
ਸ਼ੰਘਾਈ, 11 ਮਈ – ਭਾਰਤ ਦੀ ਸਭ ਤੋਂ ਸਫਲ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅੱਜ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 2 ਦੇ ਰਿਕਰਵ ਈਵੈਂਟ ਵਿੱਚ ਕਾਂਸੇ ਦਾ ਤਗਮਾ ਜਿੱਤਿਆ, ਜਦਕਿ ਪਾਰਥ ਸਾਲੁੰਖੇ ਨੇ ਪਹਿਲੀ ਵਾਰ ਪੋਡੀਅਮ ’ਤੇ ਜਗ੍ਹਾ ਬਣਾਈ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ਭਾਰਤ ਦੀ ਮੁਹਿੰਮ ਸੱਤ ਤਗਮਿਆਂ ਨਾਲ ਖ਼ਤਮ ਹੋਈ। ਕੰਪਾਊਂਡ ਤੀਰਅੰਦਾਜ਼ਾਂ ਨੇ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦੋ ਸੋਨ ਤਗਮਿਆਂ ਸਮੇਤ ਪੰਜ ਤਗਮੇ ਜਿੱਤ ਕੇ ਦਬਦਬਾ ਬਣਾਇਆ ਸੀ। ਸੈਮੀਫਾਈਨਲ ਵਿੱਚ ਦੁਨੀਆ ਦੀ ਅੱਵਲ ਦਰਜੇ ਦੀ ਖਿਡਾਰਨ ਲਿਮ ਸਿਹਯੇਓਨ ਨੇ ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਦੀਪਿਕਾ ਨੂੰ 7-1 ਨਾਲ ਹਰਾਇਆ। ਇਸ 21 ਸਾਲਾ ਮੌਜੂਦਾ ਓਲੰਪਿਕ ਚੈਂਪੀਅਨ ਨੇ ਪਿਛਲੇ ਸਾਲ ਯੇਚਿਓਨ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੀ ਭਾਰਤੀ ਤੀਰਅੰਦਾਜ਼ ਨੂੰ ਹਰਾਇਆ ਸੀ। ਹਾਲਾਂਕਿ 30 ਸਾਲਾ ਭਾਰਤੀ ਤੀਰਅੰਦਾਜ਼ ਨੇ ਸੈਮੀਫਾਈਨਲ ਦੀ ਨਿਰਾਸ਼ਾ ਪਿੱਛੇ ਛੱਡ ਕੇ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਇੱਕ ਹੋਰ ਕੋਰਿਆਈ ਤੀਰਅੰਦਾਜ਼ ਕਾਂਗ ਚਾਏ ਯੰਗ ਨੂੰ 7-3 ਨਾਲ ਹਰਾ ਕੇ ਪੋਡੀਅਮ ’ਤੇ ਆਪਣਾ ਸਥਾਨ ਪੱਕਾ ਕੀਤਾ।
ਅੱਜ ਪਹਿਲਾ ਸੈੱਟ 27-27 ਨਾਲ ਡਰਾਅ ’ਤੇ ਖ਼ਤਮ ਹੋਇਆ ਪਰ ਦੀਪਿਕਾ ਨੇ ਦੂਜੇ ਸੈੱਟ ਵਿੱਚ 28 ਅੰਕਾਂ ਨਾਲ 3-1 ਦੀ ਲੀਡ ਲੈ ਲਈ। ਬਾਅਦ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਕਾਂਗ ਨੇ ਵਾਪਸੀ ਕੀਤੀ ਅਤੇ ਦੀਪਿਕਾ ਦੇ 27 ਦੇ ਮੁਕਾਬਲੇ 30 ਅੰਕਾਂ ਨਾਲ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਚਾਰ ਵਾਰ ਦੀ ਓਲੰਪੀਅਨ ਦੀਪਿਕਾ ਨੇ ਆਪਣਾ ਤਜਰਬਾ ਵਰਤਦਿਆਂ ਤਿੰਨੋਂ ਟੀਚੇ 10 ਅੰਕਾਂ ’ਤੇ ਲਾ ਕੇ 5-3 ਦੀ ਲੀਡ ਲੈ ਲਈ। ਇਸ ਤੋਂ ਬਾਅਦ ਉਸ ਨੇ ਕਾਂਗ ਦੇ 28 ਦੇ ਮੁਕਾਬਲੇ 29 ਅੰਕ ਬਣਾ ਕੇ ਆਪਣੀ ਜਿੱਤ ’ਤੇ ਮੋਹਰ ਲਾਈ। ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਪਾਰਥ ਸਾਲੁੰਖੇ ਨੇ ਕਾਂਸੇ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਸੱਤਵਾਂ ਤਗਮਾ ਪੱਕਾ ਕੀਤਾ। 21 ਸਾਲਾ ਖਿਡਾਰੀ ਨੇ ਕੋਰਿਆਈ ਖਿਡਾਰੀ ਕਿਮ ਵੂਜਿਨ ਤੋਂ ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਫਰਾਂਸ ਦੇ ਤੀਰਅੰਦਾਜ਼ ਬੈਪਟਿਸਟੇ ਐਡਿਸ ਨੂੰ ਪੰਜ ਸੈੱਟਾਂ ਦੇ ਰੋਮਾਂਚਕ ਮੈਚ ਵਿੱਚ 6-4 ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਤਗ਼ਮਾ ਜਿੱਤਿਆ