ਬਾਬਾ ਭਾਈ ਗੁਰਦਾਸ ਦੇ ਗੱਦੀਨਸ਼ੀਨ ਬਾਬਾ ਅੰਮ੍ਰਿਤ ਮੁਨੀ ਦਾ ਦੇਹਾਂਤ

ਮਾਨਸਾ, 6 ਮਈ – ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਗੱਦੀਨਸ਼ੀਨ ਮਹੰਤ ਅੰਮ੍ਰਿਤ ਮੁਨੀ ਜੀ (55) ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ ਵੜਾ ਉਦਾਸੀਨ ਅਖਾੜਾ 108 ਦੇ ਸੂਬਾ ਪ੍ਰਧਾਨ ਸਨ ਅਤੇ ਸਾਲ 2007 ਤੋਂ ਮਾਨਸਾ ਦੇ ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਗੱਦੀਨਸ਼ੀਨ ਸਨ। ਉਨ੍ਹਾਂ ਦੇ ਅਚਾਨਕ ਹੋਏ ਦੇਹਾਂਤ ਨੂੰ ਲੈ ਕੇ ਇਲਾਕੇ, ਅਖਾੜਾ ਸਮੁਦਾਇ, ਮਹੰਤ ਸਮੁਦਾਇ ਤੇ ਧਾਰਮਿਕ ਖੇਤਰ ‘ਚ ਸੋਗ ਫੈਲ ਗਿਆ ਹੈ। ਮਹੰਤ ਅੰਮ੍ਰਿਤ ਮੁਨੀ ਡੇਰੇ ਦੇ ਨਾਲ-ਨਾਲ ਧਾਰਮਿਕ ਖੇਤਰ ਤੇ ਸਮਾਜਸੇਵਾ ‘ਚ ਵੱਡੇ ਯੋਗਦਾਨੀ ਮੰਨੇ ਜਾਂਦੇ ਸਨ।

ਮਿਲੇ ਵੇਰਵਿਆਂ ਅਨੁਸਾਰ, ਮਹੰਤ ਅੰਮ੍ਰਿਤ ਮੁਨੀ ਜੀ ਕੁਝ ਦਿਨ ਪਹਿਲਾਂ ਸ੍ਰੀ ਵਰਿੰਦਾਵਨ ਦੀ ਯਾਤਰਾ ‘ਤੇ ਗਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਪੇਟ ਦੀ ਕੋਈ ਸਮੱਸਿਆ ਹੋਈ। ਉਨ੍ਹਾਂ ਮਾਨਸਾ ਦੇ ਇਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਸ਼ੁਰੂ ਕਰਵਾਇਆ ਹੋਇਆ ਸੀ। ਮੰਗਲਵਾਰ ਦੀ ਦੁਪਹਿਰ ਜਦੋਂ ਮਹੰਤ ਅੰਮ੍ਰਿਤ ਮੁਨੀ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਮੌਜ਼ੂਦ ਸਨ ਤਾਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਉਪਰੰਤ ਉਨ੍ਹਾਂ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਨ੍ਹਾਂ ਆਪਣੇ ਆਖ਼ਰੀ ਸਾਹ ਲਏ। ਜਦੋਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫੈਲੀ ਤਾਂ ਡੇਰੇ ਦੇ ਉਪਾਸਕਾਂ, ਸ਼ਰਧਾਲੂਆਂ, ਸ਼ਹਿਰੀਆਂ ਤੇ ਧਾਰਮਿਕ ਖੇਤਰ ‘ਚ ਮਾਤਮ ਛਾ ਗਿਆ।

ਸਾਂਝਾ ਕਰੋ

ਪੜ੍ਹੋ