ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਖਿਲਾਫ ਸੋਮਵਾਰ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦ ਲਿਆ ਹੈ। ਇਸਤੋਂ ਇਲਾਵਾ ਸ਼ੁੱਕਰਵਾਰ ਸਰਬਪਾਰਟੀ ਮੀਟਿੰਗ ਵੀ ਸੱਦ ਲਈ ਹੈ। ਇਹ ਫੈਸਲੇ ਆਪ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਵਿੱਚ ਲਏ ਗਏ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ।
‘ਗਿੱਦੜਭਬਕੀਆਂ ਤੋਂ ਡਰਨ ਵਾਲਾ ਮੈਂ ਨਹੀਂ, ਜਦੋਂ ਤੱਕ ਮੈਂ ਪੰਜਾਬੀਆਂ ਦਾ ਰਾਖਾ ਬੈਠਾ ਹਾਂ, ਵੇਖਦਾਂ ਕਿ ਕਿਵੇਂ ਕੇਂਦਰ ਦੇ ਇਸ਼ਾਰੇ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਾਨਾਸ਼ਾਹੀ ਕਰਦਾ ਹੈ। ਪਹਿਲਾਂ ਵੀ ਕਿਹਾ ਸੀ ਕਿ ਫਾਲਤੂ ਇੱਕ ਬੂੰਦ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ, 21 ਮਈ ਤੋਂ ਬਾਅਦ ਜਿਸ ਦਾ ਜੋ ਹੱਕ ਹੈ, ਉਸ ਨੂੰ ਮਿਲੇਗਾ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੋਂ ਅੱਗੇ ਨੰਗਲ ਡੈਮ (ਜਿੱਥੋਂ ਬਾਕੀ ਸੂਬਿਆਂ ਨੂੰ ਪਾਣੀ ਜਾਂਦਾ), ’ਤੇ ਬੈਠ ਕੇ ਕਰੀਬ 22 ਮਿੰਟ ਚੱਲੀ ਪ੍ਰੈੱਸ ਵਾਰਤਾ ਦੌਰਾਨ ਕੀਤਾ। ਇਸ ਮੌਕੇ ਉਨ੍ਹਾ ਬੀ ਬੀ ਐੱਮ ਬੀ ਦੇ ਉੱਚ ਅਧਿਕਾਰੀਆਂ ਨਾਲ ਪੈਦਲ ਨੰਗਲ ਦਾ ਘੁੰਮ ਕੇ ਦੌਰਾ ਵੀ ਕੀਤਾ। ਮਾਨ ਨੇ ਕਿਹਾ, ‘ਭਾਵੇਂ ਬੀ ਬੀ ਐੱਮ ਬੀ ਪੰਜਾਬ ਦੇ ਸਾਰੇ ਅਫਸਰਾਂ ਨੂੰ ਬਦਲ ਦੇਵੇ, ਪਰ ਮੈਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗਾ।’
ਮਾਨ ਨੇ ਕਿਹਾ, ‘ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਸਰਕਾਰ ਹੈ ਤੇ ਬੁੱਧਵਾਰ ਇਨ੍ਹਾਂ ਖ਼ੂਬ ਗੁੰਡਾਗਰਦੀ ਕੀਤੀ ਹੈ। ਆਪਸ ਵਿੱਚ ਵੋਟਾਂ ਪਾ ਬਹੁਮਤ ਨਾਲ ਇਹ ਫੈਸਲਾ ਲੈ ਲਿਆ ਕਿ ਚਲੋ ਹੁਣ ਪਾਣੀ ਦਿਓ ਜੀ। 60 ਫੀਸਦੀ ਪੰਜਾਬ ਸਰਕਾਰ ਦਾ ਬੀ ਬੀ ਐੱਮ ਬੀ ਵਿੱਚ ਕੋਟਾ ਹੈ ਤੇ ਫਾਈਨਲ ਫੈਸਲਾ ਸਾਡਾ ਹੀ ਹੋਵੇਗਾ। ਇਹ ਪੰਜਾਬ ਨੂੰ ਬਾਈਪਾਸ ਕਰਕੇ ਪਾਣੀ ਲੈਣ ਦੀ ਗੱਲ ਤਾਂ ਭੱੁਲ ਹੀ ਜਾਣ। ਇੰਝ ਤਾਂ ਕੱਲ੍ਹ ਨੂੰ ਹਰਿਆਣਾ/ਰਾਜਸਥਾਨ ਦੀਆਂ ਸਰਕਾਰਾਂ ਬੋਲ ਦੇਣਗੀਆਂ ਕਿ ਪੰਜਾਬ ਦਾ ਪਾਣੀ ਬੰਦ ਹੈ। ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ, ਕਿਉਕਿ ਇਨ੍ਹਾਂ ਦੇ ਅਫਸਰ ਮੰਨਦੇ ਹਨ ਕਿ ਮਾਰਚ ਵਿੱਚ ਉਹ ਆਪਣਾ ਪਾਣੀ ਵਰਤ ਚੱੁਕੇ ਹਨ।’ ਉਹਨਾ ਕਿਹਾ, ‘ਮੈਂ ਖਾਸ ਤੌਰ ’ਤੇ ਭਾਜਪਾ ਆਗੂ ਸੁਨੀਲ ਕੁਮਾਰ ਜਾਖੜ, ਰਵਨੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਬਾਦਲ ਤੇ ਤਰੁਣ ਚੱੁਘ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਂ ਤਾਂ ਅਸਤੀਫਾ ਦਿਓ ਜਾਂ ਫਿਰ ਹੁਣ ਪੰਜਾਬੀਆਂ ਦਾ ਸਾਥ ਦੇਵੋ। ਇਹ ਲੋਕ ਤੀਜੇ ਕੁ ਦਿਨ ਫਰਮਾਨ ਜਾਰੀ ਕਰ ਦਿੰਦੇ ਹਨ, ਹੁਣ ਸਮਾਂ ਆਇਆ ਹੈ ਵਫਾਦਾਰੀ ਨਿਭਾਉਣ ਦਾ ਤੇ ਨਿਭਾਓ।’ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਬਿਆਨ ਕਿ ਭਗਵੰਤ ਸਿੰਘ ਮਾਨ ਉਹਨਾ ਦੇ ਰਿਸ਼ਤੇਦਾਰ ਹਨ, ਬਾਰੇ ਪੁੱਛੇ ਜਾਣ ’ਤੇ ਮਾਨ ਨੇ ਕਿਹਾ, ‘ਹਰਿਆਣਾ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਹੁੰਦੇ ਹਨ, ਉਹ ਤਾਂ ਕੁੜੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ, ਇਹ ਤਾਂ ਨਹਿਰਾਂ ਮੰਗੀ ਜਾਂਦੇ ਹਨ।’ ਹਰਿਆਣਾ ਨੂੰ 8500 ਕਿਊਸਕ ਵਾਧੂ ਪਾਣੀ ਛੱਡੇ ਜਾਣ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਨਵੇਂ ਅੜਿੱਕੇ ਖੜ੍ਹੇ ਹੋ ਗਏ ਹਨ। ਭਾਖੜਾ ਡੈਮ ਤੋਂ ਸਵੇਰੇ ਹਰਿਆਣਾ ਨੂੰ ਪਾਣੀ ਛੱਡਿਆ ਜਾਣਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਬੀ ਬੀ ਐੱਮ ਬੀ ਨੇ ਵਾਧੂ ਪਾਣੀ ਛੱਡਣ ਲਈ ਰਾਹ ਪੱਧਰਾ ਕਰਨ ਵਾਸਤੇ ਭਾਖੜਾ ਡੈਮ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਆਕਾਸ਼ਦੀਪ ਸਿੰਘ ਨੂੰ ਤਬਦੀਲ ਕਰਕੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਲਗਾ ਦਿੱਤਾ ਸੀ।
ਸਵੇਰੇ ਜਦੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਵਾਸਤੇ ਸੰਜੀਵ ਕੁਮਾਰ ਨੇ ਭਾਖੜਾ ਡੈਮ ਦੇ ਗੇਟ ਖੋਲ੍ਹਣ ਦੇ ਹੁਕਮ ਦਿੱਤੇ ਤਾਂ ਹੇਠਲੇ ਅਧਿਕਾਰੀ, ਜੋ ਕਿ ਪੰਜਾਬ ਦੇ ਹਨ, ਡੈਮ ਦੇ ਗੇਟ ਖੋਲ੍ਹਣ ਤੋਂ ਪਾਸਾ ਵੱਟ ਗਏ। ਐਕਸੀਅਨ ਅਤੇ ਐੱਸ ਡੀ ਓ ਪੰਜਾਬ ਦੀ ਤਰਫੋਂ ਹਨ, ਜਿਨ੍ਹਾਂ ਡਾਇਰੈਕਟਰ ਦੇ ਹੁਕਮਾਂ ਨੂੰ ਇੱਕ ਤਰੀਕੇ ਨਾਲ ਮੰਨਣ ਤੋਂ ਇਨਕਾਰ ਕਰ ਦਿੱਤਾ। ਪਾਣੀ ਛੱਡੇ ਜਾਣ ਦੀ ਕਾਰਵਾਈ ਖਿਲਾਫ ਕੈਬਨਿਟ ਮੰਤਰੀ ਹਰਜੋਤ ਬੈਂਸ ਨੰਗਲ ਡੈਮ ਉਤੇ ਧਰਨੇ ’ਤੇ ਬੈਠ ਗਏ ਸਨ। ਵੱਡੀ ਗਿਣਤੀ ਵਿੱਚ ਪੁਲਸ ਡੈਮ ਲਾਗੇ ਪਹੁੰਚ ਗਈ ਹੈ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਕਿਹਾ, ‘ਸਾਨੂੰ ਭਾਈ ਘਨੱਈਆ ਤੋਂ ਪ੍ਰੇਰਨਾ ਲੈਣੀ ਚਾਹੀਦੀਹੈ। ਜਦੋਂ ਕਦੇ ਪੰਜਾਬ ਪਿਆਸਾ ਹੋਵੇਗਾ ਤਾਂ ਹਰਿਆਣਾ ਵੱਲੋਂ ਪਾਣੀ ਦਿੱਤਾ ਜਾਵੇਗਾ।’
