
ਨਵੀਂ ਦਿੱਲੀ, 7 ਮਈ – ਮੇਟ ਗਾਲਾ 2025 ਦਾ ਆਯੋਜਨ ਕੀਤਾ ਗਿਆ ਹੈ। ਇਸ ਵਾਰ ਕਈ ਬਾਲੀਵੁੱਡ ਸਿਤਾਰੇ ਵੀ ਮੇਟ ਗਾਲਾ ਦਾ ਹਿੱਸਾ ਬਣੇ। ਸ਼ਾਹਰੁਖ ਖਾਨ ਅਤੇ ਕਿਆਰਾ ਅਡਵਾਨੀ ਤੋਂ ਇਲਾਵਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਡੈਬਿਊ ਕੀਤਾ। ਦਿਲਜੀਤ ਦੋਸਾਂਝ, ਜੋ ਕਿ ਰੈੱਡ ਕਾਰਪੇਟ ‘ਤੇ ਮਹਾਰਾਜਾ ਲੁੱਕ ਵਿੱਚ ਨਜ਼ਰ ਆਏ ਸਨ, ਉਹਨਾਂ ਨੇ ਵਿਸ਼ਵ ਪੱਧਰ ‘ਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦਿਲਜੀਤ ਦੋਸਾਂਝ ਦਾ ਲੁੱਕ ਬਿਲਕੁਲ ਰਾਇਲ ਸੀ। ਉਹ ਚਿੱਟੀ ਸ਼ੇਰਵਾਨੀ, ਪੱਗ ਅਤੇ ਫਲੌਰ ਲੈਂਥ ਵਾਲੀ ਕੈਪ ਵਿੱਚ ਕਾਫੀ ਜਚ ਰਹੇ ਸਨ। ਹਾਲਾਂਕਿ, ਇਸ ਵਿੱਚ ਗੁਰਮੁਖੀ ਵੀ ਲਿਖੀ ਹੋਈ ਦਿਖਾਈ ਦਿੱਤੀ।
ਪੰਜਾਬੀ ਗਾਇਕ ਦਾ ਪਹਿਰਾਵਾ ਅਭਿਵਾਸ਼ਾ ਦੇਵਨਾਨੀ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਲੁੱਕ ਨੂੰ ਪੂਰਾ ਕਰਨ ਲਈ, ਦਿਲਜੀਤ ਦੋਸਾਂਝ ਨੇ ਆਪਣੀ ਪੱਗ ਨਾਲ ਮੇਲ ਖਾਂਦਾ ਹੈੱਡਪੀਸ ਪਾਇਆ ਅਤੇ ਕਈ ਨੇਕਪੀਸ ਵੀ ਪਹਿਨੇ। ਦਿਲਜੀਤ ਨੇ ਮੇਟ ਗਾਲਾ ਵਿੱਚ ਇੱਕ ਹੱਥ ਵਿੱਚ ਤਲਵਾਰ ਲੈ ਕੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਦਰਅਸਲ, ਗਾਇਕ ਦਾ ਲੁੱਕ ‘ਮਹਾਰਾਜਾ ਆਫ਼ ਪਟਿਆਲਾ’ ਸਰ ਭੁਪਿੰਦਰ ਸਿੰਘ ਦੇ ਲੁੱਕ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਇਹ ਮਹਾਰਾਜਾ ਕੌਣ ਹੈ, ਜਿਸਨੂੰ ਦਿਲਜੀਤ ਨੇ ਸ਼ਰਧਾਂਜਲੀ ਦਿੱਤੀ ਹੈ।
ਕੌਣ ਸੀ ਪਟਿਆਲਾ ਦਾ ਮਹਾਰਾਜਾ?
ਭੁਪਿੰਦਰ ਸਿੰਘ ਦਾ ਜਨਮ 12 ਅਕਤੂਬਰ 1891 ਨੂੰ ਪਟਿਆਲਾ ਦੇ ਮੋਤੀ ਬਾਗ ਪੈਲੇਸ ਵਿਖੇ ਹੋਇਆ ਸੀ। ਉਹ ਫੁਲਕੀਆਂ ਰਾਜਵੰਸ਼ ਅਤੇ ਸਿੱਧੂ ਕਬੀਲੇ ਦਾ ਇੱਕ ਜੱਟ ਸਿੱਖ ਸੀ ਜਿਨ੍ਹਾਂ ਨੇ ਐਚਿਸਨ ਕਾਲਜ, ਲਾਹੌਰ ਤੋਂ ਪੜ੍ਹਾਈ ਕੀਤੀ ਸੀ। ਸਰ ਭੁਪਿੰਦਰ ਸਿੰਘ ਬ੍ਰਿਟਿਸ਼ ਭਾਰਤ ਵਿੱਚ ਪਟਿਆਲਾ ਰਿਆਸਤ ਦੇ ਮਹਾਰਾਜਾ ਬਣੇ। ਜਿਨ੍ਹਾ ਦਾ ਰਾਜ 1900 ਤੋਂ 1938 ਤੱਕ ਰਿਹਾ। ਉਹਨਾਂ ਨੂੰ ਕ੍ਰਿਕਟ ਅਤੇ ਪੋਲੋ ਵਿੱਚ ਵੀ ਬਹੁਤ ਦਿਲਚਸਪੀ ਸੀ। ਸਿਰਫ਼ 9 ਸਾਲ ਦੀ ਉਮਰ ਵਿੱਚ, ਉਹਨਾਂ ਨੂੰ ਪਟਿਆਲਾ ਦਾ ਰਾਜਾ ਬਣਾਇਆ ਗਿਆ। ਜਦੋਂ ਉਨ੍ਹਾਂ ਦੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਦੀ ਮੌਤ ਹੋ ਗਈ। ਉਸਦੀ ਮਾਂ ਦੀ ਮੌਤ ਉਹਨਾਂ ਦੇ ਪਿਤਾ ਤੋਂ ਕੁਝ ਸਾਲ ਪਹਿਲਾਂ ਬਿਮਾਰੀ ਕਾਰਨ ਹੋ ਗਈ ਸੀ।
ਪਹਿਲੇ ਵਿਸ਼ਵ ਯੁੱਧ ਦੌਰਾਨ, ਸਰ ਭੁਪਿੰਦਰ ਸਿੰਘ ਨੇ ਫਰਾਂਸ, ਬੈਲਜੀਅਮ, ਇਟਲੀ ਅਤੇ ਫਲਸਤੀਨ ਦੇ ਜਨਰਲ ਸਟਾਫ ਵਿੱਚ ਲੈਫਟੀਨੈਂਟ-ਕਰਨਲ ਵਜੋਂ ਸੇਵਾ ਨਿਭਾਈ। ਜਿਸ ਤੋਂ ਬਾਅਦ ਉਹਨਾਂ ਨੂੰ 1918 ਵਿੱਚ ਤਰੱਕੀ ਮਿਲੀ। ਪਹਿਲਾਂ ਉਹਨਾਂ ਨੂੰ ਮੇਜਰ ਜਨਰਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਫਿਰ ਲੈਫਟੀਨੈਂਟ ਜਨਰਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਹਾਲਾਂਕਿ, ਉਹਨਾਂ ਨੇ 1918 ਵਿੱਚ ਇੰਪੀਰੀਅਲ ਵਾਰ ਕੈਬਨਿਟ ਅਤੇ ਇੰਪੀਰੀਅਲ ਵਾਰ ਕਾਨਫਰੰਸ ਵਿੱਚ ਵੀ ਸੇਵਾ ਨਿਭਾਈ।
ਭੁਪਿੰਦਰ ਸਿੰਘ ਦੀਆਂ ਕਿੰਨੀਆਂ ਰਾਣੀਆਂ ਸਨ?
ਮਹਾਰਾਜਾ ਭੁਪਿੰਦਰ ਸਿੰਘ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਖ਼ਬਰਾਂ ਵਿੱਚ ਰਹੇ ਹਨ। ਇਤਿਹਾਸਕਾਰਾਂ ਡੋਮਿਨਿਕ ਲੈਪੀਅਰ ਅਤੇ ਲੈਰੀ ਕੋਲਿਨਜ਼ ਦੁਆਰਾ ਲਿਖੀ ਕਿਤਾਬ “ਫ੍ਰੀਡਮ ਐਟ ਮਿਡਨਾਈਟ” ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਨੁਸਾਰ, ਉਸ ਸਮੇਂ ਭੁਪਿੰਦਰ ਸਿੰਘ ਦੇ ਹਰਮ ਵਿੱਚ 350 ਔਰਤਾਂ ਸਨ। ਹਾਲਾਂਕਿ, ਉਹਨਾਂ ਦੀਆਂ 10 ਪਤਨੀਆਂ ਅਤੇ 88 ਬੱਚੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਬਣਾਈ ਸੀ, ਜਿਸ ਵਿੱਚ ਫਰਾਂਸੀਸੀ, ਅੰਗਰੇਜ਼ੀ ਅਤੇ ਭਾਰਤੀ ਪਲਾਸਟਿਕ ਸਰਜਨ ਸਨ। ਮਹਾਰਾਜਾ ਦੇ ਬਦਲਦੇ ਇੰਟਰੇਸਟ ਦੇ ਅਨੁਸਾਰ, ਉਹਨਾਂ ਔਰਤਾਂ ਉਸ ਅਨੁਸਾਰ ਢਾਲਿਆ ਕਰਦੇ ਸਨ।
ਮਹਾਰਾਜਾ ਨੇ ਖਰੀਦਿਆ ਪਹਿਲਾ ਜਹਾਜ਼
ਮਹਾਰਾਜਾ ਭੁਪਿੰਦਰ ਸਿੰਘ ਨੇ 1910 ਵਿੱਚ ਆਪਣਾ ਨਿੱਜੀ ਜਹਾਜ਼ ਖਰੀਦਿਆ ਸੀ। ਉਹ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਕੋਲ ਆਪਣਾ ਜਹਾਜ਼ ਸੀ। ਮਹਾਰਾਜਾ ਦੇ ਰਿਸ਼ਤੇਦਾਰ ਨਟਵਰ ਸਿੰਘ ਦੀ ਕਿਤਾਬ ‘ਦ ਮੈਗਨੀਫਿਸੈਂਟ ਮਹਾਰਾਜਾ’ ਦੇ ਅਨੁਸਾਰ, ਭੁਪਿੰਦਰ ਸਿੰਘ ਕੋਲ ਕੱਪੜਿਆਂ, ਕੁੱਤਿਆਂ, ਪੇਂਟਿੰਗਾਂ, ਘੋੜਿਆਂ, ਘੜੀਆਂ ਅਤੇ ਕਾਰਾਂ ਦਾ ਇੱਕ ਸ਼ਾਨਦਾਰ ਸੰਗ੍ਰਹਿ ਸੀ।
ਪਟਿਆਲਾ ਪੈੱਗ ਦਾ ਕਿੱਸਾ
ਇੱਕ ਵਾਰ ਅੰਗਰੇਜ਼ਾਂ ਨਾਲ ਮਹਾਰਾਜਾ ਦੀ ਸ਼ਰਤ ਲੱਗ ਗਈ ਕਿ ਪੋਲੋ ਦੇ ਮੈਚ ਵਿੱਚ ਜੋ ਵੀ ਹਾਰੇਗਾ ਉਸ ਦਾ ਸਿਰ ਕਲਮ (ਵੱਢ) ਦਿੱਤਾ ਜਾਵੇ ਮਤਲਬ ਸਿਰ ਅਤੇ ਧੜ੍ਹ ਦੀ ਬਾਜ਼ੀ। ਸ਼ਰਤ ਲੱਗ ਗਈ, ਤਿਆਰੀਆਂ ਹੋਣ ਲੱਗੀਆਂ, ਇਸ ਵਿਚਾਲੇ ਚਿੰਤਾ ਖੜ੍ਹੀ ਹੋ ਗਈ ਕਿ ਅੰਗਰੇਜ਼ਾਂ ਨੂੰ ਤਾਂ ਪੋਲੋ ਬਹੁਤ ਵਧੀਆ ਖੇਡਣੀ ਆਉਂਦੀ ਸੀ ਪਰ ਰਿਆਸਤ ਦੇ ਖਿਡਾਰੀਆਂ ਨੂੰ ਘੱਟ, ਜਿਸ ਦਾ ਮਤਲਬ ਰਿਆਸਤ ਦੀ ਹਾਰ ਸੀ।
ਮਹਾਰਾਜਾ ਨੇ ਇਸ ਸਮੱਸਿਆ ਦਾ ਹੱਲ ਪਟਿਆਲਾ ਪੈੱਗ ਰਾਹੀਂ ਕੱਢਿਆ। ਮਹਾਰਾਜੇ ਨੇ ਅੰਗਰੇਜ਼ਾਂ ਦੀ ਟੀਮ ਨੂੰ ਭੋਜਨ ਲਈ ਸੱਦਾ ਦਿੱਤਾ। ਸਾਰੀ ਟੀਮ ਨੂੰ ਭੋਜਨ ਤੋਂ ਬਾਅਦ ਪਟਿਆਲਾ ਪੈੱਗ (ਇੱਕ ਵੱਡਾ ਗਿਲਾਸ ਜਿਸ ਵਿੱਚ ਦਾਰੂ ਹੁੰਦੀ ਹੈ) ਦਿੱਤਾ ਗਿਆ। ਇਹ ਪਟਿਆਲਾ ਪੈੱਗ ਦਾ ਹੀ ਕਮਾਲ ਸੀ ਕਿ ਅੰਗਰੇਜ ਚੰਗੀ ਤਰ੍ਹਾਂ ਖੇਡ ਹੀ ਨਾ ਸਕੇ ਅਤੇ ਹਾਰ ਗਏ। ਹੁਣ ਵਾਰੀ ਅੰਗਰੇਜ਼ਾਂ ਦੇ ਸਿਰ ਕਲਮ ਕਰਨ ਦੀ ਸੀ। ਪਰ ਮਹਾਰਾਜਾ ਨੇ ਵੱਡਾ ਦਿਲ ਦਿਖਾਉਂਦਿਆਂ ਉਹਨਾਂ ਦੀ ਜਿੰਦਗੀ ਬਖਸ ਦਿੱਤੀ। ਉਸ ਦਿਨ ਤੋਂ ਬਾਅਦ ਪਟਿਆਲਾ ਪੈੱਗ ਮਹਿਸੂਸ ਹੋ ਗਿਆ।