
ਸੱਚੋ-ਸੱਚ ਹੈ, ਉੱਕਾ ਹੇਰਾਫੇਰੀ ਨਈ
ਜਿਸ ਬਸਤੀ ਵਿੱਚ ਮੈਂ ਰਹਿਨਾਂ ਵਾਂ, ਮੇਰੀ ਨਈ।
ਜਿਸ ਬਸਤੀ ਵਿੱਚ ਚੀਕਾਂ, ਹਉਕੇ, ਪੀੜਾਂ ਨੇ,
ਜਿਸ ਬਸਤੀ ਵਿਚ ਬੇਦਿਲਿਆਂ ਦੀਆਂ ਭੀੜਾਂ ਨੇ।
ਜਿਸ ਬਸਤੀ ਵਿੱਚ ਔੜਾਂ, ਧੁੱਪਾਂ, ਸੋਕੇ ਨੇ,
ਜਿਸ ਬਸਤੀ ਵਿੱਚ ਛਵੀਆਂ, ਨੇਜ਼ੇ, ਟੋਕੇ ਨੇ।
ਜੋ ਬਸਤੀ, ਬਸਤੀ ਨਹੀਂ ਲੱਗਦੀ, ਖੰਡਰ ਹੈ,
ਜਿਸ ਬਸਤੀ ਦੀ ਸੋਚ ਹੀ ਤੋਕੜ-ਫੰਡਰ ਹੈ।
ਜਿਸ ਬਸਤੀ ਵਿਚ ਕੋਈ ਰੂਹ ਲਵੇਰੀ ਨਈ,
ਜਿਸ ਬਸਤੀ ਵਿੱਚ ਮੈਂ ਰਹਿਨਾਂ ਵਾਂ, ਮੇਰੀ ਨਈ।
ਜਿਸ ਬਸਤੀ ਵਿਚ ਜੁਗਨੂੰ ਸਹਿਮੇ ਹੋਏ ਨੇ,
ਜਿਸ ਬਸਤੀ ਵਿਚ ਚਾਨਣ ਮੋਏ ਮੋਏ ਨੇ।
ਜਿਸ ਬਸਤੀ ਵਿਚ ਸੋਚ ਨੂੰ ਉੱਲੀ ਲੱਗੀ ਹੈ,
ਜਿਸ ਬਸਤੀ ਵਿਚ ਜੜ੍ਹ ਤੋਂ ਕਿਸਮਤ ਖੱਗੀ ਹੈ।
ਜਿਸ ਬਸਤੀ ਦੀ ਸਾਰ ਨਾ ਕੋਈ ਦੁਨੀਆ ਨੂੰ,
ਜਿਸ ਬਸਤੀ ਦੀਆਂ ਕੰਜਕਾਂ ਤਰਸਣ ਚੁੰਨੀਆਂ ਨੂੰ।
ਜਿਸ ਬਸਤੀ ਵਿਚ ਛਮਲਿਓਂ ਸੋਚ ਓਚੇਰੀ ਨਈ,
ਜਿਸ ਬਸਤੀ ਵਿੱਚ ਮੈਂ ਰਹਿਨਾਂ ਵਾਂ, ਮੇਰੀ ਨਈ।
ਜਿਸ ਬਸਤੀਏ ਖ਼ੁਸ਼ਬੂ ਨਹੀਂ ਕਿਰਦਾਰਾਂ ਵਿਚ,
ਜਿਸ ਬਸਤੀਏ ਫੁੱਲ ਨਾ ਖਿੜਨ ਬਹਾਰਾਂ ਵਿਚ।
ਜਿਸ ਬਸਤੀ ਦੇ ਪੋਤੜਿਆਂ ਵਿਚ ਫਾਕੇ ਨੇ,
ਜਿਸ ਬਸਤੀ ਦੇ ਹੱਕਾਂ ਉੱਤੇ ਡਾਕੇ ਨੇ।
ਜਿਸ ਬਸਤੀ ਵਿਚ ਨੇਸਤੀਆਂ ਦੀ ਚਾਂਦੀ ਹੈ,
ਜਿਸ ਬਸਤੀ ਵਿਚ ਹਿੰਮਤ ਹੂੰਗੀ ਜਾਂਦੀ ਹੈ।
ਜਿਸ ਬਸਤੀ ਨੇ ਛੱਲੀ ਕਦੇ ਅਟੇਰੀ ਨਈ,
ਜਿਸ ਬਸਤੀ ਵਿੱਚ ਮੈਂ ਰਹਿਨਾਂ ਵਾਂ, ਮੇਰੀ ਨਈ।
ਜਿਸ ਬਸਤੀ ਦੇ ਭਾਗੀਂ ਵਾਸ ਦਲਿੱਦਰ ਦਾ,
ਜਿਸ ਬਸਤੀ ਨੂੰ ਸੰਗ ਹੈ ਰਾਸ, ਦਲਿੱਦਰ ਦਾ।
ਜਿਸ ਬਸਤੀ ਨੂੰ ਇਲਮ-ਅਲਰਜੀ ਰਹਿੰਦੀ ਹੈ,
ਜਿਸ ਬਸਤੀ ਵਿੱਚ ਅਮਲ ਦੀ ਗੰਗਾ ਵਹਿੰਦੀ ਹੈ।
ਜਿਸ ਬਸਤੀ ਦੀਆਂ ਗਲੀਆਂ ਕੀਰਨੇ ਪਾਉਂਦੀਆਂ ਨੇ,
ਜਿਸ ਬਸਤੀ ਵਿੱਚ ਨਿੱਤ ਮਕਾਣਾਂ ਆਉਂਦੀਆਂ ਨੇ।
ਜਿਸ ਬਸਤੀ ਕਦੇ ਖ਼ੁਸ਼ੀਆਂ ਪਾਈ ਫੇਰੀ ਨਈ,
ਜਿਸ ਬਸਤੀ ਵਿੱਚ ਮੈਂ ਰਹਿਨਾਂ ਵਾਂ, ਮੇਰੀ ਨਈ।
ਗੁਰਵਿੰਦਰ ਚਾਕ ✍🏻