ਪੰਜਾਬ ਯੂਨੀਵਰਸਿਟੀ ਨੇ ਕੈਂਪਸ ‘ਚ ਮੌਜ ਮਸਤੀ ਵਾਲੇ ਪ੍ਰੋਗਰਾਮਾਂ ’ਤੇ ਲਗਾਈ ਪਾਬੰਦੀ

ਚੰਡੀਗੜ੍ਹ, 12 ਮਈ – ਮਾਰਚ ਮਹੀਨੇ ਇਕ ਸਟਾਰ ਨਾਈਟ ਦੌਰਾਨ ਹੋਈ ਲੜਾਈ ਵਿਚ ਅਦਿੱਤਿਆ ਠਾਕੁਰ ਨਾਮਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ ਅਗਲੇ ਵਿਦਿਅਕ ਸੈਸ਼ਨ ਤੋਂ ਕੈਂਪਸ ਵਿਚ ਸਟਾਰ ਨਾਈਟ ਅਤੇ ਹੋਲੀ ਦੇ ਤਿਉਹਾਰ ਨਹੀਂ ਹੋਣ ਦਿਤੇ ਜਾਣਗੇ। ਇਹ ਫ਼ੈਸਲਾ ਪ੍ਰੋ. ਨੰਦਿਤਾ ਸਿੰਘ ਵਲੋਂ ਸਿਫ਼ਾਰਸ਼ ਕੀਤੇ (ਐਸ.ਓ.ਪੀ) ਦੇ ਆਧਾਰ ’ਤੇ ਲਿਆ ਗਿਆ ਹੈ, ਜਿਸ ਵਿਚ ਸਾਬਕਾ ਡੀਨ ਵਿਦਿਆਰਥੀ ਭਲਾਈ ਪ੍ਰੋ. ਇਮੈਨੂਅਲ ਨਾਹਰ ਵੀ ਮੈਂਬਰ ਸਨ ਅਤੇ ਇਹ ਕਮੇਟੀ ਅਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਵੀ.ਸੀ. ਪ੍ਰੋ. ਰੇਨੂ ਵਿੱਗ ਨੇ ਬਣਾਈ ਸੀ ਅਤੇ ਉਨ੍ਹਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਸਟੂਡੈਂਟ ਸੈਂਟਰ ’ਤੇ ਡੀ.ਜੇ. ਸਿਸਟਮ ਵਜਾਉਣ ’ਤੇ ਪਾਬੰਦੀ ਇਕ ਵੱਡਾ ਫ਼ੈਸਲਾ ਹੈ, ਜਿਹੜਾ ਕਮੇਟੀ ਨੇ ਲਿਆ ਹੈ ਅਤੇ ਮੌਜ ਮਸਤੀ ਦੇ ਬਹੁਤੇ ਪ੍ਰੋਗਰਾਮ ਹੁਣ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਜਾਣਗੇ।

ਪੰਜਾਬ ਯੂਨੀਵਰਸਟੀ ਵਲੋਂ ਅਕਾਦਮਿਕ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਵਿਚ ਵਿਗਿਆਨ ਪ੍ਰਦਰਸ਼ਨੀ ਅਤੇ ਵਿਮਰਸ ਪ੍ਰੋਗਰਾਮ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਫ਼ੈਸਲਿਆਂ ਬਾਰੇ ਪ੍ਰੋ. ਇਮੈਨੁਅਲ ਨਾਹਰ ਨੇ ਦਸਿਆ ਕਿ ਅਜਿਹੇ ਵਿਦਿਅਕ ਪ੍ਰੋਗਰਾਮ ਜ਼ਰੂਰੀ ਹੋ ਗਏ ਹਨ ਅਤੇ ਵਿਦਿਆਰਥੀ ਕੌਂਸਲ ਦੇ ਆਪਹੁਦਰੇ ਪ੍ਰੋਗਰਾਮਾਂ ਤੇ ਨਜ਼ਰ ਰੱਖਣ ਲਈ ਕਮੇਟੀ ਨੇ ਸਰਬਸੰਮਤੀ ਨਾਲ ਫੈਸਲੇ ਕੀਤੇ ਹਨ। ਪ੍ਰੋ. ਨਾਹਰ ਨੇ ਦਸਿਆ ਕਿ ਵਿਦਿਆਰਥੀ ਕੌਂਸਲ ਵਿੱਚ ਲੜਕੀਆਂ ਲਈ ਇਕ ਸੀਟ ਰਾਖਵੀਂ ਹੋਵੇਗੀ ਅਤੇ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ। ਲੜਕੀ ਨੂੰ ਕਿਹੜਾ ਅਹੁਦਾ ਦੇਣਾ ਹੈ ਇਸ ਦਾ ਫ਼ੈਸਲਾ ਡਰਾਅ ਰਾਹੀਂ ਕੀਤਾ ਜਾਵੇਗਾ। ਹੁਣ ਵਿਦਿਆਰਥੀ ਕੌਂਸਲ ਦੇ ਚਾਰੇ ਅਹੁਦੇਦਾਰਾਂ ਪ੍ਰਧਾਨ, ਸਕੱਤਰ, ਮੀਤ ਪ੍ਰਧਾਨ ਅਤੇ ਸੰਯੁਕਤ ਸਕੱਤਰ ਅਪਣੇ ਅਪਣੇ ਪ੍ਰੋਗਰਾਮ ਕਰਵਾ ਸਕਣਗੇ। ਇਸ ਤੋਂ ਪਹਿਲਾਂ ਕੇਵਲ ਪ੍ਰਧਾਨ ਅਤੇ ਸਕੱਤਰ ਕੋਲ ਇਹ ਅਧਿਕਾਰ ਸੀ। ਪ੍ਰੋ. ਨਾਹਰ ਨੇ ਦਸਿਆ ਕਿ ਸਟਾਰ ਨਾਈਟਾਂ ਮੌਕੇ ਬਾਹਰਲੇ ਲੋਕ ਵੱਡੀ ਗਿਣਤੀ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਸਾਂਝਾ ਕਰੋ

ਪੜ੍ਹੋ