
ਵੈਨਕੂਵਰ, 28 ਅਪ੍ਰੈਲ – ਸ਼ਨੀਵਾਰ ਦੀ ਰਾਤ ਨੂੰ ਵੈਨਕੂਵਰ ਦੇ ਦੱਖਣੀ ਇਲਾਕੇ ‘ਚ ਫ਼ਰੇਜਰ ਸਟਰੀਟ ਅਤੇ 141 ਐਵਨਿਊ ਨੇੜੇ ਲਾਪੂ ਲਾਪੂ ਸਮਾਗਮ ‘ਚ ਸ਼ਿਰਕਤ ਕਰਨ ਲਈ ਇਕੱਤਰ ਹੋਏ ਫਿਲੀਪੀਨਜ਼ ਭਾਈਚਾਰੇ ਦੇ ਲੋਕਾਂ ਦੀ ਭੀੜ ‘ਤੇ ਇੱਕ ਐਸ. ਯੂ .ਵੀ .ਕਾਰ ਚਾਲਕ ਵੱਲੋਂ ਕਾਰ ਚੜਾ ਦਿੱਤੇ ਜਾਣ ਕਾਰਨ ਵਾਪਰੇ ਇੱਕ ਦਰਦਨਾਕ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਬੀਤੇ ਦਿਨ ਵਾਪਰੀ ਇਸ ਘਟਨਾ ਤੋਂ ਮਗਰੋਂ ਪੁਲਿਸ ਵੱਲੋਂ ਇਸ ਹਾਦਸੇ ‘ਚ ਕੁੱਲ 9 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਸੀ।
ਪਰੰਤੂ ਵਧੇਰੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਨ੍ਹਾਂ ‘ਚੋ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ| ਮ੍ਰਿਤਕਾਂ ‘ਚ 5 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 65 ਸਾਲ ਦੀ ਉਮਰ ਦੇ ਲੋਕ ਵੀ ਸ਼ਾਮਿਲ ਦੱਸੇ ਜਾ ਰਹੇ ਹਨ। ਵੈਨਕੂਵਰ ਪੁਲਿਸ ਦੇ ਅੰਤਰਿਮ ਮੁਖੀ ਸਟੀਵ ਰਾਈ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਿਸੇ ਅਤਿਵਾਦੀ ਘਟਨਾ ਨਾਲ ਸੰਬੰਧਿਤ ਹੋਣ ਤੋਂ ਇਨਕਾਰ ਕੀਤਾ।