ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਰੇ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨਾਲ ਮਿਲ ਕੇ ਟੀਚਰ ਹੋਮ ਵਿਖੇ ਕੀਤੀ ਪ੍ਰੈਸ ਕਾਨਫਰੰਸ

ਬਠਿੰਡਾ, 28 ਅਪ੍ਰੈਲ – ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਰੇ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨਾਲ ਮਿਲ ਕੇ ਟੀਚਰ ਹੋਮ ਵਿਖੇ ਪ੍ਰੈਸ ਕਾਨਫਰੰਸ ਕਰਕੇ ਬਸ ਅੱਡੇ ਨੂੰ ਮੌਜੂਦਾ ਥਾਂ ‘ਤੇ ਬਣੇ ਰਹਿਣ ਦੇ ਫਾਇਦੇ ਅਤੇ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਲਿਜਾਣ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਮੌਜੂਦਾ ਬੱਸ ਅੱਡੇ ਕੋਲ ਹੀ ਕਚਹਿਰੀ, ਮਿਨੀ ਸਕੱਤਰੇਤ, ਕਾਲਜ, ਹਸਪਤਾਲ, ਰੇਲਵੇ ਸਟੇਸ਼ਨ, ਮੁੱਖ ਬਜ਼ਾਰ ਅਤੇ ਸਬਜ਼ੀ ਮੰਡੀ ਆਦਿ ਹੋਣ ਕਰਕੇ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਉਪਲਬਧ ਹਨ।  ਹਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਸ ਅੱਡੇ ਦੀ ਦੂਜੀ ਪਾਸੇ ਸੜਕ ਦਾ ਹਿੱਸਾ ਜੋ ਕਿ ਆਮ ਤੌਰ ‘ਤੇ ਬੰਦ ਰਹਿੰਦਾ ਹੈ, ਉੱਥੇ ਸੜਕ ਬਣਾਕੇ ਅਤੇ ਪਾਵਰ ਹਾਊਸ ਰੋਡ ‘ਤੇ ਸਰਕਾਰੀ ਜਮੀਨ ਦਾ ਠੀਕ ਇਸਤੇਮਾਲ ਕਰਕੇ ਬਸ ਅੱਡੇ ‘ਤੇ ਆਉਣ ਜਾਣ ਦੀ ਸੁਵਿਧਾ ਵਧਾਈ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਏ ਕਿ ਪ੍ਰਸ਼ਾਸਨ ਅਤੇ ਸਰਕਾਰ ਕੁਝ ਭੂਮਾਫੀਆਂ ਨੂੰ ਫਾਇਦਾ ਪਹੁੰਚਾਉਣ ਲਈ ਬਸ ਅੱਡੇ ਨੂੰ ਸ਼ਹਿਰ ਤੋਂ ਦੂਰ ਲਿਜਾਣ ‘ਤੇ ਅੜੀ ਹੋਈ ਹੈ ਅਤੇ ਹਰ ਸ਼ਹਿਰੀ ਇਸ ਦਾ ਜਵਾਬ ਜਾਣਨਾ ਚਾਹੁੰਦਾ ਹੈ। ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ਼ਹਿਰ ਦਾ ਜ਼ਿਆਦਾਤਰ ਇਲਾਕਾ ਪਿੰਡਾਂ ਤੋਂ ਆਉਣ ਵਾਲੇ ਗਾਹਕਾਂ ‘ਤੇ ਨਿਰਭਰ ਹੈ। ਜੇਕਰ ਬਸ ਅੱਡਾ ਹੋਰ ਥਾਂ ਲਿਜਾਇਆ ਗਿਆ ਤਾਂ ਵਪਾਰੀ ਅਤੇ ਕਰਮਚਾਰੀ ਬਰਬਾਦੀ ਦੀ ਕਗਾਰ ‘ਤੇ ਪਹੁੰਚ ਜਾਣਗੇ।

ਇਸੇ ਤਰ੍ਹਾਂ ਸਟੂਡੈਂਟ ਯੂਨੀਅਨ ਦੀ ਪਾਇਲ ਅਰੋੜਾ ਅਤੇ ਵਕੀਲ ਵਿਸ਼ਨਦੀਪ ਕੌਰ ਨੇ ਕਿਹਾ ਕਿ ਅਦਾਲਤੀ ਕੰਪਲੈਕਸ ਅਤੇ ਕਾਲਜ ਬਸ ਅੱਡੇ ਦੇ ਬਿਲਕੁਲ ਨੇੜੇ ਹਨ। ਹਜ਼ਾਰਾਂ ਵਿਦਿਆਰਥੀ, ਵਕੀਲ ਅਤੇ ਆਮ ਲੋਕ ਰੋਜ਼ਾਨਾ ਦੇ ਕੰਮਾਂ ਲਈ ਨਿੱਜੀ ਆਵਾਜਾਈ ਦੀ ਥਾਂ ਬਸਾਂ ‘ਤੇ ਨਿਰਭਰ ਕਰਦੇ ਹਨ। ਜੇਕਰ ਬਸ ਅੱਡਾ ਦੂਰ ਲਿਜਾਇਆ ਗਿਆ ਤਾਂ ਹਰ ਵਰਗ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਨੇਤਾ ਸੰਦੀਪ ਅਗਰਵਾਲ ਅਤੇ ਆਸ਼ੁਤੋਸ਼ ਤਿਵਾਰੀ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਸ ਵਿਧਾਇਕ ਜਗਰੂਪ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਗਿਆ, ਉਹ ਇਸ ਮਾਮਲੇ ‘ਚ ਬਿਲਕੁਲ ਚੁੱਪ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਕੀ ਅਧਿਕਾਰੀ ਲੋਕਾਂ ਦੀਆਂ ਦੁਹਾਈਆਂ ਸੁਣਨ ਦੀ ਥਾਂ ਤਾਨਾਸਾਹੀ ਪੂਰਨ ਫੈਸਲੇ ਲੈ ਰਹੇ ਹਨ। ਸਭ ਸੰਸਥਾਵਾਂ ਨੇ ਇਕਸੁਰ ਹੋ ਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਕ ਹਫ਼ਤੇ ਵਿੱਚ ਬਸ ਅੱਡੇ ਬਾਰੇ ਕੋਈ ਕਾਰਗਰ ਫੈਸਲਾ ਨਾ ਆਇਆ ਤਾਂ ਮਜਬੂਰ ਹੋ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਕਪੜਾ ਮਾਰਕੀਟ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ, ਖੇਤ ਮਜ਼ਦੂਰ ਯੂਨੀਅਨ, ਪੈਂਸ਼ਨਰਜ਼ ਐਸੋਸੀਏਸ਼ਨ, ਪੰਜਾਬ ਗਵਰਨਮੈਂਟ ਪੈਂਸ਼ਨਰ ਵੈਲਫੇਅਰ ਐਸੋਸੀਏਸ਼ਨ, ਸਮਰਥ ਵੈਲਫੇਅਰ ਸੋਸਾਇਟੀ, ਕੁਲ ਹਿੰਦ ਕਿਸਾਨ ਸਭਾ, ਜਵੈਲਰਜ਼ ਐਸੋਸੀਏਸ਼ਨ, ਬਸ ਅੱਡਾ ਮਾਰਕੀਟ ਐਸੋਸੀਏਸ਼ਨ, ਬੀਕੇਯੂ ਡਕੌਂਦਾ, ਭਗਤ ਸਿੰਘ ਮਾਰਕੀਟ ਐਸੋਸੀਏਸ਼ਨ, ਕੋਰਟ ਰੋਡ ਐਸੋਸੀਏਸ਼ਨ, ਪ੍ਰਿੰਸੀਪਲ ਹਰਬੰਸ ਸਿੰਘ, ਅਕਾਲੀ ਦਲ ਤੋਂ ਬਬਲੀ ਢਿੱਲੋ, ਕੌਂਸਲਰ ਰਾਜ ਕੁਮਾਰ, ਰੀਨਾ ਗੁਪਤਾ, ਵੀਰਪਾਲ ਕੌਰ, ਗੁਰਿੰਦਰ ਕੌਰ, ਕੰਵਲਜੀਤ ਭੰਗੂ, ਸਮਾਜਸੇਵੀ ਪੰਕਜ ਭਾਰਦਵਾਜ, ਡਾ. ਅਜੀਤ ਪਾਲ ਸਿੰਘ, ਬੱਗਾ ਸਿੰਘ, ਮਾਨਕੇੜਾ, ਜੋਰਾ ਨਸਰਾਲੀ, ਲੱਖਮਣ ਮਲੂਕਾ, ਸੁਦੀਪ ਸਿੰਘ ਅਤੇ ਹੋਰ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ