
ਨਵੀਂ ਦਿੱਲੀ, 5 ਮਈ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਐੱਨਜੀਓ ਦੀ ਪਟੀਸ਼ਨ ’ਤੇ ‘ਇੰਡੀਆਜ਼ ਗੌਟ ਲੇਟੈਂਟ’ ਦੇ ਹੋਸਟ ਸਮਯ ਰੈਨਾ ਸਮੇਤ ਪੰਜ ਸੋਸ਼ਲ ਮੀਡੀਆ ਪ੍ਰਭਾਵਕਾਂ ਦੀ ਮੌਜੂਦਗੀ ਦੀ ਮੰਗ ਕੀਤੀ ਹੈ। ਇਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਸ਼ੋਅ ’ਤੇ ਇਕ ਸਪਾਈਨਲ ਮਸਕੂਲਰ ਐਟ੍ਰੋਫੀ (ਐੱਸਐੱਮਏ) ਵਾਲੇ ਵਿਅਕਤੀਆਂ ਦਾ ਮਜ਼ਾਕ ਉਡਾਇਆ। ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਮੁੰਬਈ ਪੁਲੀਸ ਕਮਿਸ਼ਨਰ ਨੂੰ ਕਿਹਾ ਕਿ ਉਹ ਪੰਜਾਂ ਵਿਅਕਤੀਆਂ ਦੀ ਅਦਾਲਤ ਵਿਚ ਮੌਜੂਦਗੀ ਯਕੀਨੀ ਬਣਾਉਣ ਲਈ ਨੋਟਿਸ ਜਾਰੀ ਕਰਨ, ਨਹੀਂ ਤਾਂ ਜ਼ਬਰਦਸਤੀ ਕਾਰਵਾਈ ਕੀਤੀ ਜਾਵੇਗੀ।
ਬੈਂਚ ਨੇ ਐੱਨਜੀਓ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਨੂੰ ਕਿਹਾ, ‘‘ਇਹ ਬਹੁਤ ਹੀ ਨੁਕਸਾਨਦੇਹ ਅਤੇ ਮਨੋਬਲ ਨੂੰ ਢਾਹ ਲਾਉਣ ਵਾਲਾ ਹੈ। ਅਜਿਹੇ ਕਾਨੂੰਨ ਹਨ ਜੋ ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਧਰ ਇਕ ਘਟਨਾ ਨਾਲ ਸਾਰੀ ਕੋਸ਼ਿਸ਼ ਖਤਮ ਹੋ ਜਾਂਦੀ ਹੈ। ਤੁਹਾਨੂੰ ਕਾਨੂੰਨ ਦੇ ਅੰਦਰ ਕੁਝ ਉਪਚਾਰਕ(ਹੱਲ ਕੱਢਣ ਵਾਲੀ) ਅਤੇ ਦੰਡਕਾਰੀ ਕਾਰਵਾਈ ਬਾਰੇ ਸੋਚਣਾ ਚਾਹੀਦਾ ਹੈ।’ ਬੈਂਚ ਨੇ ਕਿਹਾ ਕਿ ਕਿਸੇ ਨੂੰ ਵੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਆੜ ਹੇਠ ਕਿਸੇ ਨੂੰ ਵੀ ਨੀਵਾਂ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੌਰਾਨ ਅਪਾਹਜਾਂ ਅਤੇ ਦੁਰਲੱਭ ਵਿਕਾਰਾਂ ਵਾਲੇ ਲੋਕਾਂ ਬਾਰੇ ਸੋਸ਼ਲ ਮੀਡੀਆ ਸਮੱਗਰੀ ’ਤੇ ਦਿਸ਼ਾ-ਨਿਰਦੇਸ਼ ਬਣਾਉਣ ’ਤੇ ਵਿਚਾਰ ਕੀਤਾ ਗਿਆ।