
ਨਵੀਂ ਦਿੱਲੀ, 28 ਅਪ੍ਰੈਲ – ਭਾਵੇਂ ਪਿਛਲੇ ਸਾਲ ਨੀਟ-ਯੂਜੀ ਤੇ ਯੂਜੀਸੀ ਨੈੱਟ ਵਰਗੀਆਂ ਪ੍ਰੀਖਿਆਵਾਂ ’ਚ ਸਾਹਮਣੇ ਆਈਆਂ ਬੇਨਿਯਮੀਆਂ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੂੰ ਫੁੱਲਪਰੂਫ਼ ਬਣਾਉਣ ਲਈ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ ਪਰ ਇਸਦੀ ਰਫ਼ਤਾਰ ਇੰਨੀ ਹੌਲੀ ਹੈ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਹੋਰ ਸਮਾਂ ਲੱਗੇਗਾ। ਹਾਲਾਂਕਿ ਅਧਿਕਾਰ ਪ੍ਰਾਪਤ ਕਮੇਟੀ ਨੇ ਇਨ੍ਹਾਂ ’ਚ ਸੁਧਾਰ ਲਈ ਸੌ ਤੋਂ ਵੱਧ ਸਿਫ਼ਾਰਸ਼ਾਂ ਕੀਤੀਆਂ ਹਨ। 2025 ਦੀ ਪ੍ਰੀਖਿਆ ’ਚ ਐੱਨਟੀਏ ਦੁਆਰਾ ਗ਼ਲਤੀ-ਮੁਕਤ ਪ੍ਰਸ਼ਨ ਪੱਤਰ ਤਿਆਰ ਕਰਨ, ਕੇਂਦਰਾਂ ਤੱਕ ਪ੍ਰਸ਼ਨ ਪੱਤਰਾਂ ਦੀ ਡਿਜੀਟਲ ਡਿਲੀਵਰੀ, ਪ੍ਰੀਖਿਆਵਾਂ ਦੀ ਆਊਟਸੋਰਸਿੰਗ ਤੋਂ ਬਚਣ ਆਦਿ ਵਰਗੀਆਂ ਜ਼ਿਆਦਾਤਰ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣੀਆਂ ਸਨ। ਜੋ ਸ਼ਾਇਦ ਐੱਨਟੀਏ ਨਹੀਂ ਕਰ ਸਕਿਆ। ਇਸ ਵਾਰ ਵੀ ਜੇਈਈ ਮੇਨ ਪ੍ਰੀਖਿਆ ’ਚ ਗ਼ਲਤ ਪ੍ਰਸ਼ਨਾਂ ਦਾ ਮਾਮਲਾ ਇਕ ਵੱਡਾ ਮੁੱਦਾ ਬਣ ਗਿਆ ਸੀ। ਜਿਵੇਂ-ਜਿਵੇਂ ਵਿਵਾਦ ਵਧਦਾ ਗਿਆ ਐੱਨਟੀਏ ਨੂੰ ਬਾਅਦ ’ਚ ਇਸ ਸਮੇਂ ਦੌਰਾਨ ਆਪਣੇ ਬਹੁਤ ਸਾਰੇ ਸਵਾਲ ਵਾਪਸ ਲੈਣੇ ਪਏ।
ਨੀਟ-ਯੂਜੀ, ਯੂਜੀਸੀ ਨੈੱਟ ਵਰਗੀਆਂ ਪ੍ਰੀਖਿਆਵਾਂ ਦਾ ਸਮਾਂ ਫਿਰ ਆ ਗਿਆ ਹੈ। ਨੀਟ-ਯੂਜੀ ਪ੍ਰੀਖਿਆ ਇਸ ਹਫ਼ਤੇ ਯਾਨੀ 4 ਮਈ ਨੂੰ ਦੇਸ਼ ਭਰ ’ਚ ਹੋਣ ਜਾ ਰਹੀ ਹੈ। ਪਿਛਲੇ ਸਾਲ ਨੀਟ-ਯੂਜੀ ਪ੍ਰਸ਼ਨ ਪੱਤਰ ਪ੍ਰੀਖਿਆ ਕੇਂਦਰਾਂ ’ਚ ਪਹੁੰਚਾਉਣ ਦੇ ਤਰੀਕੇ ’ਤੇ ਸਵਾਲ ਉਠਾਏ ਗਏ ਸਨ। ਇਸ ਤੋਂ ਬਾਅਦ ਸੁਧਾਰ ਲਈ ਬਣਾਈ ਗਈ ਅਧਿਕਾਰ ਪ੍ਰਾਪਤ ਕਮੇਟੀ ਨੇ ਪ੍ਰਸ਼ਨ ਪੱਤਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਡਿਜੀਟਲ ਰੂਪ ’ਚ ਪਹੁੰਚਾਉਣ ਦਾ ਸੁਝਾਅ ਦਿੱਤਾ ਸੀ। ਇਹ ਦੇਖਣਾ ਬਾਕੀ ਹੈ ਕਿ ਐੱਨਟੀਏ ਇਸ ਵਾਰ ਪ੍ਰੀਖਿਆ ਕੇਂਦਰਾਂ ਤੱਕ ਪ੍ਰਸ਼ਨ ਪੱਤਰ ਪਹੁੰਚਾਉਣ ਲਈ ਕਿਹੜਾ ਤਰੀਕਾ ਅਪਣਾਉਂਦਾ ਹੈ। ਐੱਨਟੀਏ ’ਚ ਬੇਨਿਯਮੀਆਂ ਦੇ ਪਿੱਛੇ ਇਕ ਹੋਰ ਵੱਡੀ ਖ਼ਾਮੀ ਸਾਹਮਣੇ ਆਈ ਜੋ ਪ੍ਰੀਖਿਆ ਕਰਵਾਉਣ ਲਈ ਆਊਟਸੋਰਸਿੰਗ ਏਜੰਸੀਆਂ ਦੀ ਵਰਤੋਂ ਸੀ। ਕਮੇਟੀ ਨੇ ਐੱਨਟੀਏ ਨੂੰ ਪ੍ਰੀਖਿਆਵਾਂ ਲਈ ਸਥਾਈ ਜਾਂ ਸਰਕਾਰੀ ਕਰਮਚਾਰੀਆਂ ਦੀ ਨਿਯੁਕਤੀ ਦਾ ਸੁਝਾਅ ਦਿੱਤਾ ਸੀ।
ਐੱਨਟੀਏ ਸੂਤਰਾਂ ਅਨੁਸਾਰ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਐੱਨਟੀਏ ਨੇ ਉੱਚ ਪੱਧਰ ’ਤੇ 16 ਨਵੀਆਂ ਸਥਾਈ ਅਸਾਮੀਆਂ ਬਣਾਈਆਂ ਹਨ। ਇਸ ਦੇ ਬਾਵਜੂਦ ਅਜੇ ਵੀ ਐੱਨਟੀਏ ’ਚ ਜ਼ਿਆਦਾਤਰ ਅਧਿਕਾਰੀ ਅਤੇ ਕਰਮਚਾਰੀ ਠੇਕੇ ’ਤੇ ਹਨ ਜਾਂ ਡੈਪੂਟੇਸ਼ਨ ’ਤੇ ਕੰਮ ਕਰ ਰਹੇ ਹਨ। ਪ੍ਰੀਖਿਆਵਾਂ ’ਚ ਬੇਨਿਯਮੀਆਂ ਪਿੱਛੇ ਇਕ ਹੋਰ ਵੱਡਾ ਮੁੱਦਾ ਐੱਨਟੀਏ ਵੱਲੋਂ ਨਿੱਜੀ ਵਿਦਿਅਕ ਸੰਸਥਾਵਾਂ ਨੂੰ ਪ੍ਰੀਖਿਆ ਕੇਂਦਰ ਬਣਾਉਣ ਦਾ ਫ਼ੈਸਲਾ ਸੀ। ਆਪਣੀ ਸਿਫ਼ਾਰਸ਼ ’ਚ ਕਮੇਟੀ ਨੇ ਐੱਨਟੀਏ ਨੂੰ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਉਹ ਸਿਰਫ਼ ਸਰਕਾਰੀ ਸੰਸਥਾਵਾਂ ਨੂੰ ਹੀ ਪ੍ਰੀਖਿਆ ਕੇਂਦਰ ਬਣਾ ਸਕਦੀ ਹੈ। ਇਸ ਦੀ ਚੋਣ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਸੁਪਰਡੈਂਟ ਦੀ ਇਜਾਜ਼ਤ ਜ਼ਰੂਰੀ ਹੋਵੇਗੀ।