ਕਵਿਤਾ/ ਸੰਕਟ ਮੋਚਕ/ ਗੁਰਮੀਤ ਸਿੰਘ ਪਲਾਹੀ

ਮੈਂ ਤੇਰਾ ਸੰਕਟ ਮੋਚਕ,

ਮੈਂ ਤੇਰਾ ਰੱਖਿਅਕ,

ਕਾਹਦਾ ਫਿਕਰ ਤੈਨੂੰ,

ਬੱਸ ਵੋਟ ਮੈਨੂੰ ਦੇ ਦੇ।

ਮੈਂ ਤੈਨੂੰ ਨੋਟ ਦਿਆਂਗਾ,

ਬੱਸ ਵੋਟ ਮੈਨੂੰ ਦੇ ਦੇ।

ਮੈਂ ਤੇਰਾ ਸੰਕਟ ਮੋਚਕ,

ਮੈਂ ਤੇਰਾ ਰੱਖਿਅਕ।

———————-0——————-

ਮੈਂ ਕਾਨੂੰਨ ਬਣਾਵਾਂਗਾ,

 ਤੂੰ ਚੁੱਪ ਰਹਿ,

ਮੈਂ ਤਾਕਤ ਦਾ ਡੰਡਾ ਚਲਾਵਾਂਗਾ,

 ਤੂੰ ਚੁੱਪ ਰਹਿ।

ਕਿਵੇਂ ਰੋਟੀ, ਲੀਰਾਂ-ਲੀੜਿਆਂ ਬਿਨ੍ਹਾਂ ਰਹਿਣਾ,

ਇਹ ਸਬਕ ਪੜ੍ਹਾਵਾਂਗਾ।

ਮੈਂ ਹਾਂ ਤਾਂ ਮੁਮਕਿਨ ਹੈ,

ਤੂੰ ਚੁੱਪ ਰਹਿ।

ਮੈਂ ਤੇਰਾ ਸੰਕਟ ਮੋਚਕ,

ਮੈਂ ਤੇਰਾ ਰੱਖਿਅਕ।

———————-0——————-

ਕਾਹਦਾ ਫ਼ਿਕਰ ਹੈ ਤੈਨੂੰ?

ਕਾਨੂੰਨ ਦਾ ਸਹਾਰਾ ਮੈਨੂੰ।

ਨਜਾਇਜ਼ ਪ੍ਰਯੋਗ ਕਰਨ ਦਾ ਹੱਕ ਮੈਨੂੰ,

ਲੋਕਾਂ ਦੇ ਸੰਘ ਅੰਗੂਠਾ ਦੇਕੇ,

ਛੱਲ, ਕਪਟ, ਝੂਠ ਬਣ,

ਖੜੇ-ਖੜੇ ਬੰਦਾ ਵੇਚਣਾ ਕਸਬ ਮੇਰਾ,

ਮੈਂ ਹਾਂ ਤੇਰਾ ਸੰਕਟ ਮੋਚਕ

ਮੈਂ ਹਾਂ ਤੇਰਾ ਰੱਖਿਅਕ।

———————-0——————-

ਤੈਨੂੰ ਉਚੀ ਸਾਹ ਨਹੀਂ ਭਰਨ ਦਿਆਂਗਾ,

 ਸੀਅ ਨਹੀਂ ਕਰਨ ਦਿਆਂਗਾ,

ਜੀਊਂਦੇ ਜੀ, ਹਉਕਾ ਨਹੀਂ ਭਰਨ ਦਿਆਂਗਾ।

ਮੈਂ ਹਾਂ ਤੇਰਾ ਸੰਕਟ ਮੋਚਕ,

ਕਾਨੂੰਨ ਦਾ ਰਾਖਾ!

ਤੇਰਾ ਰੱਖਿਅਕ!

———————-0——————-

ਤੂੰ ਮੇਰਾ ਨਹੀਂ,

ਤੂੰ ਪਰੇ ਹੋ,

ਤੂੰ ਪਰੇ ਚਲ।

ਕੋਈ ਹੋਰ ਦਰ ਮੱਲ,

ਤੂੰ ਮੇਰਾ ਨਹੀਂ,

ਤੇਰਾ ਕੋਈ ਹੱਕ ਨਹੀਂ।

ਭੁੱਲ ਜਾਹ ਕਿ ਤੂੰ,

ਇਸ ਦੇਸ਼ ਦਾ ਵਾਸੀ।

ਖ਼ਬਰਦਾਰ! ਉੱਚਾ ਨਾ ਕੂੰਈ,

ਮਾਰ ਮੂੰਹ ‘ਤੇ ਗੰਢ,

ਖ਼ਬਰਦਾਰ ਮੈਂ ਜੋ ਚਾਹਾਂ ਪਹਿਨੀ,

ਮੈਂ ਜੋ ਚਾਹਾਂ ਉਹੀ ਕਰੀਂ!

ਮੈਂ ਤੇਰਾ ਰੱਖਿਅਕ,

ਮੈਂ ਤੈਨੂੰ ਕੁੱਟਾਂ,

ਛੁਰੀ ਫੜ ਜਵਾਹ ਕਰਾਂ,

ਜੇਲ੍ਹੀ ਤੂੜਾਂ,

ਭੱਠੀ ‘ਚ ਸੁੱਟਾਂ,

ਡੁਬੋ-ਡੁਬੋ ਕੇ ਮਾਰਾਂ,

ਵਿਚਾਰ ਦਰਦ ਨੂੰ ਪੁੱਠਾ ਟੰਗ ਕੇ,

ਤੇਰੇ ਲਹੂ ‘ਚ,

ਰੰਗ ਮਿਲਾਵਟ ਭਰਾਂ,

ਤੇਰਾ ਸੋਸ਼ਣ ਕਰਾਂ।

ਮੈਂ ਹਾਂ ਤੇਰਾ ਸੰਕਟ ਮੋਚਕ,

ਮੈਂ ਹਾਂ ਤੇਰਾ ਰੱਖਿਅਕ

———————-0——————-

ਮੈਂ ਤੇਰਾ ਪਿਉ, ਤੇਰਾ ਜਨਮ ਦਾਤਾ,

ਦੇਹ ਘੁਰਕੀਆਂ, ਇੱਜ਼ਤ ਦਾ ਦੇ ਕੇ ਵਾਸਤਾ,

 ਚੁੱਪ ਕਰਵਾਉਣ ਵਾਲਾ।

ਮੈਂ ਤੇਰਾ ਭਰਾ, ਤੇਰਾ ਹੱਕ ਖੋਹਣ ਵਾਲਾ,

ਤੇਰੀ ਬੁਰਕੀ, ਆਪਣੇ ਹਿੱਸੇ ਪਾਉਣ ਵਾਲਾ।

ਤੈਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਵਾਲਾ,

ਜਜ਼ਬਿਆਂ ਦੀ ਦੇ ਕੇ ਸਿਖਿਆ,

ਘਰ, ਖੇਤ, ਇਥੋਂ ਤੱਕ ਕਿ ਤੇਰੀ ਜ਼ਮੀਰ,

ਆਪਣੇ ਨਾਵੇਂ ਲਵਾਉਣ ਵਾਲਾ।

ਮੈਂ ਹਾਂ ਮਰਦ, ਔਰਤ ਦਾ ਪਾਲਕ, ਮਾਲਕ।

ਮੈਂ ਹਾਂ ਤੇਰਾ ਸੰਕਟ ਮੋਚਕ,

ਮੈਂ ਹਾਂ ਤੇਰਾ ਰੱਖਿਅਕ।

———————-0——————-

ਮੈਂ ਹਾਂ ਖੇਖਣ:

ਕੋੜਿਆਂ, ਹਥੋੜਿਆਂ, ਹਥਿਆਰਾਂ,

ਬੰਬਾਂ, ਤੋਪਾਂ,ਗੋਲਿਆਂ ਦਾ ਆਸ਼ਕ।

ਮੈਂ ਹਾਂ ਗਿਰਜ਼:

 ਘਿਰਣਾ, ਸੱਤਾ, ਵਿਖਾਵੇ, ਤਸ਼ਦੱਦ ਦਾ ਪੁਜਾਰੀ।

ਜ਼ੋਰ-ਸਾਹੀਆਂ, ਜ਼ਾਰ-ਸ਼ਾਹੀਆਂ ਦਾ ਉਪਾਸਕ,

ਮੈਂ ਹਾਂ ਸੱਤਾ ਦਾ ਥੰਮ:

ਇਕਤਾਰਾ ਦੂਰ ਮੇਰੇ ਤੋਂ,

ਸ਼ਹਿਨਾਈ ਦੂਰ ਮੇਰੇ ਤੋਂ,

ਸਮਝ ਕੋਹਾਂ ਦੂਰ ਮੇਰੇ ਤੋਂ,

ਮੈਂ ਹਾਂ “ਸਾਫ਼ ਸੁਥਰਾ” ਸ਼ਾਸ਼ਕ!!

ਮੈਂ ਹਾਂ ਤੇਰਾ ਸੰਕਟ ਮੋਚਕ,

ਮੈਂ ਹਾਂ ਤੇਰਾ ਰੱਖਿਅਕ।

———————-0——————-

ਅਰਾਮ ਕਰੋ, ਕਸਰਤ ਕਰੋ,

ਖੇਡਾਂ ਖੇਡੋ, ਕਲਾਤਮਕ ਕੰਮ ਕਰੋ,

ਪ੍ਰਾਰਥਨਾ ਕਰੋ, ਰਹੋ ਸਿਹਤ ਯਾਬ।

ਨਾ ਸੁਣੋ ਅੰਤਰ ਆਤਮਾ ਦੀ ਆਵਾਜ਼,

ਨਾ ਜੇਰਾ ਕਰੋ ਪ੍ਰਛਾਵਿਆਂ ਨੂੰ ਪਛਾਨਣ ਦਾ।

ਨਾ ਸਿਰਜੋ ਨਵੇਂ ਸੁਪਨੇ,

 ਨਾ ਲੱਭੋ ਮਨਮਰਜ਼ੀ ਦੇ ਰਾਹ,

ਨਾ ਬਣੋ ਸੰਵੇਦਨਸ਼ੀਲ,

ਨਾ ਪੜ੍ਹੋ ਕਿਤਾਬਾਂ,

ਨਾ ਤਲਾਸ਼ੋ  ਜ਼ਿੰਦਗੀ ਜੀਊਣ ਦੇ ਨਵੇਂ ਰਾਹ।

ਇਹ ਸਭ ਵਿਅਰਥ ਹੈ!!

ਅਰਥ ਹਨ:

ਬੁਰਕੀ ਰੋਟੀ ਖਾਓ ਤੇ ਫਿਰ ਸੌਂ ਜਾਓ।

ਅਰਥ ਹਨ:

ਚੁੱਪ ਰਹੋ ਜਾਂ ਉਪਰਲੀ ਅਵਾਜ਼ ਨਾਲ ਆਵਾਜ਼ ਮਿਲਾਓ।

ਅਰਥ ਹਨ:

ਘਰ ਦੀਆਂ ਪੌੜੀਆਂ ਤੇ ਡੁਲਦਾ ਖ਼ੂਨ ਵੇਖੋ ਤੇ,

ਆਪਣੀ ਵਾਰੀ ਦੀ ਉਡੀਕ ਕਰੋ।

ਅਰਥ ਹਨ:

ਨਿਰਦੋਸ਼ ਹੋਣ ਦੇ ਜ਼ੁਰਮ ਵਿੱਚ ਸਜ਼ਾ ਪਾਓ।

ਕਿਉਂਕਿ ਮੈਂ ਹਾਂ ਸੰਕਟ ਮੋਚਕ,

ਮੈ ਤੇਰਾ ਰੱਖਿਅਕ,

ਕਾਹਦਾ ਫ਼ਿਕਰ ਤੈਨੂੰ?

———————-0——————-

-ਗੁਰਮੀਤ ਸਿੰਘ ਪਲਾਹੀ

-9815802070

218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ

ਮਿਤੀ 10/12/2021

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...