ਸਰਕਾਰ ਸੜਕ ਹਾਦਸੇ ‘ਚ ਜ਼ਖ਼ਮੀਆਂ ਦਾ ਕਰਵਾਏਗੀ 1.5 ਲੱਖ ਤਕ ਦਾ ਮੁਫ਼ਤ ਇਲਾਜ

ਨਵੀਂ ਦਿੱਲੀ, 6 ਮਈ – ਸਰਕਾਰ ਨੇ ਦੇਸ਼ ਭਰ ਵਿਚ ਸੜਕ ਹਾਦਸੇ ‘ਚ ਜ਼ਖ਼ਮੀ ਲੋਕਾਂ ਲਈ ਕੈਸ਼ਲੈੱਸ ਇਲਾਜ ਦੀ ਸਕੀਮ ਸ਼ੁਰੂ ਕਰ ਦਿੱਤੀ ਹੈ। ਇਸ ਦਾ ਫਾਇਦਾ ਲੋਕਾਂ ਨੂੰ ਕਾਫੀ ਹੋਣ ਵਾਲਾ ਹੈ। ਇਸ ਯੋਜਨਾ ਤਹਿਤ ਸੜਕ ਹਾਦਸੇ ‘ਚ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਆਪਣੀ ਜੇਬ ‘ਚੋਂ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਇਸ ਨੂੰ 5 ਮਈ 2025 ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਸੜਕ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ 1.5 ਲੱਖ ਰੁਪਏ ਤਕ ਦਾ ਇਲਾਜ ਮੁਫਤ ਮਿਲੇਗਾ। ਇਸ ਬਾਰੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ। ਆਓ ਜਾਣੀਏ ਕਿ ਇਸ ਯੋਜਨਾ ਨਾਲ ਲੋਕਾਂ ਨੂੰ ਕਿੰਨਾ ਲਾਭ ਮਿਲੇਗਾ।

ਕੀ ਹੈ ਇਹ ਕੈਸ਼ਲੈੱਸ ਸਕੀਮ ?

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਸੜਕ ਹਾਦਸਾ ਮੋਟਰ ਵਾਹਨ ਕਾਰਨ ਹੁੰਦਾ ਹੈ, ਤਾਂ ਉਸ ਵਿਚ ਜ਼ਖ਼ਮੀ ਵਿਅਕਤੀ ਦਾ ਇਲਾਜ ਇਸ ਯੋਜਨਾ ਤਹਿਤ ਕੀਤਾ ਜਾਵੇਗਾ। ਇਸ ਤਹਿਤ ਜ਼ਖ਼ਮੀ ਦਾ ਕੈਸ਼ਲੈੱਸ ਇਲਾਜ ਕੀਤਾ ਜਾਵੇਗਾ, ਭਾਵੇਂ ਹਾਦਸਾ ਕਿਸੇ ਵੀ ਸੜਕ ‘ਤੇ ਹੋਇਆ ਹੋਵੇ। ਇਸ ਲਈ ਜ਼ਖ਼ਮੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ, ਬਲਕਿ ਸਰਕਾਰ ਤੇ ਹਸਪਤਾਲ ਆਪਸ ‘ਚ ਹਿਸਾਬ ਕਰਨਗੇ।

ਕਿੰਨਾ ਤੇ ਕਿਵੇਂ ਮਿਲੇਗਾ ਇਲਾਜ?

ਸਰਕਾਰ ਦੀ ਇਸ ਯੋਜਨਾ ਦਾ ਨਾਂ 2025 ਕੈਸ਼ਲੈੱਸ ਟ੍ਰੀਟਮੈਂਟ ਆਫ ਰੋਡ ਐਕਸੀਡੈਂਟ ਵਿਕਟਿਮਜ਼ ਸਕੀਮ ਹੈ। ਇਸ ਤਹਿਤ ਹਰ ਤਰ੍ਹਾਂ ਦੇ ਸੜਕ ਹਾਦਸੇ ‘ਚ ਜ਼ਖ਼ਮੀ ਵਿਅਕਤੀ ਦਾ 1.5 ਲੱਖ ਰੁਪਏ ਤਕ ਦਾ ਇਲਾਜ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਇਲਾਜ ਸਿਰਫ 7 ਦਿਨਾਂ ਲਈ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਨੂੰ ਹਾਦਸੇ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਪਹਿਲੇ 7 ਦਿਨਾਂ ਤਕ ਦਾ ਇਲਾਜ ਮੁਫਤ ਕੀਤਾ ਜਾਵੇਗਾ।

ਕੀ ਹੋਵੇਗਾ ਫਾਇਦਾ ?

ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਹਾਦਸੇ ਦੇ ਬਾਅਦ ਜ਼ਖ਼ਮੀ ਨੂੰ ਇਲਾਜ ਦੇ ਖਰਚੇ ਦੀ ਚਿੰਤਾ ਨਹੀਂ ਰਹੇਗੀ। ਇਸ ਤਹਿਤ ਹੁਣ 1.5 ਲੱਖ ਰੁਪਏ ਤਕ ਦਾ ਇਲਾਜ ਮੁਫ਼ਤ ਮਿਲੇਗਾ। ਹਾਦਸੇ ਦੇ ਤੁਰੰਤ ਬਾਅਦ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਪਹਿਲੇ 7 ਦਿਨਾਂ ਤਕ ਦਾ ਇਲਾਜ ਮੁਫਤ ਕੀਤਾ ਜਾਵੇਗਾ, ਜੋ ਕਿ ਐਮਰਜੈਂਸੀ ‘ਚ ਮਦਦਗਾਰ ਸਾਬਤ ਹੋਵੇਗਾ। ਸਰਕਾਰ ਦੇ ਚੁਣੇ ਹੋਏ ਹਸਪਤਾਲਾਂ ‘ਚ ਪੂਰਾ ਇਲਾਜ ਕੀਤਾ ਜਾਵੇਗਾ, ਪਰ ਹੋਰ ਥਾਵਾਂ ‘ਤੇ ਬੇਸਿਕ ਇਲਾਜ ਹੀ ਮਿਲੇਗਾ। ਇਸ ਯੋਜਨਾ ਦਾ ਲਾਗੂ ਹੋਣਾ ਸਿਰਫ ਮੋਟਰ ਵਾਹਨ ਨਾਲ ਹੋਣ ਵਾਲੇ ਹਾਦਸਿਆਂ ‘ਤੇ ਹੈ। ਜੇਕਰ ਹਾਦਸਾ ਕਿਸੇ ਹੋਰ ਕਾਰਨ ਨਾਲ ਹੋਇਆ, ਤਾਂ ਇਸ ਦਾ ਲਾਭ ਨਹੀਂ ਮਿਲੇਗਾ।

ਸਾਂਝਾ ਕਰੋ

ਪੜ੍ਹੋ