ਸ਼ਾਹਪੁਰਕੰਢੀ ’ਚ ਮੁੜ ਧਮਾਕੇ ਸੁਣੇ

ਪਠਾਨਕੋਟ, 12 ਮਈ – ਰਣਜੀਤ ਸਾਗਰ ਡੈਮ ਵਾਲੇ ਪਾਸੇ ਸ਼ਾਹਪੁਰਕੰਢੀ ਖੇਤਰ ਵਿੱਚ ਅੱਜ ਸਵੇਰੇ ਦੋ ਧਮਾਕੇ ਸੁਣੇ ਗਏ। ਸਥਾਨਕ ਲੋਕਾਂ ਅਨੁਸਾਰ, ਇਹ ਧਮਾਕੇ ਪਹਿਲਾਂ ਹੋਏ ਧਮਾਕਿਆਂ ਵਰਗੇ ਹੀ ਸਨ। ਇਸ ਤੋਂ ਪਹਿਲਾਂ ਲੰਘੀ ਰਾਤ ਕਰੀਬ 9 ਵਜੇ ਮਾਧੋਪੁਰ ਅਤੇ ਮਾਮੂਨ ਮਿਲਟਰੀ ਸਟੇਸ਼ਨ ਵੱਲ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ ਅਤੇ ਦੋਵਾਂ ਸਥਾਨਾਂ ’ਤੇ 4 ਡਰੋਨ ਵੀ ਦੇਖੇ ਗਏ। ਇਸ ਤੋਂ ਬਾਅਦ ਫ਼ੌਜ ਨੇ ਵੀ ਜਵਾਬੀ ਕਾਰਵਾਈ ਵਿੱਚ ਡਰੋਨ ’ਤੇ ਗੋਲੀਬਾਰੀ ਕੀਤੀ। ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਕਿੱਥੇ ਡਿੱਗੇ, ਇਹ ਪਤਾ ਲਗਾਉਣ ਲਈ ਪੁਲੀਸ ਵੱਲੋਂ ਸ਼ਾਹਪੁਰਕੰਢੀ ਲਾਗੇ ਰਾਵੀ ਦਰਿਆ ਕਿਨਾਰੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮਾਮੂਨ ਦੇ ਛਤਵਾਲ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਅਨੁਸਾਰ, ਡਰੋਨਾਂ ਵਿੱਚੋਂ ਚਿੱਟੇ ਰੰਗ ਦੀਆਂ ਲਾਈਟਾਂ ਦਿਖਾਈ ਦੇ ਰਹੀਆਂ ਸਨ ਅਤੇ ਫੌਜ ਉਨ੍ਹਾਂ ਨੂੰ ਹਵਾ ਵਿੱਚ ਤਬਾਹ ਕਰਨ ਲਈ ਹਮਲਾ ਕਰ ਰਹੀ ਸੀ। ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਇਸ ਕਾਰਵਾਈ ਨੂੰ ਦੇਖਣ ਲੱਗ ਪਏ।

ਜ਼ਿਕਰਯੋਗ ਹੈ ਕਿ ਸ਼ਾਹਪੁਰਕੰਢੀ ਦੇ ਰਾਵੀ ਦਰਿਆ ਦੇ ਪਾਰ ਦਾ ਹਿੱਸਾ ਜੰਮੂ-ਕਸ਼ਮੀਰ ਨਾਲ ਲੱਗਦਾ ਹੈ, ਜਿੱਥੇ ਪਾਕਿਸਤਾਨ ਨੇ ਲੰਘੀ ਸ਼ਾਮ ਜੰਗਬੰਦੀ ਦੀ ਉਲੰਘਣਾ ਕਰ ਕੇ ਗੋਲੀਬਾਰੀ ਕੀਤੀ ਸੀ। ਸ਼ਾਹਪੁਰਕੰਢੀ ਪੁਲੀਸ ਨੇ ਆਪਣੀ ਪੁਲੀਸ ਟੀਮ ਨਾਲ ਸਵੇਰ ਤੋਂ ਹੀ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਥਾਣਾ ਮੁਖੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਕਿਹਾ ਕਿ ਪੁਲੀਸ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਚੌਕਸੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫੌਜ ਨੇ ਪਾਕਿਸਤਾਨ ਤੋਂ ਆ ਰਹੇ ਡਰੋਨਾਂ ਨੂੰ ਅਸਮਾਨ ਵਿੱਚ ਡੇਗਣ ਲਈ ਸ਼ਾਹਪੁਰਕੰਢੀ ਇਲਾਕੇ ਵਿੱਚ ਕਾਰਵਾਈ ਕੀਤੀ ਹੈ ਤਾਂ ਉਨ੍ਹਾਂ ਦੀ ਪੁਲੀਸ ਨੇ ਵੀ ਤੁਰੰਤ ਰਾਵੀ ਦਰਿਆ ਦੇ ਕੰਢੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਸਾਂਝਾ ਕਰੋ

ਪੜ੍ਹੋ