
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਕਈ ਵਿਸਥਾਰਵਾਦੀ ਬਿਆਨ ਦਿੱਤੇ ਹਨ। ਉਸ ਨੇ ਕਿਹਾ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ ਤਾਂ ਬਹੁਤ ਫਾਇਦੇ ਵਿੱਚ ਰਹੇਗਾ। ਉਸ ਨੇ ਪਨਾਮਾ ਨਹਿਰ ਤੇ ਗ੍ਰੀਨਲੈਂਡ ’ਤੇ ਕਬਜ਼ੇ ਦੀ ਗੱਲ ਵੀ ਕਹੀ। ਉਸ ਨੇ ਇਹ ਵੀ ਕਿਹਾ ਕਿ ਉਹ ਮੈਕਸੀਕੋ ਦੀ ਖਾੜੀ ਦਾ ਨਾਂਅ ਬਦਲ ਕੇ ਅਮਰੀਕਾ ਦੀ ਖਾੜੀ ਰੱਖ ਦੇਵੇਗਾ, ਜਿਹੜਾ ਸੁਣਨ ਨੂੰ ਵੀ ਚੰਗਾ ਲੱਗਦਾ ਹੈ। ਇਨ੍ਹਾਂ ਦੇਸ਼ਾਂ ਦੇ ਆਗੂਆਂ ਨੇ ਟਰੰਪ ਨੂੰ ਠੋਕਵੇਂ ਜਵਾਬ ਦਿੱਤੇ। ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਦਾ ਜਵਾਬ ਤਾਂ ਜ਼ਿਆਦਾ ਹੀ ਠੋਕਵਾਂ ਸੀ, ਜਿਸ ਨੇ ਕਿਹਾ ਕਿ ਅਮਰੀਕਾ ਨੂੰ ਮੈਕਸੀਕਨ ਅਮਰੀਕਾ ਕਿਹਾ ਜਾਣਾ ਚਾਹੀਦਾ ਹੈ। ਉਸ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਲਾ ਕੇ ਇਕ ਵਿਸ਼ਵ ਨਕਸ਼ਾ ਵੀ ਦਿਖਾਇਆ, ਜਿਸ ਵਿੱਚ ਅਮਰੀਕਾ ਨੂੰ ਮੈਕਸੀਕਨ ਅਮਰੀਕਾ ਦੇ ਤੌਰ ’ਤੇ ਦਰਸਾਇਆ ਗਿਆ ਹੈ। ਉਸ ਨੇ ਕਿਹਾ ਕਿ 1607 ’ਚ ਅਪਾਤਜ਼ਿਨਗਾਨ (ਮੈਕਸੀਕਨ ਸ਼ਹਿਰ) ਦਾ ਸੰਵਿਧਾਨ ਮੈਕਸੀਕਨ ਅਮਰੀਕਾ ਸੀ। ਇਸ ਲਈ ਅਮਰੀਕਾ ਨੂੰ ਮੈਕਸੀਕਨ ਅਮਰੀਕਾ ਕਹਿਣ ਵਿੱਚ ਹਰਜ਼ ਨਹੀਂ ਹੋਣਾ ਚਾਹੀਦਾ।
ਜਦੋਂ ਟਰੰਪ ਨੇ ਵੱਖ-ਵੱਖ ਦੇਸ਼ਾਂ ’ਤੇ ਟੈਰਿਫ ਲਾਏ ਤਾਂ ਸ਼ਿਨਬਾਮ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਇਸ ਦਾ ਤਿੱਖਾ ਵਿਰੋਧ ਕੀਤਾ। ਸ਼ਿਨਬਾਮ ਇਹ ਖੁਲਾਸਾ ਕਰਕੇ ਇੱਕ ਵਾਰ ਫਿਰ ਚਰਚਾ ’ਚ ਆ ਗਈ ਹੈ ਕਿ ਟਰੰਪ ਨੇ ਉਸ ਨੂੰ ਨਸ਼ਾ ਤਸਕਰੀ ਨੂੰ ਰੋਕਣ ਲਈ ਮੈਕਸੀਕੋ ਵਿੱਚ ਆਪਣੀਆਂ ਫੌਜਾਂ ਘੱਲਣ ਲਈ ਕਿਹਾ, ਪਰ ਉਸ ਨੇ ਸਾਫ ਨਾਂਹ ਕਰ ਦਿੱਤੀ। ਸ਼ਿਨਬਾਮ ਨੇ ਇੱਕ ਜਨਤਕ ਰੈਲੀ ’ਚ ਕਿਹਾ, ‘ਟਰੰਪ ਨੇ ਮੈਨੂੰ ਕਿਹਾ ਕਿ ਅਸੀਂ ਨਸ਼ਾ ਤਸਕਰੀ ਰੋਕਣ ਵਿੱਚ ਤੇਰੀ ਮਦਦ ਕਿਵੇਂ ਕਰ ਸਕਦੇ ਹਾਂ? ਮੈਂ ਚਾਹੁੰਦਾ ਹਾਂ ਕਿ ਅਮਰੀਕੀ ਫੌਜ ਮੈਕਸੀਕੋ ਵਿੱਚ ਆ ਕੇ ਤੁਹਾਡੀ ਮਦਦ ਕਰੇ ਅਤੇ ਪਤਾ ਮੈਂ ਕੀ ਜਵਾਬ ਦਿੱਤਾ? ਨਹੀਂ, ਪ੍ਰਧਾਨ ਟਰੰਪ। ਮੈਕਸੀਕੋ ਦੀ ਪ੍ਰਭੂਸੱਤਾ ਸੇਲ ’ਤੇ ਨਹੀਂ ਲੱਗੀ ਹੋਈ। ਅਸੀਂ ਪ੍ਰਭੂਸੱਤਾ ਨੂੰ ਪਿਆਰ ਕਰਦੇ ਹਾਂ ਤੇ ਇਸ ਦੀ ਰਾਖੀ ਕਰਾਂਗੇ। ਟਰੰਪ ਨੂੰ ਦੂਜੀ ਵਾਰ ਰਾਸ਼ਟਰਪਤੀ ਬਣੇ ਨੂੰ ਅਜੇ ਸੌ ਦਿਨ ਹੀ ਹੋਏ ਹਨ, ਇਸ ਦੌਰਾਨ ਉਸ ਨੇ ਜਿਸ ਨੂੰ ਵੀ ਦੱਬਕੇ ਮਾਰੇ, ਲਗਭਗ ਸਭ ਨੇ ਠੋਕਵਾਂ ਜਵਾਬ ਦਿੱਤਾ ਹੈ। ਟੈਰਿਫ ਮਾਮਲੇ ਵਿੱਚ ਕਿਸੇ ਨੇ ਵੀ ਅਜੇ ਤੱਕ ਉਸ ਨਾਲ ਸਮਝੌਤਾ ਨਹੀਂ ਕੀਤਾ।