
ਖਨੌਰੀ, 6 ਮਈ – ਕਿਸਾਨਾਂ ਵਲੋਂ ਸ਼ੰਭੂ ਥਾਣੇ ਦੇ ਘਿਰਾਓ ਨੂੰ ਲੈਕੇ ਪੰਜਾਬ ਪੁਲਿਸ ਨੇ ਖ਼ਾਸ ਵਿਵਸਥਾ ਕੀਤੀ ਹੈ, ਦੱਸ ਦਈਏ ਕਿ ਸ਼ੰਭੂ ਬਾਰਡਰ ‘ਤੇ ਵੱਡੀ ਮਾਤਰਾ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹੈ, ਜਿਸ ਨੂੰ ਲੈਕੇ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ। ਦੂਜੇ ਪਾਸੇ ਪੰਜਾਬ ਦੀ ਅਜੀਤਵਾਲ ਅਨਾਜ ਮੰਡੀ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਸ਼ੰਭੂ ਜਾਣ ਲਈ ਇਕੱਠੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੁਲਿਸ ਨੇ ਮੰਡੀ ਦਾ ਗੇਟ ਬੰਦ ਕਰਕੇ ਰੋਕ ਦਿੱਤਾ ਹੈ।
ਦੁਪਹਿਰ ਵੇਲੇ, ਅੰਬਾਲਾ ਤੋਂ ਸ਼ੰਭੂ ਥਾਣੇ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਅੰਬਾਲਾ ਪੁਲਿਸ ਨੇ ਸ਼ੰਭੂ ਥਾਣੇ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਨੂੰ ਮੰਜੀ ਸਾਹਿਬ ਗੁਰਦੁਆਰੇ ਦੇ ਬਾਹਰ ਰੋਕ ਲਿਆ ਗਿਆ ਹੈ। ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਪੰਜਾਬ ਪੁਲਿਸ ਨੇ ਸਵੇਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਹਾਊਸ ਅਰੈਸਟ ਕੀਤਾ ਹੋਇਆ ਹੈ, ਜਿਸ ਨੂੰ ਲੈਕੇ ਕਿਸਾਨਾਂ ਵਿੱਚ ਵੀ ਕਾਫੀ ਰੋਸ ਹੈ ਅਤੇ ਡੱਲੇਵਾਲ ਨੇ ਵੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਸਰਕਾਰ ਆਮ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।