ਭਾਰਤ ਨਾਲ ਜੰਗ ਨਾ ਹੋਣ ਦਾ ਜਸ਼ਨ ਮਨਾ ਰਹੀ ਹੈ ਉੱਥੇ ਦੀ ਅਵਾਮ

ਨਵੀਂ ਦਿੱਲੀ, 12 ਮਈ – ਭਾਰਤੀ ਫੌਜ ਨੇ ਪਾਕਿਸਤਨ ਅੰਦਰ ਕਾਫੀ ਤਬਾਹੀ ਮਚਾਉਣ ਦਾ ਦਾਅਵਾ ਕੀਤੇ ਹੈ। ਦੂਜੇ ਪਾਸੇ ਜੰਗਬੰਦੀ ਤੋਂ ਬਾਅਦ ਪਾਕਿਸਤਾਨ ਦੀਆਂ ਸੜਕਾਂ ‘ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਫੌਜੀ ਟੈਂਕਾਂ ਉਪਰ ਫੁੱਲ ਬਰਸਾਏ ਜਾ ਰਹੇ ਹਨ। ਪਾਕਿਸਤਾਨੀ ਲੋਕ ਕਹਿ ਰਹੇ ਹਨ ਕਿ ਆਪ੍ਰੇਸ਼ਨ ਬੁਨਿਆਨ ਮਰਸੂਸ ਸਫਲ ਰਿਹਾ ਹੈ। ਦੂਜੇ ਪਾਸੇ ਜੰਗਬੰਦੀ ਦੇ ਬਾਵਜੂਦ ਪਾਕਿਸਤਾਨੀ ਪੰਜਾਬ ਵਿੱਚ ਦੂਤਾਵਾਸਾਂ ਦੀ ਸੁਰੱਖਿਆ ਵਧਾਈ ਗਈ। ਪਾਕਿਸਤਾਨੀ ਮੀਡੀਆ ਵਿੱਚ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ।

ਪਾਕਿਸਤਾਨੀ ਅਖ਼ਬਾਰ ਨਵਾ-ਏ-ਵਕਤ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਲਾਹੌਰ ਤੇ ਰਾਵਲਪਿੰਡੀ ਸਮੇਤ ਦੇਸ਼ ਭਰ ਵਿੱਚ ਜਸ਼ਨ ਮਨਾਏ ਗਏ। ਲਾਹੌਰ ਵਿੱਚ ਲੋਕ ਸੜਕਾਂ ‘ਤੇ ਨਿਕਲੇ ਲੋਕਾਂ ਨੇ ਭੰਗੜੇ ਪਾਏ ਤੇ ਪਟਾਕੇ ਚਲਾਏ। ਲੋਕਾਂ ਨੇ ਕਿਹਾ ਕਿ ਅਸੀਂ ਜੰਗ ਦੇ ਅੰਤ ਤੋਂ ਬਹੁਤ ਖੁਸ਼ ਹਾਂ, ਪਰ ਦੇਸ਼ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਸਿਆਲਕੋਟ ਵਿੱਚ ਜਨਤਾ ਨੇ ਪਾਕਿਸਤਾਨੀ ਫੌਜ ਦਾ ਜ਼ੋਰਦਾਰ ਸਵਾਗਤ ਕੀਤਾ। ਲੋਕ ਆਪਣੇ ਘਰਾਂ ਤੋਂ ਬਾਹਰ ਆਏ ਤੇ ਟੈਂਕਾਂ ‘ਤੇ ਆਉਣ ਵਾਲੇ ਸੈਨਿਕਾਂ ‘ਤੇ ਫੁੱਲ ਵਰ੍ਹਾਏ। ਸਿਆਲਕੋਟ ਦੇ ਡਿਪਟੀ ਕਮਿਸ਼ਨਰ ਸਬਾ ਅਸਗਰ ਅਲੀ ਦੀ ਅਗਵਾਈ ਹੇਠ ਇੱਕ ਰੈਲੀ ਕੱਢੀ ਗਈ। ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ।

ਪਾਕਿਸਤਾਨੀ ਅਖਬਾਰ ਜੰਗ ਦੇ ਅਨੁਸਾਰ ਇਸਲਾਮਾਬਾਦ ਵਿੱਚ ਬੱਚੇ, ਬਾਲਗ ਤੇ ਬਜ਼ੁਰਗ ਸੜਕਾਂ ‘ਤੇ ਜਸ਼ਨ ਮਨਾਉਂਦੇ ਦੇਖੇ ਗਏ। ਦੋਵਾਂ ਦੇਸ਼ਾਂ ਵਿਚਕਾਰ ਹੋਈ ਜੰਗਬੰਦੀ ਤੋਂ ਹਰ ਕੋਈ ਖੁਸ਼ ਹੈ ਤੇ ਮਠਿਆਈਆਂ ਵੰਡ ਰਿਹਾ ਹੈ। ਜੰਗਬੰਦੀ ਦੇ ਜਸ਼ਨ ਵਿੱਚ ਲੋਕਾਂ ਨੇ ਭੰਗੜਾ ਪਾਇਆ ਤੇ ਗਲੀਆਂ ਵਿੱਚ ਢੋਲ ਦੀ ਤਾਲ ‘ਤੇ ਗੀਤ ਗਾਏ। ਇਸ ਮੌਕੇ ਲੋਕਾਂ ਨੇ ਜੰਗਬੰਦੀ ਨੂੰ ਜੰਗ ਵਿੱਚ ਪਾਕਿ ਫੌਜ ਦੀ ਜਿੱਤ ਕਿਹਾ ਤੇ ਇਸ ਨੂੰ ਆਪ੍ਰੇਸ਼ਨ ਬੁਨਿਆਨ ਮਰਸੂਸ ਦੀ ਸਫਲਤਾ ਕਿਹਾ। ਪਾਕਿਸਤਾਨ ਦੇ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਫੌਜਾਂ ਨੇ ਜਿੱਤ ਹਾਸਲ ਕੀਤੀ ਹੈ।

ਪਾਕਿਸਤਾਨੀ ਅਖ਼ਬਾਰ ਜੰਗ ਅਨੁਸਾਰ, ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਲਾਹੌਰ, ਕਰਾਚੀ ਤੇ ਇਸਲਾਮਾਬਾਦ ਸਮੇਤ ਸਾਰੇ ਹਵਾਈ ਅੱਡਿਆਂ ‘ਤੇ ਲਗਪਗ 150 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜੰਗ ਦੀ ਸਥਿਤੀ ਕਾਰਨ ਲੋਕ ਉਡਾਣਾਂ ਲੈਣ ਤੋਂ ਝਿਜਕ ਰਹੇ ਹਨ। ਕਰਾਚੀ ਦੀਆਂ 45 ਉਡਾਣਾਂ, ਇਸਲਾਮਾਬਾਦ ਦੀਆਂ 40 ਉਡਾਣਾਂ ਤੇ ਲਾਹੌਰ ਦੀਆਂ 38 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਮੁਲਤਾਨ ਦੀਆਂ 10 ਉਡਾਣਾਂ, ਪੇਸ਼ਾਵਰ ਦੀਆਂ 11 ਉਡਾਣਾਂ ਤੇ ਸਿਆਲਕੋਟ ਦੀਆਂ 6 ਉਡਾਣਾਂ ‘ਤੇ ਪਾਬੰਦੀ ਲਗਾਈ ਗਈ। ਇਹ ਸਾਰੀਆਂ ਉਡਾਣਾਂ ਘਰੇਲੂ ਹਨ।

ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਰੋਜ਼ਨਾਮਾ ਦੇ ਅਨੁਸਾਰ, ਪੰਜਾਬ ਦੇ ਆਈਜੀ ਡਾ. ਉਸਮਾਨ ਅਨਵਰ ਨੇ ਕਿਹਾ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੇ ਆਦੇਸ਼ਾਂ ‘ਤੇ ਸੂਬੇ ਵਿੱਚ ਮੌਕ ਡ੍ਰਿਲ ਚੱਲ ਰਹੀ ਹੈ। ਭਾਰਤ ਨਾਲ ਜੰਗ ਵਰਗੀ ਸਥਿਤੀ ਕਾਰਨ ਲਾਹੌਰ ਵਿੱਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ। ਪੁਲਿਸ ਚੌਕੀਆਂ, ਚੀਨ ਸਮੇਤ ਸਾਰੇ ਵਿਦੇਸ਼ੀ ਦੂਤਾਵਾਸਾਂ ਤੇ ਸੰਵੇਦਨਸ਼ੀਲ ਖੇਤਰਾਂ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਮੌਕ ਡ੍ਰਿਲ ਵਿੱਚ ਪੁਲਿਸ ਤੋਂ ਇਲਾਵਾ, ਏਲੀਟ ਫੋਰਸ, ਸਪੈਸ਼ਲ ਬ੍ਰਾਂਚ ਤੇ ਬੰਬ ਡਿਸਪੋਜ਼ਲ ਯੂਨਿਟ ਵੀ ਸ਼ਾਮਲ ਹਨ। ਇਸ ਸਮੇਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਕੀਤੀ ਗਈ ਹੈ।

ਸਾਂਝਾ ਕਰੋ

ਪੜ੍ਹੋ