
ਨਵੀਂ ਦਿੱਲੀ, 9 ਮਈ – ਭਾਰਤੀ ਫੌਜੀ ਕਾਰਵਾਈ ਦੇ ਬਾਅਦ ਪਾਕਿਸਤਾਨ ਨੇ ਘੁੱਟਣ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਭਾਰਤ ਆਪਣਾ ਹਮਲਾ ਰੋਕ ਦਿੰਦਾ ਹੈ, ਤਾਂ ਅਸੀਂ ਵੀ ਕੋਈ ਕਾਰਵਾਈ ਨਹੀਂ ਕਰਾਂਗੇ। ਉਨ੍ਹਾਂ ਨੇ Bloomberg ਨਾਲ ਗੱਲਬਾਤ ਕਰਦੇ ਹੋਏ ਇਹ ਵੀ ਦੱਸਿਆ ਕਿ ਪਾਕਿਸਤਾਨ ਭਾਰਤ ਵਿਰੁੱਧ ਕੋਈ ਦੁਸ਼ਮਣੀ ਵਾਲਾ ਵਿਵਹਾਰ ਨਹੀਂ ਕਰ ਰਿਹਾ, ਸਿਰਫ ਆਪਣੀ ਜ਼ਮੀਨ ਦੀ ਰੱਖਿਆ ਕਰ ਰਿਹਾ ਹੈ। ਆਸਿਫ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਤੋਂ ਪਾਕਿਸਤਾਨ ਸਾਫ ਕਰ ਚੁੱਕਿਆ ਹੈ ਕਿ ਉਹ ਭਾਰਤ ਵਿਰੁੱਧ ਪਹਿਲ ਨਹੀਂ ਕਰੇਗਾ। ਪਰ ਜੇਕਰ ਭਾਰਤ ਹਮਲਾ ਕਰੇਗਾ, ਤਾਂ ਉਸਦਾ ਜਵਾਬ ਜ਼ਰੂਰ ਮਿਲੇਗਾ।
ਪਾਕਿਸਤਾਨ ਦਾ ਪੱਖ ਲੈਣ ਤੋਂ ਬਚਦਾ ਨਜ਼ਰ ਆਇਆ ਚੀਨ
ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਕਿਹਾ ਕਿ ਭਾਰਤ ਦੀ ਫੌਜੀ ਕਾਰਵਾਈ ਨੂੰ ਚੀਨ “ਦੁੱਖਦਾਇਕ” ਮੰਨਦਾ ਹੈ। ਚੀਨ ਨੇ ਕਿਹਾ ਕਿ ਉਹ ਸਥਿਤੀ ਨੂੰ ਲੈ ਕੇ ਚਿੰਤਿਤ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਇਕ-ਦੂਜੇ ਦੇ ਅਤੇ ਚੀਨ ਦੇ ਵੀ ਗੁਆਂਢੀ ਹਨ। ਚੀਨ ਹਰੇਕ ਕਿਸਮ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ, ਪਰ ਨਾਲ ਹੀ ਉਹ ਸਾਰੇ ਪੱਖਾਂ ਨੂੰ ਅਪੀਲ ਕਰਦਾ ਹੈ ਕਿ ਉਹ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ। ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸੰਜਮ ਵਰਤਣ, ਹਾਲਾਤ ਵਿਗਾੜਣ ਵਾਲੇ ਕਦਮਾਂ ਤੋਂ ਬਚਣ ਅਤੇ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ।
ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਬੁੱਧਵਾਰ ਰਾਤ ਲਗਭਗ 1 ਵਜੇ ਪਾਕਿਸਤਾਨ ਅਤੇ ਪੀਓਕੇ ‘ਚ 9 ਥਾਵਾਂ ‘ਤੇ ‘ਆਪ੍ਰੇਸ਼ਨ ਸੰਦੂਰ’ ਸ਼ੁਰੂ ਕੀਤਾ। ਭਾਰਤੀ ਫੌਜ ਦੀ ਇਸ ਕਾਰਵਾਈ ‘ਚ ਪਾਕਿਸਤਾਨ ਦੇ ਕਈ ਅੱਤਵਾਦੀ ਠਿਕਾਣੇ ਤਬਾਹ ਕਰ ਦਿੱਤੇ ਗਏ ਅਤੇ ਕਈ ਅੱਤਵਾਦੀ ਢੇਰ ਹੋਏ।