
ਨਵੀਂ ਦਿੱਲੀ, 12 ਮਈ – ਪਹਿਲਗਾਮ ਵਿੱਚ ਹੋਏ ਦਰਿੰਦਗੀ ਭਰੇ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਪਾਕਿਸਤਾਨ ਵਿਰੁੱਧ ਲਗਾਤਾਰ ਸਖ਼ਤ ਕਦਮ ਚੁੱਕ ਰਿਹਾ ਹੈ। 7 ਮਈ ਦੀ ਰਾਤ ਨੂੰ, ਭਾਰਤ ਨੇ ਪਾਕਿਸਤਾਨ ਵਿੱਚ ਕਈ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ। ਇਸ ਤੋਂ ਪਹਿਲਾਂ, ਭਾਰਤ ਸਰਕਾਰ ਨੇ ਪਾਕਿਸਤਾਨ ਦੀਆਂ ਤਮਾਮ ਸੈਲੇਬ੍ਰਿਟੀਜ਼ ਦੇ ਸੋਸ਼ਲ ਮੀਡੀਆ ਅਕਾਉਂਟਸ ‘ਤੇ ਭਾਰਤ ਵਿੱਚ ਬੈਨ ਲਗਾ ਦਿੱਤਾ ਸੀ। ਹੁਣ ਇੱਕ ਹੋਰ ਸਖ਼ਤ ਕਦਮ ਚੁੱਕਦੇ ਹੋਏ, ਗੁਆਂਢੀ ਦੇਸ਼ ਦੀ ਤਮਾਮ ਕੰਟੈਂਟ ਨੂੰ ਵੀ ਬੈਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ OTT ਪਲੇਟਫਾਰਮਾਂ ਅਤੇ ਮੀਡੀਆ ਸਟ੍ਰੀਮਿੰਗ ਪਲੇਟਫਾਰਮਸ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਤੋਂ, ਪਾਕਿਸਤਾਨ ਦੇ ਹਰ ਤਰ੍ਹਾਂ ਦੇ ਕੰਟੈਂਟ ਨੂੰ ਭਾਰਤ ਵਿੱਚ ਦਿਖਾਉਣਾ ਬੰਦ ਕੀਤਾ ਜਾਵੇ। ਇਸਦਾ ਮਤਲਬ ਹੈ ਕਿ OTT ਪਲੇਟਫਾਰਮਾਂ, ਯੂਟਿਊਬ ਅਤੇ ਹਰ ਤਰ੍ਹਾਂ ਦੇ ਆਡੀਓ ਸਟ੍ਰੀਮਿੰਗ ਪਲੇਟਫਾਰਮਸ ਤੇ ਪਾਕਿਸਤਾਨ ਵਿੱਚ ਬਣੇ ਹਰ ਤਰ੍ਹਾਂ ਦੇ ਕੰਟੈਂਟ ‘ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ।
ਮੰਤਰਾਲੇ ਦੀ ਐਡਵਾਇਜ਼ਰੀ ਵਿੱਚ ਕੀ ?
ਮੰਤਰਾਲੇ ਨੇ ਆਪਣੀ ਐਡਵਾਇਜ਼ਰੀ ਵਿੱਚ ਕਿਹਾ, “ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ OTT ਪਲੇਟਫਾਰਮਾਂ, ਮੀਡੀਆ ਸਟ੍ਰੀਮਿੰਗ ਪਲੇਟਫਾਰਮਾਂ ਅਤੇ ਵਿਚੋਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਕਿਸਤਾਨ ਵਿੱਚ ਬਣੇ ਵੈੱਬ ਸੀਰੀਜ਼, ਫਿਲਮਾਂ, ਗਾਣੇ, ਪੋਡਕਾਸਟ ਅਤੇ ਹੋਰ ਸਟ੍ਰੀਮਿੰਗ ਮੀਡੀਆ ਕੰਟੈਂਟ, ਜੋ ਸਬਸਕ੍ਰਿਪਸ਼ਨ ਜਾਂ ਕਿਸੇ ਹੋਰ ਤਰ੍ਹਾਂ ਨਾਲ ਮੌਜੂਦ ਹਨ, ਉਨ੍ਹਾਂ ਤੇ ਫੌਰਨ ਰੋਕ ਲਗਾ ਦੇਵੇ।