
ਮੁੰਬਈ, 5 ਅਪਰੈਲ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ ਉਹ ਜਲਦੀ ਹੀ ਮਹਾਤਮਾ ਗਾਂਧੀ (ਨਵੀਂ) ਲੜੀ ਤਹਿਤ 10 ਰੁਪਏ ਅਤੇ 500 ਰੁਪਏ ਦੇ ਨੋਟ ਜਾਰੀ ਕਰੇਗਾ, ਜਿਨ੍ਹਾਂ ’ਤੇ ਨਵੇਂ ਗਵਰਨਰ ਸੰਜੈ ਮਲਹੋਤਰਾ ਦੇ ਦਸਤਖ਼ਤ ਹੋਣਗੇ। ਕੇਂਦਰੀ ਬੈਂਕ ਨੇ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ (ਨਵੀਂ) ਲੜੀ ਦੇ ਮੌਜੂਦਾ 10 ਰੁਪਏ ਅਤੇ 500 ਰੁਪਏ ਦੇ ਨੋਟਾਂ ਵਰਗਾ ਹੈ। ਨਵੇਂ ਨੋਟ ਜਾਰੀ ਹੋਣ ਦੇ ਬਾਵਜੂਦ ਰਿਜ਼ਰਵ ਬੈਂਕ ਵੱਲੋਂ ਪਹਿਲਾਂ ਜਾਰੀ ਕੀਤੇ ਗਏ 10 ਰੁਪਏ ਅਤੇ 500 ਰੁਪਏ ਦੇ ਸਾਰੇ ਬੈਂਕ ਨੋਟ ਚੱਲਦੇ ਰਹਿਣਗੇ। ਆਰਬੀਆਈ ਨੇ ਪਿਛਲੇ ਮਹੀਨੇ ਗਵਰਨਰ ਮਲਹੋਤਰਾ ਦੇ ਦਸਤਖ਼ਤ ਵਾਲੇ 100 ਅਤੇ 200 ਰੁਪਏ ਦੇ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਸੀ। ਮਲਹੋਤਰਾ ਨੇ ਦਸੰਬਰ 2024 ਵਿੱਚ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਛੇ ਸਾਲ ਗਵਰਨਰ ਰਹੇ ਸ਼ਕਤੀਕਾਂਤ ਦਾਸ ਦੀ ਥਾਂ ਲਈ ਸੀ।