕਰੋ ਮੁਕਤ ਮੈਨੂੰ:

ਬੰਦਿਸ਼ਾਂ, ਬੇਹੂਦੇ ਸਵਾਲਾਂ ਤੋਂ, ਘੁਮੰਡ ਤੋਂ,

ਸਸਤੇ ਆਨੰਦ ਅਤੇ ਮਾਨਸਿਕ ਪੀੜਾ ਤੋਂ,

ਟੀਸਦੇ ਜ਼ਖ਼ਮਾਂ ਤੋਂ, ਵੰਡ ਦੀ ਦਰਾੜ ਤੋਂ,

ਸ਼ੜਜੰਤਰਾਂ ਤੋਂ, ਟੁੱਟਦੇ ਭੱਜਦੇ ਅਹਿਸਾਸ ਤੋਂ,

ਸ਼ਰਮਿੰਦਗੀ ਤੋਂ, ਪੁਨਰਜੀਵੀ ਵਿਸ਼ਵਾਸ਼ ਤੋਂ,

ਬਸ ਮੁਕਤ ਕਰੋ! ਬਸ ਮੁਕਤ ਕਰੋ!

ਥੱਕ ਗਿਆ ਹਾਂ, ਅੱਕ ਗਿਆ ਹਾਂ,

ਗੋਦੀ ‘ਚ ਬਹਿਕੇ, ਨਿੱਘ ਮਹਿਸੂਸ ਨਹੀਂ ਕਰਦਾ,

ਡਰ ਨਾਲ ਤ੍ਰਿਹ ਗਿਆ ਹਾਂ,

ਨੰਗੇ ਅਸਮਾਨ ਥੱਲੇ,

ਨੰਗਾ ਬਹਿ ਗਿਆ ਹਾਂ।

ਕਿਵੇਂ ਲੱਗੇਗਾ ਤੁਹਾਨੂੰ ਜੇਕਰ,

ਤੁਹਾਡੇ ਸੁਪਨੇ ਮਰ ਜਾਣ,

ਕਰ ਜਾਵੇ ਕੋਈ ਯਕਦਮ,

ਤੁਹਾਡੀਆਂ ਇਛਾਵਾਂ ਦਾ ਕਤਲ।

**************0**************

-ਗੁਰਮੀਤ ਸਿੰਘ ਪਲਾਹੀ

-9815802070

-218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ

ਮਿਤੀ: 11 ਦਸੰਬਰ 2021

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...