May 2, 2025

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਉੱਚੀਆਂ ਇਮਾਰਤਾਂ ਦੀ ਉਸਾਰੀ ਸਬੰਧੀ ਡੀ.ਸੀ. ਅੰਮ੍ਰਿਤਸਰ ਤੋਂ ਵਿਸਥਾਰਤ ਰਿਪੋਰਟ ਮੰਗੀ

ਅੰਮ੍ਰਿਤਸਰ 2 ਮਈ(ਗਿਆਨ ਸਿੰਘ/ਏ ਡੀ ਪੀ ਨਿਊਜ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ‘ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨੇੜੇ ਬਣੀਆਂ/ਨਿਰਮਾਣ ਕੀਤੀਆਂ ਜਾ ਰਹੀਆਂ ਉੱਚੀਆਂ ਇਮਾਰਤਾਂ ਸਬੰਧੀ ਵਿਸਥਾਰਤ ਰਿਪੋਰਟ ਮੰਗੀ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਡੀ.ਸੀ. ਅੰਮ੍ਰਿਤਸਰ ਨੂੰ ਤੱਥਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਮੌਜੂਦਾ ਸਥਿਤੀ ਬਾਰੇ ਦੱਸਣ ਲਈ ਕਿਹਾ। ਉਨ੍ਹਾਂ ਡੀ.ਸੀ. ਅੰਮ੍ਰਿਤਸਰ ਨੂੰ ਇਹ ਵੀ ਦੱਸਣ ਲਈ ਕਿਹਾ ਕਿ ਇਹ ਉਸਾਰੀਆਂ ਕਿਹੜੇ ਨਿਯਮਾਂ ਅਧੀਨ ਕੀਤੀਆਂ ਜਾ ਰਹੀਆਂ ਹਨ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਅਜਿਹੀਆਂ ਉੱਚੀਆਂ ਇਮਾਰਤਾਂ ਦੀ ਉਸਾਰੀ ਲਈ ਕਿਸ ਅਥਾਰਟੀ ਨੇ ਇਜਾਜ਼ਤ ਦਿੱਤੀ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਉੱਚੀਆਂ ਇਮਾਰਤਾਂ ਦੀ ਉਸਾਰੀ ਸਬੰਧੀ ਡੀ.ਸੀ. ਅੰਮ੍ਰਿਤਸਰ ਤੋਂ ਵਿਸਥਾਰਤ ਰਿਪੋਰਟ ਮੰਗੀ Read More »

ਬਠਿੰਡਾ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਣ ਦਾ ਤਿੱਖਾ ਵਿਰੋਧ

ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਅੰਬੇਡਕਰ ਪਾਰਕ ‘ਚ ਚੱਲ ਰਹੇ ਪੱਕੇ ਮੋਰਚੇ ‘ਚ ਰੋਜ਼ਾਨਾ ਲੋਕਾਂ ਦੀ ਭਾਰੀ ਭੀੜ ਜੁਟ ਰਹੀ ਹੈ। ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਸ ਸਟੈਂਡ ਨੂੰ ਮੌਜੂਦਾ ਥਾਂ ਤੇ ਬਣਾਈ ਰੱਖਣ ਲਈ ਸ਼ੁੱਕਰਵਾਰ ਦਾ ਦਿਨ ਕਾਫੀ ਮਹੱਤਵਪੂਰਨ ਰਿਹਾ। ਜਿੱਥੇ ਨਗਰ ਨਿਗਮ ਦੀ ਜਰਨਲ ਹਾਊਸ ਮੀਟਿੰਗ ‘ਚ 30 ਕੌਂਸਲਰਾਂ ਨੇ ਇਕਸੁਰ ਹੋ ਕੇ ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਹੀ ਰੱਖਣ ਦੀ ਹਮਾਇਤ ਕੀਤੀ। ਉਥੇ ਹੀ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਅਤੇ ਵਿਦਿਆਰਥੀ ਯੂਨੀਅਨਾਂ ਦੇ ਕਾਰਕੁਨ ਵੀ ਮੋਰਚੇ ‘ਤੇ ਪਹੁੰਚ ਕੇ ਧਰਨੇ ਦਾ ਸਮਰਥਨ ਕਰਨ ਆਏ। ਮੰਚ ਸੰਚਾਲਕ ਹਰਵਿੰਦਰ ਸਿੰਘ ਹੈਪੀ ਨੇ ਸਾਰੇ ਕੌਂਸਲਰਾਂ ਦਾ ਸੰਘਰਸ਼ ਕਮੇਟੀ ਵੱਲੋਂ ਧੰਨਵਾਦ ਕਰਦਿਆਂ ਧਰਨੇ ‘ਚ ਪਹੁੰਚੇ ਜਥੇਬੰਦੀਆਂ ਦਾ ਸਵਾਗਤ ਕੀਤਾ ਅਤੇ ਪਿੰਡਾਂ ਤੋਂ ਆਏ ਸਮਰਥਨ ਪੱਤਰ ਪੜ੍ਹ ਕੇ ਸੁਣਾਏ। ਵਿਦਿਆਰਥੀ ਆਗੂ ਭਾਰਤੀ ਮਲਹੋਤਰਾ ਨੇ ਕਿਹਾ ਕਿ ਪਰਸ਼ਾਸਨ ਅਤੇ ਸਰਕਾਰ ਨੂੰ ਬੱਸ ਅੱਡਾ ਬਦਲਣ ਦੀ ਸੋਚ ਵੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਹਰ ਵਰਗ ਸੜਕਾਂ ‘ਤੇ ਉਤਰੇਗਾ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪਾਇਲ ਅਰੋੜਾ ਨੇ ਕਿਹਾ ਕਿ ਜੇਕਰ ਪਰਸ਼ਾਸਨ ਨੇ ਬਸ ਅੱਡਾ ਬਦਲਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਕਮੇਟੀ ਦੇ ਆਹਵਾਨ ‘ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘੇਰਾਵ ਕੀਤਾ ਜਾਵੇਗਾ। ਕੌਂਸਲਰ ਸੰਦੀਪ ਬਾਬੀ ਨੇ ਨਗਰ ਨਿਗਮ ਵਿਚ ਹੋਈ ਕਾਰਵਾਈ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹ ਅਤੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਉੱਤੇ ਜ਼ੁਲਮ ਕਰਨ ਦੀ ਆਦਤ ਪੈ ਗਈ ਹੈ, ਜਿਸ ਨੂੰ ਹੁਣ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ ਤੋਂ ਵੱਡੀ ਗਿਣਤੀ ‘ਚ ਧਰਨਾ ਲਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲਾ ਪ੍ਰਧਾਨ ਪੁਰਸ਼ੋत्तਮ ਮਹਾਰਾਜ ਨੇ ਕਿਹਾ ਕਿ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਛੱਡੇ ਅਤੇ ਲੋਕਾਂ ਦੀ ਸੁਣਵਾਈ ਕਰੇ। ਕ੍ਰਾਂਤੀਕਾਰੀ ਪੇਂਡੂ ਯੂਨੀਅਨ ਦੇ ਨੇਤਾ ਬਲਵਿੰਦਰ ਧੌਲਾ ਨੇ ਕਿਹਾ ਕਿ ਉਹ ਹਮੇਸ਼ਾਂ ਸੰਘਰਸ਼ ਕਮੇਟੀ ਦੇ ਨਾਲ ਖੜੇ ਹਨ। ਇਸ ਮੌਕੇ ‘ਤੇ ਸਟੂਡੈਂਟ ਯੂਨੀਅਨ ਲਲਕਾਰ ਦੇ ਦਵਿੰਦਰ ਸਿੰਘ ਮੱਛੀ, ਸਮਰਥ ਵੈਲਫੇਅਰ ਸੋਸਾਇਟੀ, ਗੁਰਵਿੰਦਰ ਸ਼ਰਮਾ, ਦੇਵੀ ਦਯਾਲ, ਡਾਕਟਰ ਅਜੀਤ ਪਾਲ, ਕਵਲਜੀਤ ਸਿੰਘ ਭੰਗੂ, ਖੁਸ਼ੀ ਅਰਸ਼ਵੀਰ ਸਿੱਧੂ, ਬੱਗਾ ਸਿੰਘ, ਸਿਕੰਦਰ ਧਾਲੀਵਾਲ, ਆਈ.ਡੀ. ਕਟਾਰੀਆ ਅਤੇ ਹੋਰ ਬਹੁਤ ਸਾਰੇ ਲੋਕ ਮੌਜੂਦ ਸਨ।

ਬਠਿੰਡਾ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਣ ਦਾ ਤਿੱਖਾ ਵਿਰੋਧ Read More »

ਭਰਾ ਪਾਣੀਆਂ ਨੂੰ ਲੈ ਕੇ ਭਿੜੇ

ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਖਿਲਾਫ ਸੋਮਵਾਰ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦ ਲਿਆ ਹੈ। ਇਸਤੋਂ ਇਲਾਵਾ ਸ਼ੁੱਕਰਵਾਰ ਸਰਬਪਾਰਟੀ ਮੀਟਿੰਗ ਵੀ ਸੱਦ ਲਈ ਹੈ। ਇਹ ਫੈਸਲੇ ਆਪ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਵਿੱਚ ਲਏ ਗਏ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ। ‘ਗਿੱਦੜਭਬਕੀਆਂ ਤੋਂ ਡਰਨ ਵਾਲਾ ਮੈਂ ਨਹੀਂ, ਜਦੋਂ ਤੱਕ ਮੈਂ ਪੰਜਾਬੀਆਂ ਦਾ ਰਾਖਾ ਬੈਠਾ ਹਾਂ, ਵੇਖਦਾਂ ਕਿ ਕਿਵੇਂ ਕੇਂਦਰ ਦੇ ਇਸ਼ਾਰੇ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਾਨਾਸ਼ਾਹੀ ਕਰਦਾ ਹੈ। ਪਹਿਲਾਂ ਵੀ ਕਿਹਾ ਸੀ ਕਿ ਫਾਲਤੂ ਇੱਕ ਬੂੰਦ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ, 21 ਮਈ ਤੋਂ ਬਾਅਦ ਜਿਸ ਦਾ ਜੋ ਹੱਕ ਹੈ, ਉਸ ਨੂੰ ਮਿਲੇਗਾ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੋਂ ਅੱਗੇ ਨੰਗਲ ਡੈਮ (ਜਿੱਥੋਂ ਬਾਕੀ ਸੂਬਿਆਂ ਨੂੰ ਪਾਣੀ ਜਾਂਦਾ), ’ਤੇ ਬੈਠ ਕੇ ਕਰੀਬ 22 ਮਿੰਟ ਚੱਲੀ ਪ੍ਰੈੱਸ ਵਾਰਤਾ ਦੌਰਾਨ ਕੀਤਾ। ਇਸ ਮੌਕੇ ਉਨ੍ਹਾ ਬੀ ਬੀ ਐੱਮ ਬੀ ਦੇ ਉੱਚ ਅਧਿਕਾਰੀਆਂ ਨਾਲ ਪੈਦਲ ਨੰਗਲ ਦਾ ਘੁੰਮ ਕੇ ਦੌਰਾ ਵੀ ਕੀਤਾ। ਮਾਨ ਨੇ ਕਿਹਾ, ‘ਭਾਵੇਂ ਬੀ ਬੀ ਐੱਮ ਬੀ ਪੰਜਾਬ ਦੇ ਸਾਰੇ ਅਫਸਰਾਂ ਨੂੰ ਬਦਲ ਦੇਵੇ, ਪਰ ਮੈਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗਾ।’ ਮਾਨ ਨੇ ਕਿਹਾ, ‘ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਸਰਕਾਰ ਹੈ ਤੇ ਬੁੱਧਵਾਰ ਇਨ੍ਹਾਂ ਖ਼ੂਬ ਗੁੰਡਾਗਰਦੀ ਕੀਤੀ ਹੈ। ਆਪਸ ਵਿੱਚ ਵੋਟਾਂ ਪਾ ਬਹੁਮਤ ਨਾਲ ਇਹ ਫੈਸਲਾ ਲੈ ਲਿਆ ਕਿ ਚਲੋ ਹੁਣ ਪਾਣੀ ਦਿਓ ਜੀ। 60 ਫੀਸਦੀ ਪੰਜਾਬ ਸਰਕਾਰ ਦਾ ਬੀ ਬੀ ਐੱਮ ਬੀ ਵਿੱਚ ਕੋਟਾ ਹੈ ਤੇ ਫਾਈਨਲ ਫੈਸਲਾ ਸਾਡਾ ਹੀ ਹੋਵੇਗਾ। ਇਹ ਪੰਜਾਬ ਨੂੰ ਬਾਈਪਾਸ ਕਰਕੇ ਪਾਣੀ ਲੈਣ ਦੀ ਗੱਲ ਤਾਂ ਭੱੁਲ ਹੀ ਜਾਣ। ਇੰਝ ਤਾਂ ਕੱਲ੍ਹ ਨੂੰ ਹਰਿਆਣਾ/ਰਾਜਸਥਾਨ ਦੀਆਂ ਸਰਕਾਰਾਂ ਬੋਲ ਦੇਣਗੀਆਂ ਕਿ ਪੰਜਾਬ ਦਾ ਪਾਣੀ ਬੰਦ ਹੈ। ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ, ਕਿਉਕਿ ਇਨ੍ਹਾਂ ਦੇ ਅਫਸਰ ਮੰਨਦੇ ਹਨ ਕਿ ਮਾਰਚ ਵਿੱਚ ਉਹ ਆਪਣਾ ਪਾਣੀ ਵਰਤ ਚੱੁਕੇ ਹਨ।’ ਉਹਨਾ ਕਿਹਾ, ‘ਮੈਂ ਖਾਸ ਤੌਰ ’ਤੇ ਭਾਜਪਾ ਆਗੂ ਸੁਨੀਲ ਕੁਮਾਰ ਜਾਖੜ, ਰਵਨੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਬਾਦਲ ਤੇ ਤਰੁਣ ਚੱੁਘ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਂ ਤਾਂ ਅਸਤੀਫਾ ਦਿਓ ਜਾਂ ਫਿਰ ਹੁਣ ਪੰਜਾਬੀਆਂ ਦਾ ਸਾਥ ਦੇਵੋ। ਇਹ ਲੋਕ ਤੀਜੇ ਕੁ ਦਿਨ ਫਰਮਾਨ ਜਾਰੀ ਕਰ ਦਿੰਦੇ ਹਨ, ਹੁਣ ਸਮਾਂ ਆਇਆ ਹੈ ਵਫਾਦਾਰੀ ਨਿਭਾਉਣ ਦਾ ਤੇ ਨਿਭਾਓ।’ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਬਿਆਨ ਕਿ ਭਗਵੰਤ ਸਿੰਘ ਮਾਨ ਉਹਨਾ ਦੇ ਰਿਸ਼ਤੇਦਾਰ ਹਨ, ਬਾਰੇ ਪੁੱਛੇ ਜਾਣ ’ਤੇ ਮਾਨ ਨੇ ਕਿਹਾ, ‘ਹਰਿਆਣਾ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਹੁੰਦੇ ਹਨ, ਉਹ ਤਾਂ ਕੁੜੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ, ਇਹ ਤਾਂ ਨਹਿਰਾਂ ਮੰਗੀ ਜਾਂਦੇ ਹਨ।’ ਹਰਿਆਣਾ ਨੂੰ 8500 ਕਿਊਸਕ ਵਾਧੂ ਪਾਣੀ ਛੱਡੇ ਜਾਣ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਨਵੇਂ ਅੜਿੱਕੇ ਖੜ੍ਹੇ ਹੋ ਗਏ ਹਨ। ਭਾਖੜਾ ਡੈਮ ਤੋਂ ਸਵੇਰੇ ਹਰਿਆਣਾ ਨੂੰ ਪਾਣੀ ਛੱਡਿਆ ਜਾਣਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਬੀ ਬੀ ਐੱਮ ਬੀ ਨੇ ਵਾਧੂ ਪਾਣੀ ਛੱਡਣ ਲਈ ਰਾਹ ਪੱਧਰਾ ਕਰਨ ਵਾਸਤੇ ਭਾਖੜਾ ਡੈਮ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਆਕਾਸ਼ਦੀਪ ਸਿੰਘ ਨੂੰ ਤਬਦੀਲ ਕਰਕੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਲਗਾ ਦਿੱਤਾ ਸੀ। ਸਵੇਰੇ ਜਦੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਵਾਸਤੇ ਸੰਜੀਵ ਕੁਮਾਰ ਨੇ ਭਾਖੜਾ ਡੈਮ ਦੇ ਗੇਟ ਖੋਲ੍ਹਣ ਦੇ ਹੁਕਮ ਦਿੱਤੇ ਤਾਂ ਹੇਠਲੇ ਅਧਿਕਾਰੀ, ਜੋ ਕਿ ਪੰਜਾਬ ਦੇ ਹਨ, ਡੈਮ ਦੇ ਗੇਟ ਖੋਲ੍ਹਣ ਤੋਂ ਪਾਸਾ ਵੱਟ ਗਏ। ਐਕਸੀਅਨ ਅਤੇ ਐੱਸ ਡੀ ਓ ਪੰਜਾਬ ਦੀ ਤਰਫੋਂ ਹਨ, ਜਿਨ੍ਹਾਂ ਡਾਇਰੈਕਟਰ ਦੇ ਹੁਕਮਾਂ ਨੂੰ ਇੱਕ ਤਰੀਕੇ ਨਾਲ ਮੰਨਣ ਤੋਂ ਇਨਕਾਰ ਕਰ ਦਿੱਤਾ। ਪਾਣੀ ਛੱਡੇ ਜਾਣ ਦੀ ਕਾਰਵਾਈ ਖਿਲਾਫ ਕੈਬਨਿਟ ਮੰਤਰੀ ਹਰਜੋਤ ਬੈਂਸ ਨੰਗਲ ਡੈਮ ਉਤੇ ਧਰਨੇ ’ਤੇ ਬੈਠ ਗਏ ਸਨ। ਵੱਡੀ ਗਿਣਤੀ ਵਿੱਚ ਪੁਲਸ ਡੈਮ ਲਾਗੇ ਪਹੁੰਚ ਗਈ ਹੈ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਕਿਹਾ, ‘ਸਾਨੂੰ ਭਾਈ ਘਨੱਈਆ ਤੋਂ ਪ੍ਰੇਰਨਾ ਲੈਣੀ ਚਾਹੀਦੀਹੈ। ਜਦੋਂ ਕਦੇ ਪੰਜਾਬ ਪਿਆਸਾ ਹੋਵੇਗਾ ਤਾਂ ਹਰਿਆਣਾ ਵੱਲੋਂ ਪਾਣੀ ਦਿੱਤਾ ਜਾਵੇਗਾ।’

ਭਰਾ ਪਾਣੀਆਂ ਨੂੰ ਲੈ ਕੇ ਭਿੜੇ Read More »

ਆਪਣੀ ਵਾਰੀ…

26 ਨਵੰਬਰ 2008 ਨੂੰ ਮੁੰਬਈ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗੁਜਰਾਤ ਦੇ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 28 ਨਵੰਬਰ ਨੂੰ ਮੁੰਬਈ ’ਚ ਪ੍ਰੈੱਸ ਕਾਨਫਰੰਸ ਕਰਕੇ ਡਾ. ਮਨਮੋਹਨ ਸਿੰਘ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਉਸ ਨੂੰ ਦੇਸ਼ ਦੀ ਰਾਖੀ ਕਰਨ ’ਚ ਨਾਕਾਮ ਰਹਿਣ ਦਾ ਦੋਸ਼ੀ ਠਹਿਰਾਇਆ ਸੀ। ਉਸੇ ਦਿਨ ਭਾਜਪਾ ਨੇ ਅਖਬਾਰਾਂ ’ਚ ਇੱਕ ਇਸ਼ਤਿਹਾਰ ਦੇ ਕੇ ਮਨਮੋਹਨ ਸਰਕਾਰ ਨੂੰ ਕਮਜ਼ੋਰ ਦੱਸਦਿਆਂ 29 ਨਵੰਬਰ ਨੂੰ ਹੋਣ ਵਾਲੀਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ’ਚ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਡਾ. ਮਨਮੋਹਨ ਸਿੰਘ ਨੇ 11 ਦਸੰਬਰ ਨੂੰ ਸੰਸਦ ਵਿੱਚ ਖੜ੍ਹੇ ਹੋ ਕੇ ਮੁੰਬਈ ਹਮਲੇ ਲਈ ਦੇਸ਼ ਤੋਂ ਮੁਆਫੀ ਮੰਗੀ। ਉਨ੍ਹਾ ਕਿਹਾ, ‘ਮੈਂ ਪੂਰੇ ਦੇਸ਼ ਤੋਂ ਮੁਆਫੀ ਮੰਗਦਾ ਹਾਂ, ਕਿਉਕਿ ਅਸੀਂ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਵਿੱਚ ਨਾਕਾਮ ਰਹੇ।’ ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਨੇ ਅਸਤੀਫੇ ਵੀ ਦੇ ਦਿੱਤੇ ਸਨ, ਪਰ ਅਜਮਲ ਕਸਾਬ ਨੂੰ ਫੜ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਕੇ ਉਸ ਦੇ ਪਾਕਿਸਤਾਨੀ ਹੋਣ ਦਾ ਸਬੂਤ ਦਿੱਤਾ ਗਿਆ ਤੇ ਮੁਕੱਦਮੇ ਦੇ ਬਾਅਦ ਉਸ ਨੂੰ ਫਾਂਸੀ ਦਿੱਤੀ ਗਈ। ਇਸ ਨੇ ਪਾਕਿਸਤਾਨ ਨੂੰ ਵਿਸ਼ਵ ਪੱਧਰ ’ਤੇ ਦਹਿਸ਼ਤਗਰਦੀ ਦੇ ਬਰਾਮਦਕਾਰ ਦੇ ਰੂਪ ਵਿੱਚ ਬੇਨਕਾਬ ਕਰ ਦਿੱਤਾ। ਹੁਣ ਜਦ ਪਹਿਲਗਾਮ ਹਮਲੇ ਨੂੰ ਲੈ ਕੇ ਸਵਾਲ ਉਠ ਰਹੇ ਹਨ ਤਾਂ ਭਾਜਪਾ ਸਵਾਲ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦੇ ਰਹੀ ਹੈ। ਨੇਹਾ ਸਿੰਘ ਰਾਠੌਰ ਮਸ਼ਹੂਰ ਭੋਜਪੁਰੀ ਲੋਕ ਗਾਇਕਾ ਹੈ, ਜਿਹੜੀ ਸਮਾਜੀ ਮੁੱਦਿਆਂ ’ਤੇ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਪਹਿਲਗਾਮ ਹਮਲੇ ਦੇ ਬਾਅਦ ਉਸ ਨੇ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹਮਲੇ ਦੀ ਵਰਤੋਂ ਬਿਹਾਰ ਚੋਣਾਂ ਵਿੱਚ ਸਿਆਸੀ ਲਾਹੇ ਲਈ ਕੀਤੀ ਜਾ ਸਕਦੀ ਹੈ। ਉਸ ਦੀ ਇਸ ਟਿੱਪਣੀ ਨਾਲ ਭਾਵਨਾਵਾਂ ਫੱਟੜ ਹੋ ਗਈਆਂ ਅਤੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਉਸ ਦੇ ਖਿਲਾਫ ਰਾਸ਼ਟਰਧ੍ਰੋਹ, ਨਫਰਤ ਪੈਦਾ ਕਰਨ ਤੇ ਕੌਮੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਾ ਕੇ ਐੱਫ ਆਈ ਆਰ ਦਰਜ ਕਰ ਦਿੱਤੀ ਗਈ। ਲਖਨਊ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਡਾ. ਮਾਦਰੀ ਕਟੂਟੀ ਆਪਣੀਆਂ ਵਿਅੰਗਾਤਮਕ ਸੋਸ਼ਲ ਮੀਡੀਆ ਪੋਸਟਾਂ ਲਈ ਜਾਣੀ ਜਾਂਦੀ ਹੈ। ਉਸ ਨੇ ਪਹਿਲਗਾਮ ਹਮਲੇ ਦੇ ਬਾਅਦ ਪੋਸਟ ਪਾਈ, ‘ਧਰਮ ਪੁੱਛ ਕੇ ਗੋਲੀ ਮਾਰਨਾ ਦਹਿਸ਼ਤਗਰਦੀ ਹੈ, ਪਰ ਧਰਮ ਪੁੱਛ ਕੇ ਲਿੰਚ ਕਰਨਾ, ਨੌਕਰੀ ਤੋਂ ਕੱਢਣਾ, ਮਕਾਨ ਨਾ ਦੇਣਾ ਤੇ ਬੁਲਡੋਜ਼ਰ ਚਲਾਉਣਾ ਵੀ ਦਹਿਸ਼ਤਗਰਦੀ ਹੈ।’ ਭਾਜਪਾ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਏ ਬੀ ਵੀ ਪੀ ਨੇ ਯੂਨੀਵਰਸਿਟੀ ਵਿੱਚ ਧਰਨਾ ਦਿੱਤਾ ਤੇ ਐੱਫ ਆਈ ਆਰ ਦਰਜ ਕਰਾਈ। ਯੂਨੀਵਰਸਿਟੀ ਨੇ ਵੀ ਪ੍ਰੋਫੈਸਰ ਨੂੰ ਨੋਟਿਸ ਜਾਰੀ ਕਰ ਦਿੱਤਾ। ਜਿਓਤਿਸ਼ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਪਹਿਲਗਾਮ ਹਮਲੇ ’ਤੇ ਸਵਾਲ ਚੁੱਕਦਿਆਂ ਕਿਹਾ, ‘ਜਦ ਸਾਡੇ ਘਰ ਵਿੱਚ ਚੌਕੀਦਾਰ ਹੈ ਤੇ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਚੌਕੀਦਾਰ ਨੂੰ ਫੜਾਂਗੇ, ਪਰ ਇੱਥੇ ਅਜਿਹਾ ਕੁਝ ਨਹੀਂ ਹੋ ਰਿਹਾ।’ ਜ਼ਾਹਰ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਲਾ ਰਹੇ ਸਨ। ਉਧਰ, ਗੋਵਰਧਨ ਮੱਠ ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਨੇ ਤਾਂ ਕੁਝ ਮਹੀਨੇ ਪਹਿਲਾਂ ਮੋਦੀ ਨੂੰ ਦਹਿਸ਼ਤਗਰਦੀ ਦਾ ਹਾਮੀ ਕਹਿ ਦਿੱਤਾ ਸੀ। ਉਨ੍ਹਾ ਕਿਹਾ ਸੀ ਕਿ ਜੇ ਦੇਸ਼ ਵਿੱਚ ਮਜ਼ਬੂਤ ਨਿਆਂ ਵਿਵਸਥਾ ਹੁੰਦੀ ਤਾਂ ਮੋਦੀ ਤੇ ਯੋਗੀ ਜੇਲ੍ਹ ਵਿੱਚ ਹੁੰਦੇ, ਪਰ ਇਨ੍ਹਾਂ ਸ਼ੰਕਰਾਚਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਸਾਫ ਹੈ ਕਿ ਸਰਕਾਰ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਕੀ ਸਰਕਾਰ ਦੀ ਆਲੋਚਨਾ ਦੇਸ਼ ਦੀ ਆਲੋਚਨਾ ਹੈ? ਜੇ ਅਜਿਹਾ ਹੈ ਤਾਂ 2008 ਵਿੱਚ ਮੁੰਬਈ ਹਮਲੇ ਦੇ ਸਮੇਂ ਭਾਜਪਾ ਦਾ ਰੁਖ ਵੀ ਦੇਸ਼ਧੋ੍ਰਹ ਦੀ ਸ਼੍ਰੇਣੀ ਵਿੱਚ ਆਵੇਗਾ, ਜਦ ਮੋਦੀ ਨੇ ਪ੍ਰੈੱਸ ਕਾਨਫਰੰਸ ਕਰਕੇ ਮਨਮੋਹਨ ਸਰਕਾਰ ’ਤੇ ਹਮਲਾ ਕੀਤਾ ਸੀ, ਕਿਸੇ ਨੇ ਉਨ੍ਹਾਂ ’ਤੇ ਦੇਸ਼ਧ੍ਰੋਹ ਦਾ ਦੋਸ਼ ਨਹੀਂ ਲਾਇਆ ਸੀ।

ਆਪਣੀ ਵਾਰੀ… Read More »

ਕਾਰਪੋਰੇਟਾਂ ਦੇ ਦਲਾਲਾਂ ਖਿਲਾਫ਼ ਲੱਕ ਬੰਨ੍ਹਣ ਦਾ ਸੱਦਾ

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਵੱਲੋਂ ਪੀ ਆਰ ਟੀ ਸੀ ਪਟਿਆਲਾ ਡਿਪੂ ਦੇ ਮੁੱਖ ਗੇਟ ਦੇ ਸਾਹਮਣੇ ਵਰਕਰਾਂ ਦੀ ਭਰਵੀਂ ਇਕੱਤਰਤਾ ਕਰਕੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦਾ ਪ੍ਰਤੀਕ ਮਈ ਦਿਹਾੜਾ ਮਨਾਇਆ ਗਿਆ।ਪਹਿਲਾਂ ਯੂਨੀਅਨ ਦੇ ਮੁੱਖ ਦਫਤਰ ’ਤੇ ਝੰਡਾ ਝੁਲਾਉਣ ਉਪਰੰਤ ਪੀ ਆਰ ਟੀ ਸੀ ਵਿਭਾਗ ਦੇ ਗੇਟ ’ਤੇ ਯੂਨੀਅਨ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਝੰਡਾ ਲਹਿਰਾਇਆ ਤੇ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਨਾਂਅ ’ਤੇ ਨਾਅਰੇ ਬੁਲੰਦ ਕੀਤੇ। ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸਭ ਤੋਂ ਪਹਿਲਾਂ ਸ਼ਿਕਾਗੋ ਦੇ ਹੇਅ ਮਾਰਕੀਟ ਦੇ ਖੂਨੀ ਸਾਕੇ ਉਪਰੰਤ ਮਜ਼ਦੂਰਾਂ ਦੇ ਅੱਠ ਆਗੂਆਂ ਵਿਰੁੱਧ ਕਤਲ ਅਤੇ ਹੋਰ ਜੁਰਮਾਂ ਅਧੀਨ ਮੁਕੱਦਮੇ ਦਰਜ ਕਰਕੇ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕਰਨ ’ਤੇ ਉਸ ਸਮੇਂ ਦੇ ਸੰਘਰਸ਼ਾਂ ਦੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਈ ਦਿਹਾੜੇ ਦੇ ਸਮੁੱਚੇ ਇਤਿਹਾਸ ’ਤੇ ਸੰਖੇਪ ਵਿੱਚ ਚਾਨਣਾ ਪਾਇਆ। ਧਾਲੀਵਾਲ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਇਤਿਹਾਸ ਦਾ ਹੀ ਸਿੱਟਾ ਸੀ ਕਿ 8 ਘੰਟੇ ਡਿਊਟੀ ਦਾ ਕਾਨੂੰਨ ਬਣਵਾਇਆ ਗਿਆ, ਪਰ ਵਰਤਮਾਨ ਸਮੇਂ ਵਿੱਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਸਮੇਤ ਸਾਡੇ ਆਪਣੇ ਦੇਸ਼ ਵਿੱਚ ਸਰਕਾਰ ਕਾਰਪੋਰੇਟਾਂ ਦੀਆਂ ਲੋਟੂ ਮਨਮਰਜ਼ੀਆਂ ਦੇ ਅਨੁਕੂਲ ਮਜ਼ਦੂਰ ਵਿਰੋਧੀ ਕਾਨੂੰਨ ਲਿਆ ਰਹੀ ਹੈ। 29 ਲੇਬਰ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡਜ਼ ਬਣਾ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਮਜ਼ਦੂਰਾਂ ਦੀ ਲੁੱਟ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਪੀ ਆਰ ਟੀ ਸੀ ਦੀ ਹਾਲਤ ਬਾਰੇ ਉਹਨਾ ਕਿਹਾ ਕਿ ਵਰਕਰਾਂ ਨੂੰ ਤਨਖਾਹ-ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ, ਕੰਟਰੈਕਟ/ਆਊਟ ਸੋਰਸ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ। ਇਸ ਸਰਕਾਰ ਦੇ ਸਾਰੇ ਸਮੇਂ ਵਿੱਚ ਇੱਕ ਵੀ ਨਹੀਂ ਬੱਸ ਨਹੀਂ ਖਰੀਦੀ ਗਈ। ਵਰਕਰਾਂ ਦੇ 70 ਕਰੋੜ ਰੁਪਏ ਦੇ ਬਕਾਏ ਲੰਮੇ ਸਮੇਂ ਤੋਂ ਪੈਂਡਿੰਗ ਪਏ ਹਨ। ਉਹਨਾ ਮਜ਼ਦੂਰਾਂ ਨੂੰ ਭਵਿੱਖ ਦੇ ਸਖਤ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਜਿਨ੍ਹਾਂ ਹੋਰ ਆਗੂਆਂ ਨੇ ਮਈ ਦਿਹਾੜੇ ਦੇ ਇਕੱਠ ਨੂੰ ਸੰਬੋਧਨ ਕੀਤਾ, ਉਨ੍ਹ੍ਹਾਂ ਵਿੱਚ ਸੁਖਦੇਵ ਰਾਮ ਸੁੱਖੀ, ਕਰਮ ਚੰਦ ਗਾਂਧੀ, ਰਮੇਸ਼ ਕੁਮਾਰ, ਉਤਮ ਸਿੰਘ ਬਾਗੜੀ, ਗੁਰਵਿੰਦਰ ਸਿੰਘ ਗੋਲਡੀ ਅਤੇ ਪ੍ਰਮਜੀਤ ਸਿੰਘ ਸ਼ਾਮਲ ਸਨ।

ਕਾਰਪੋਰੇਟਾਂ ਦੇ ਦਲਾਲਾਂ ਖਿਲਾਫ਼ ਲੱਕ ਬੰਨ੍ਹਣ ਦਾ ਸੱਦਾ Read More »