
ਬ੍ਰਾਹਮਣ ਜਥੇਬੰਦੀਆਂ ਦੇ ਤਿੱਖੇ ਵਿਰੋਧ ਕਾਰਨ ਮਹਾਨ ਸਮਾਜ ਸੁਧਾਰਕ ਜੋਤੀਬਾ ਫੂਲੇ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਫੂਲੇ’ ਉਨ੍ਹਾ ਦੇ ਜਨਮ ਦਿਨ 11 ਅਪ੍ਰੈਲ ਨੂੰ ਤੈਅ ਤਰੀਕ ’ਤੇ ਰਿਲੀਜ਼ ਨਹੀਂ ਹੋ ਸਕੀ। ਫਿਲਮ ਵਿੱਚ ਪ੍ਰਸਿੱਧ ਅਭਿਨੇਤਾ ਪ੍ਰਤੀਕ ਗਾਂਧੀ ਮਹਾਤਮਾ ਫੂਲੇ ਤੇ ਅਭਿਨੇਤਰੀ ਪੱਤ੍ਰਲੇਖਾ ਸਾਵਿਤਰੀ ਬਾਈ ਫੂਲੇ ਦੀ ਭੂਮਿਕਾ ਵਿੱਚ ਹਨ। ਟਰੇਲਰ ਰਿਲੀਜ਼ ਹੋਣ ਦੇ ਬਾਅਦ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸੈਂਸਰ ਬੋਰਡ ਨੇ ਰੌਲਾ ਪੈਣ ਤੋਂ ਬਾਅਦ ਫਿਲਮ ਵਿੱਚ ਕਈ ਬਦਲਾਅ ਸੁਝਾਏ, ਜਿਸ ਦੇ ਬਾਅਦ ਵਿਵਾਦ ਨੇ ਤੂਲ ਫੜ ਲਿਆ।
ਸੈਂਸਰ ਬੋਰਡ ਨੂੰ ਇਹ ਡਾਇਲਾਗ ਤੇ ਸੀਨ ਪਸੰਦ ਨਹੀਂਤਿੰਨ ਹਜ਼ਾਰ ਸਾਲ ਦੀ ਗੁਲਾਮੀ, ਜਾਤੀ ਵਿਵਸਥਾ ਤੇ ਸ਼ੂਦਰਾਂ ਦੀ ਦੁਰਦਸ਼ਾ ਨਾਲ ਸੰਬੰਧਤ ਵਾਇਸਓਵਰ, ਮਹਾਰ, ਮਾਂਗ, ਪੇਸ਼ਵਾਈ, ਮਨੂੰਸਿਮਰਤੀ ਤੇ ਜਾਤ ਵਿਵਸਥਾ ਵਰਗੇ ਸ਼ਬਦਾਂ ਦੀ ਵਰਤੋਂ ਅਤੇ ਬ੍ਰਾਹਮਣ ਬੱਚੇ ਵੱਲੋਂ ਫੂਲੇ ਜੋੜੇ ’ਤੇ ਕੂੜਾ ਸੁੱਟਣਾ। ਮਹਾਰਾਸ਼ਟਰ ਦੇ ਅਖਿਲ ਭਾਰਤੀ ਬ੍ਰਾਹਮਣ ਮਹਾਂ ਸੰਘ, ਪੁਣੇ ਦੇ ਕਰਾਡ ਬ੍ਰਾਹਮਣ ਮਹਾਂ ਸੰਘ ਤੇ ਹਿੰਦੂ ਮਹਾਂ ਸਭਾ ਨੇ ਦਾਅਵਾ ਕੀਤਾ ਕਿ ਫਿਲਮ ਬ੍ਰਾਹਮਣਾਂ ਨੂੰ ਨਾਂਹ-ਪੱਖੀ ਰੂਪ ਵਿੱਚ ਦਿਖਾਉਦੀ ਹੈ ਤੇ ਜਾਤੀਵਾਦ ਨੂੰ ਬੜ੍ਹਾਵਾ ਦਿੰਦੀ ਹੈ। ਇਨ੍ਹਾਂ ਜਥੇਬੰਦੀਆਂ ਨੇ ਸੜਕਾਂ ’ਤੇ ਪ੍ਰਦਰਸ਼ਨ ਕੀਤੇ ਅਤੇ ਸੈਂਸਰ ਬੋਰਡ ਨੂੰ ਇਤਰਾਜ਼ਯੋਗ ਦਿ੍ਰਸ਼ ਹਟਾਉਣ ਲਈ ਪੱਤਰ ਲਿਖੇ, ਪਰ ਮਹਾਰਾਸ਼ਟਰ, ਜਿਹੜੀ ਫੂਲੇ ਤੇ ਅੰਬੇਡਕਰ ਦੀ ਭੂਮੀ ਹੈ, ਵਿੱਚ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਵੀ ਓਨਾ ਹੀ ਤਿੱਖਾ ਹੈ। ਵੰਚਿਤ ਬਹੁਜਨ ਅਘਾੜੀ ਦੇ ਆਗੂ ਤੇ ਡਾ. ਅੰਬੇਡਕਰ ਦੇ ਪੋਤਰੇ ਪ੍ਰਕਾਸ਼ ਅੰਬੇਡਕਰ ਦੇ ਹਮਾਇਤੀਆਂ ਨੇ ਸੜਕਾਂ ’ਤੇ ਉੱਤਰ ਕੇ ਫਿਲਮ ਦਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕੀਤਾ। ਪ੍ਰਕਾਸ਼ ਅੰਬੇਡਕਰ ਨੇ ਕਿਹਾ ਕਿ ਫੂਲੇ ਨੂੰ ਦਬਾਉਣ ਦੀ ਸਾਜ਼ਿਸ਼ ਚੱਲ ਰਹੀ ਹੈ। ਇਹ ਫਿਲਮ ਬਹੁਜਨ ਸਮਾਜ ਦੀ ਪ੍ਰੇਰਨਾ ਹੈ।
ਹੈਰਾਨੀ ਦੀ ਗੱਲ ਹੈ ਕਿ ਜਿਸ ਦਿਨ ਫਿਲਮ ਰਿਲੀਜ਼ ਹੋਣੀ ਸੀ, ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉੱਤ ਮਹਾਤਮਾ ਫੂਲੇ ਦੇ ਜਨਮ ਦਿਨ ’ਤੇ ਉਨ੍ਹਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਾਨਵਤਾ ਦੇ ਸੱਚੇ ਸੇਵਕ ਮਹਾਤਮਾ ਫੂਲੇ ਨੇ ਸਮਾਜ ਦੇ ਸ਼ੋਸ਼ਤ ਤੇ ਵੰਚਿਤ ਵਰਗਾਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਤ ਕਰ ਦਿੱਤਾ ਸੀ, ਪਰ ਸੈਂਸਰ ਬੋਰਡ ਦੇ ਰਵੱਈਏ ਤੋਂ ਲੱਗ ਰਿਹਾ ਹੈ ਕਿ ਫੂਲੇ ਦੀ ਪ੍ਰੇਰਣਾ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਿਆ ਜਾ ਰਿਹਾ ਹੈ। ਫਿਲਮ ਸੈਂਸਰ ਬੋਰਡ ਦੇ ਚੇਅਰਮੈਨ ਗੀਤਕਾਰ ਪ੍ਰਸੁਨ ਜੋਸ਼ੀ ਹਨ, ਜਿਨ੍ਹਾ ਭਾਜਪਾ ਲਈ ਚੋਣ ਗੀਤ ਵੀ ਲਿਖੇ ਹਨ। ਜੋਤੀਬਾ ਫੂਲੇ (1827-1890) ਤੇ ਸਾਵਿਤਰੀ ਬਾਈ ਫੂਲੇ ਉੱਨੀਵੀਂ ਸਦੀ ਵਿੱਚ ਸਮਾਜ ਸੁਧਾਰ ਦੀ ਮਸ਼ਾਲ ਸਨ।
ਪੁਣੇ ਦੇ ਇੱਕ ਮਾਲੀ ਪਰਵਾਰ ਵਿੱਚ ਜਨਮੇ ਫੂਲੇ ਨੇ ਜਾਤੀ ਪ੍ਰਥਾ ਤੇ ਸ਼ੂਦਰਾਂ ਦੇ ਸ਼ੋਸ਼ਣ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। 1848 ਵਿੱਚ ਉਨ੍ਹਾ ਸਾਵਿਤਰੀ ਬਾਈ ਨਾਲ ਮਿਲ ਕੇ ਕੁੜੀਆਂ ਲਈ ਦੇਸ਼ ਦਾ ਪਹਿਲਾ ਸਕੂਲ ਖੋਲ੍ਹਿਆ। ਬਾਲ ਵਿਆਹ ਦਾ ਵਿਰੋਧ ਕੀਤਾ, ਵਿਧਵਾ ਪੁਨਰ-ਵਿਆਹ ਦੀ ਹਮਾਇਤ ਕੀਤੀ। ਉਨ੍ਹਾ ਦੀ ਕਿਤਾਬ ‘ਗੁਲਾਮਗਿਰੀ’ (1873) ਨੇ ਬ੍ਰਾਹਮਣਵਾਦ ਤੇ ਵਰਣ ਵਿਵਸਥਾ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾ ਲਿਖਿਆਬ੍ਰਾਹਮਣ ਕਹਿੰਦੇ ਹਨ ਕਿ ਉਹ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਏ, ਤਾਂ ਕੀ ਬ੍ਰਹਮਾ ਦੇ ਮੁੱਖ ਵਿੱਚ ਗਰਭ ਸੀ? ਦਿਲਚਸਪ ਗੱਲ ਹੈ ਕਿ ਫਿਲਮ ਦੇ ਡਾਇਰੈਕਟਰ ਅਨੰਤ ਮਹਾਦੇਵਨ ਖੁਦ ਬ੍ਰਾਹਮਣ ਹਨ। ਉਨ੍ਹਾ ਕਿਹਾ ਹੈ ਕਿ ਉਨ੍ਹਾ ਫਿਲਮ ਵਿੱਚ ਸਿਰਫ ਤੱਥ ਦਿਖਾਏ ਹਨ। ਇਹ ਵੀ ਦਿਖਾਇਆ ਹੈ ਕਿ ਬ੍ਰਾਹਮਣਾਂ ਨੇ ਕਿਵੇਂ ਫੂਲੇ ਨੂੰ ਹਸਪਤਾਲ ਖੋਲ੍ਹਣ ਵਿੱਚ ਮਦਦ ਕੀਤੀ। ਉਹ ਆਪਣੇ ਭਾਈਚਾਰੇ ਨੂੰ ਕਿਉ ਬਦਨਾਮ ਕਰਨਗੇ? ਇਹ ਕੋਈ ਏਜੰਡਾ ਫਿਲਮ ਨਹੀਂ ਹੈ। ਫਿਲਮ ਦਾ ਵਿਰੋਧ ਕਰਨ ਵਾਲੇ ਅਕਸਰ ਬ੍ਰਾਹਮਣ ਤੇ ਬ੍ਰਾਹਮਣਵਾਦ ਦੇ ਫਰਕ ਨੂੰ ਨਹੀਂ ਸਮਝਦੇ। ਬ੍ਰਾਹਮਣ ਇੱਕ ਭਾਈਚਾਰਾ ਹੈ, ਜਦਕਿ ਬ੍ਰਾਹਮਣਵਾਦ ਇੱਕ ਵਿਚਾਰਧਾਰਾ ਹੈ, ਜੋ ਵਰਣ ਵਿਵਸਥਾ ਕਾਇਮ ਰੱਖਣਾ ਚਾਹੁੰਦੀ ਹੈ।