ਪਾਕਿਸਤਾਨ ਨੇ ਕੀਤੀ ਅਪਣੇ ਦੋਸਤ ਨੂੰ ਅਪੀਲ, ‘ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕੇ ਚੀਨ’

ਇਸਲਾਮਾਬਾਦ, 28 ਅਪ੍ਰੈਲ – ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਪਹਿਲੀ ਵਾਰ 1960 ਤੋਂ ਚੱਲੀ ਆ ਰਹੀ ਸਿੰਧੂ ਜਲ ਸੰਧੀ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ। ਨਾਲ ਹੀ ਦੂਤਘਰ ਤੋਂ ਸਟਾਫ਼ ਘਟਾਉਣ, ਵੀਜ਼ੇ ਰੱਦ ਕਰਨ ਅਤੇ ਸਰਹੱਦਾਂ ਬੰਦ ਕਰਨ ਵਰਗੇ ਫ਼ੈਸਲੇ ਵੀ ਲਏ ਗਏ ਹਨ। ਪਾਕਿਸਤਾਨ ਇਨ੍ਹਾਂ ਫ਼ੈਸਲਿਆਂ ਤੋਂ ਪਰੇਸ਼ਾਨ ਹੈ ਅਤੇ ਹੁਣ ਉਸ ਨੂੰ ਅਪਣੇ ਸਦਾਬਹਾਰ ਦੋਸਤ ਚੀਨ ਦੀ ਯਾਦ ਆ ਰਹੀ ਹੈ। ਪਾਕਿਸਤਾਨ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸੱਭ ਤੋਂ ਪਹਿਲਾਂ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਜਾਵੇਗਾ ਅਤੇ ਚੀਨ ਅਤੇ ਰੂਸ ਵਰਗੇ ਦੇਸ਼ਾਂ ਨੂੰ ਭਾਰਤ ਵਿਰੁਧ ਕਾਰਵਾਈ ਕਰਨ ਦੀ ਅਪੀਲ ਕਰੇਗਾ। ਇੰਨਾ ਹੀ ਨਹੀਂ ਹੁਣ ਪਾਕਿਸਤਾਨ ਨੇ ਚੀਨ ਦੇ ਨਾਂ ’ਤੇ ਸਿੱਧੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। ਪਾਕਿਸਤਾਨੀ ਪੱਤਰਕਾਰ ਅਤੇ ਸਾਬਕਾ ਸੰਸਦ ਮੈਂਬਰ ਮੁਸ਼ਾਹਿਦ ਹੁਸੈਨ ਸਈਅਦ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਰੋਕਣ ਸਮੇਤ ਭਾਰਤ ਸਰਕਾਰ ਵਲੋਂ ਲਏ ਗਏ ਫ਼ੈਸਲੇ ਆਰ.ਐਸ.ਐਸ ਦੇ ਇਸ਼ਾਰੇ ’ਤੇ ਲਏ ਗਏ ਹਨ।

ਮੁਸ਼ਾਹਿਦ ਹੁਸੈਨ ਨੇ ਪਾਕਿਸਤਾਨੀ ਟੀ.ਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਪਾਕਿਸਤਾਨ ਵਲੋਂ ਲਿਆ ਗਿਆ ਫ਼ੈਸਲਾ ਚੰਗਾ ਹੈ। ਹੁਸੈਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜੋ ਜੰਗ ਸ਼ੁਰੂ ਕੀਤੀ ਹੈ, ਉਹ ਆਰ.ਐਸ.ਐਸ ਦੇ ਇਸ਼ਾਰੇ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ 2025 ਵਿਚ 100 ਸਾਲ ਪੂਰੇ ਕਰ ਰਹੀ ਹੈ ਅਤੇ ਇਸੇ ਲਈ ਅਜਿਹਾ ਮਾਹੌਲ ਸਿਰਜਿਆ ਗਿਆ ਹੈ। ਮੁਸ਼ਾਹਿਦ ਹੁਸੈਨ ਨੇ ਇਹ ਵੀ ਕਿਹਾ ਕਿ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨ ਦਾ ਪਾਕਿਸਤਾਨ ਦਾ ਫ਼ੈਸਲਾ ਭਾਰਤ ਲਈ ਵੱਡਾ ਝਟਕਾ ਹੋਵੇਗਾ। ਹੁਸੈਨ ਨੇ ਕਿਹਾ ਕਿ ਇਸ ਨਾਲ ਭਾਰਤੀ ਜਹਾਜ਼ਾਂ ਦਾ ਕਿਰਾਇਆ ਵਧੇਗਾ ਅਤੇ ਲੰਬੇ ਸਮੇਂ ਵਿਚ ਇਸ ਨੂੰ ਨੁਕਸਾਨ ਉਠਾਉਣਾ ਪਵੇਗਾ। ਇੰਨਾ ਹੀ ਨਹੀਂ ਮੁਸ਼ਾਹਿਦ ਹੁਸੈਨ ਨੇ ਕਿਹਾ ਕਿ ਭਾਰਤ ਪਾਣੀ ਦੇ ਮਾਮਲੇ ’ਚ ਕੋਈ ਖ਼ਾਸ ਕਦਮ ਨਹੀਂ ਚੁੱਕ ਸਕਦਾ। ਉਸ ਦੀ ਕੋਈ ਵੀ ਕਾਰਵਾਈ ਤੁਰਤ ਪ੍ਰਭਾਵ ਨਹੀਂ ਦਿਖਾਏਗੀ। ਹੁਸੈਨ ਨੇ ਇਹ ਵੀ ਕਿਹਾ ਕਿ ਭਾਰਤ ਪਾਣੀ ਦੇ ਮੁੱਦੇ ’ਤੇ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕ ਸਕਦਾ। ਉਨ੍ਹਾਂ ਚੀਨ ਦੀ ਉਦਾਹਰਣ ਦਿਤੀ, ਜੋ ਭਾਰਤ ਦੇ ਜਲ ਸਰੋਤਾਂ ਨੂੰ ਕੰਟਰੋਲ ਕਰਦਾ ਹੈ।

ਸਾਂਝਾ ਕਰੋ

ਪੜ੍ਹੋ