
ਜਦੋਂ ਤੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿੱਚ ਹੋਈ ਤੇ ਹੋ ਰਹੀ ਖੋਜ ਦੇ ਬਾਰੇ ਗੈਰ ਸਾਹਿਤਕ ਪੰਜਾਬੀ ਪਿਆਰੇ ਪੁੱਛਦੇ ਹਨ? ਕਿ ਨਕਲ ਮਾਰ ਕੇ ਡਿਗਰੀਆਂ ਲੈਣ ਵਾਲੇ ਜਾਂ ਜਾਅਲੀ ਐਸ ਸੀ ਦੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲੇ ਕਾਰੋਬਾਰ ਵਿੱਚ ਕੋਈ ਬਦਲਾਅ ਆ ਜਾਵੇਗਾ ? ਜਦ ਦੱਸਦਾ ਹਾਂ ਕਿ ਉਮੀਦ ਨਹੀਂ ਤਾਂ ਉਹ ਹੈਰਾਨ ਤੇ ਪ੍ਰੇਸ਼ਾਨ ਵੀ ਹੁੰਦੇ ਹਨ। ਜਿਹਨਾਂ ਦੇ ਵਾਰੇ ਇਹ ਲਿਖਿਆ ਹੈ, ਉਹ ਸਭ ਦੰਦੀਆਂ ਕੱਢ ਦੇ ਹਨ। ਬੇਸ਼ਰਮੀ ਦੀਆਂ ਹੱਦਾਂ ਟੱਪ ਗਏ ਜਾਂ ਲੂਣ ਦੀ ਖਾਣ ਵਿੱਚ ਆਪ ਹੀ ਲੂਣ ਹੋ ਗਏ? ਇਕ ਵਾਰ ਯੂਨੀਵਰਸਿਟੀ ਦੇ ਅਸਿਸਟੈੰਟ ਪ੍ਰੋਫੈਸਰ ਦੀ ਇੰਟਰਵਿਊ ਸੀ, ਜਿਸ ਵਿੱਚ ਪੰਜਾਹ ਦੇ ਕੁਰੀਬ ਉਮੀਦਵਾਰ ਸਨ। ਯੂਨੀਵਰਸਿਟੀ ਦੇ ਅਦਾਰਿਆਂ ਦੇ ਵਿੱਚ ਕਿਵੇਂ, ਕਦੋਂ ਤੇ ਕਿਸ ਦੀਆਂ ਨਿਯੁਕਤੀਆਂ ਹੁੰਦੀਆਂ ਹਨ, ਇਹ ਵੀ ਵੱਖਰੀ ਖੋਜ ਦਾ ਵਿਸ਼ਾ ਹੈ..।
ਇੰਟਰਵਿਊ ਦੇ ਵਿੱਚ ਮਾਹਿਰਾਂ ਦੇ ਵਲੋਂ ਹਰ ਇਕ ਨੂੰ ਸਵਾਲ ਪੁੱਛਿਆ ਜਾਂਦਾ ਸੀ -” ਜਿੰਨ੍ਹਾਂ ਜਰਨਲਾਂ ਵਿੱਚ ਤੇਰੇ ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ, ਉਨ੍ਹਾਂ ਦਾ ਇੰਪੈਕਟ ਫੈਕਟਰ ਕੀ ਹੈ ? ਸਾਈਟੇਸ਼ਨ ਇੰਡੈਕਸ ਕੀ ਹੁੰਦਾ ਹੈ?
ਕਿਸੇ ਵੀ ਉਮੀਦਵਾਰ ਨੇ ਸਹੀ ਉਤਰ ਨਾ ਦਿੱਤਾ ਤਾਂ ਮਾਹਿਰ ਪ੍ਰੇਸ਼ਾਨ ਹੋ ਗਏ..ਉਨ੍ਹਾਂ ਨੇ ਇੰਟਰਵਿਊ ਪੂਰੀ ਕੀਤੀ ਤੇ ਉਪ ਕੁਲਪਤੀ ਦੇ ਦਫ਼ਤਰ ਸੂਚੀ ਜਮਾਂ ਕਰਵਾ ਦਿੱਤੀ। ਕੁੱਝ ਦੇਰ ਯੂਨੀਵਰਸਿਟੀ ਦੇ ਸੰਚਾਲਕਾਂ ਨੇ ਆਪੋ ਆਪਣਿਆਂ ਚਹੇਤਿਆਂ ਤੇ ਚਹੇਤੀਆਂ ਨੂੰ ਨਿਯੁਕਤੀ ਪੱਤਰ ਦਿਵਾ ਦਿੱਤੇ । ਇੰਟਰਵਿਊ ਤਾਂ ਇਕ ਜ਼ਾਬਤਾ ਸੀ ਜੋ ਯੂ ਜੀ ਸੀ ਦੇ ਨਿਯਮਾਂ ਅਨੁਸਾਰ ਕਰਨਾ ਸੀ।ਕਸੂਰ ਨਾ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਦਾ ਤੇ ਨਾ ਹੀ ਖੋਜਕਾਰਾਂ ਦਾ ਹੈ। ਕਸੂਰ ਸਿਸਟਮ ਦਾ ਹੈ ਜੋ ਹਰ ਪੰਜ ਸਾਲ ਬਾਅਦ ਗਾਈਡ ਲਾਇਨਜ਼ ਬਦਲ ਦੇੰਦਾ ਹੈ। ਇਹ ਪੰਜਾਬ ਦੀ ਇਕ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਉਸ ਵੇਲੇ ਹੋਇਆ ਜਦ ਬਾਦਲ ਭਾਜਪਾ ਦੀ ਸਰਕਾਰ ਸੀ । ਪਤਾ ਲੱਗਾ ਹੈ ਉਸਦੇ ਵਾਰੇ ਹੁਣ ਜਾਂਚ ਹੋ ਰਹੀ ਹੈ। ਇਹ ਪੰਜਾਬ ਦੇ ਵਿੱਚ ਹੀ ਨਹੀਂ ਹੋਰਨਾਂ ਰਾਜਾਂ ਵਿੱਚ ਵੀ ਹਨੇਰ ਫੈਲਾਇਆ ਜਾ ਰਿਹਾ ਹੈ । ਮੇਘਾਲਿਆ ਦੀ ਸੀ ਐਮ ਜੇ ਯੂਨੀਵਰਸਿਟੀ ਨੇ (2012-13) ਦੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਜੋ 2010 ਦੇ ਵਿੱਚ ਬਣੀ ਸੀ। ਉਹਨਾਂ ਨੇ 2013 ਦੇ ਵਿੱਚ ਬਾਬੇ ਨਾਨਕ ਦੇ ਵਾਂਗ ” ਤੇਰਾ ਤੇਰਾ ” ਹੀ ਤੋਲਿਆ। ਉਸ ਨੇ 434 ਖੋਜਾਰਥੀਆਂ ਨੂੰ ਪੀਐਚ.ਡੀ.ਦੀਆਂ ਡਿਗਰੀਆਂ ਦਿੱਤੀਆਂ ।
ਪੰਜਾਬ ਦੀ ਇਕ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਵੱਖੋ ਵੱਖ ਵਿਸ਼ਿਆਂ ਦੇ ਲਗਪਗ ਤਿੰਨ ਹਜ਼ਾਰ ਪੀਐਚ.ਡੀ.ਦੇ ਖੋਜਾਰਥੀ ਰਜਿਸਟਰੇਸ਼ਨ ਹੁੰਦੇ ਹਨ। ਇਕ ਪ੍ਰੋਫੈਸਰ ਦੇ ਕੋਲ ਅੱਠ ਖੋਜਾਰਥੀ ਹੁੰਦੇ ਹਨ। ਪ੍ਰੋਫੈਸਰ ਦੇ ਆਪਣੇ ਰੁਝੇਵੇਂ ਵੀ ਹੁੰਦੇ ਹਨ, ਫੇਰ ਉਹ ਖੋਜਾਰਥੀ ਦੇ ਨਾਲ ਇਨਸਾਫ ਕਿਵੇਂ ਕਰੂ ? ਪਰ ਸਭ ਚੱਲਦਾ ਹੈ ਤੇ ਚੱਲ ਰਿਹਾ ਹੈ। ਖੋਜ ਜਾਰੀ ਹੈ। ਗਿਆਨਹੀਣ ਗਿਆਨ ਵੰਡ ਵੀ ਰਹੇ ਹਨ ਤੇ ਹਾਸਲ ਵੀ ਕਰ ਰਹੇ ਹਨ, ਤਮਾਸ਼ਾ ਜਾਰੀ ਹੈ । ਇਹ ਸਭ ਕੁੱਝ ਦੇਖ ਕੇ ਦੂਰਦਰਸ਼ਨ ਤੋਂ ਬਹੁਤ ਦੇਰ ਪਹਿਲਾਂ ਚੱਲਦੇ ਦੇਵਕੀ ਨੰਦਨ ਖੱਤਰੀ ਦੇ ਨਾਵਲਾਂ ” ਚੰਦਰ ਕਾਂਤਾ ” ਦੇ ਅਧਾਰਿਤ ਸੀਰੀਅਲ ਦੇ ਵਿੱਚ ਇਕ ਪਾਤਰ ਜੋ ਖਲਨਾਇਕ ਦੀ ਭੂਮਿਕਾ ਨਿਭਾਉਂਦਾ ਸੀ , ਉਸ ਦਾ ਇਕ ਤਕੀਆ ਕਲਾਮ ਵਰਗਾ ਸੰਵਾਦ ਸੀ ਉਹ ਜਦੋਂ ਬੋਲਦਾ ਤਾਂ ਲੋਕ ਡਰ ਜਾਂਦੇ ਸੀ – ” ਅੰਧੇਰਾ ਕਾਇਮ ਰਹੇ।” ਹੁਣ ਵੀ ਹਲਾਤ ਉਹੀ ਹਨ । ਹੁਣ ਤੇ ਸਮੇਂ ਦੀ ਸਰਕਾਰ ਹੀ ਕਹਿ ਰਹੀ ਹੈ ਕਿ – ਅੰਧੇਰਾ ਕਾਇਮ ਰਹੇ” ਉਹ ਹਨੇਰੇ ਨੂੰ ਹੋਰ ਗਾੜਾ ਕਰਨ ਲਈ ਅੰਧੇ ਕਾਨੂੰਨ ਤੇ ਡਾਂਗ ਦਾ ਸਹਾਰਾ ਲੈ ਰਹੀ ਹੈ। ਫੇਰ ਤੁਸੀਂ ਸਿੱਖਿਆ ਸ਼ਾਸਤਰੀਆਂ ਤੋਂ ਕੀ ਆਸ ਰੱਖਦੇ ਹੋ? ਕਿ ਉਹ ਚਾਨਣ ਦਾ ਛਿੱਟਾ ਦੇਣਗੇ ? ਜਿਹਨਾਂ ਨੂੰ ਖੋਜ ਦੇ ਅਰਥ ਹੀ ਨਹੀਂ ਪਤਾ ਤੇ ਉਹ ਖੋਜ ਕੀ ਕਰਨਗੇ? ਅਕਸਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪਦ ਉਨਤੀ ਤੇ ਨਿਯੁਕਤੀਆਂ ਵੀ “ਸਮਾਰਟ ਡਿਗਰੀਆਂ “ਦੇ ਵਾਂਗ ਹੁੰਦੀਆਂ ਹਨ।
ਸਥਾਨਕ ਕਾਲਜ ਪ੍ਰਬੰਧਕ ਕਮੇਟੀਆਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਕਾਲਜਾਂ ਦੇ ਨਵੇਂ ਝੰਡੇ ਗੱਡ ਰਹੀਆਂ ਹਨ। ਇੰਟਰਨੈੱਟ ਨੇ ਇਹਨਾਂ “ਸਮਾਰਟ ਡਿਗਰੀਆਂ “ਵਾਲਿਆਂ ਨੂੰ ਹੋਰ ਸੌਖਾ ਕਰ ਦਿੱਤਾ ਹੈ। ਸਭ ਕੁੱਝ ਹੀ ਨੈਟ ‘ਤੇ ਪਿਆ ਹੈ। ਬਸ ਚੁੱਕਣ ਤੇ ਪਾਲਿਸ਼ ਕਰਕੇ ਬੇਹੀ ਬਰਫੀ ਤੇ ਚਿੱਟੇ ਵਰਕ ਲਾਉਣ ਦੀ ਲੋੜ ਹੁੰਦੀ ਹੈ। ਜੋ ਇਹ ਕੰਮ ਕਰਨ ‘ਚ ਬਹੁਤ ਪ੍ਰੋਫੈਸਰ ਤੇ ਕੰਪਿਊਟਰ ਮਾਸਟਰ ਹਾਜ਼ਰ ਹਨ। ਮਾਇਆ ਦੇਵੋ ਡਿਗਰੀਆਂ ਲਵੋ ਤੇ ਫੇਰ ਕਿਸੇ ਕਾਲਜ ਵਿੱਚ ਨੌਕਰੀ ਲਵੋ ! ਇਸ ਤਰ੍ਹਾਂ ਇਹ ਸਿਲਸਿਲਾ ਚੱਲ ਰਿਹਾ। ਅੱਜ ਪੰਜਾਬ ਸਿੱਖਿਆ ਸਕੂਲ ਬੋਰਡ ਦੀ ਦਸਵੀਂ ਕਰਨੀ ਮੁਸ਼ਕਿਲ ਹੈ ਪਰ ਪੀਐਚ.ਡੀ ਤੇ ਐਮ.ਫਿਲ. ਕਰਨੀ ਸੌਖੀ ਹੈ। ਵਗੈਰ ਅਕਲ ਦੇ ਨਕਲ ਤੇ ਹੋਰ ਸਾਧਨਾ ਦੇ ਨਾਲ ਲਈਆਂ ਡਿਗਰੀਆਂ ਵਾਲੇ ਸਾਡੇ ਕੌਮ ਦੇ ਨਿਰਮਾਤਾ ਕਿਹੋ ਜਿਹਾ ਸਮਾਜ ਸਿਰਜਣਗੇ ? ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਹਰ ਸਾਲ ਕਈ ਸੈਕੜੇ ਪੀਐਚ.ਡੀ.ਤੇ ਇੰਜਨੀਰਿੰਗ ਦੀਆਂ ਡਿਗਰੀਆਂ ਲੈ ਕੇ ਨੌਜਵਾਨ ਆ ਰਹੇ ਹਨ, ਜਿਉ ਜਿਉ ਦੁਨੀਆ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀ ਹੈ ਤੇ ਅਸੀਂ ਹਨੇਰ ਵੱਲ ਵੱਧ ਰਹੇ ਹਾਂ, ਇਹ ਸਿਲਸਿਲਾ ਕਦੋਂ ਖਤਮ ਹੋਵੇਗਾ ? ਜਦੋਂ ਤੱਕ ਪ੍ਰਤੀਵੱਧ ਤੇ ਮਿਹਨਤਕਸ਼ ਖੋਜਾਰਥੀ ਸਾਹਮਣੇ ਨਹੀਂ ਆਉਦੇ। ਕੀ ਇਹ ਅੰਧੇਰਾ ਕਾਇਮ ਰਹੇਗਾ ? ਹੁਣ ਤਾਂ ਸਰਕਾਰ ਨੇ ਸਿੱਖਿਆ ਅਦਾਰੇ ਹੀ ਬੰਦ ਕਰ ਦਿੱਤੇ ਹਨ । ਅਖੇ ” ਨਾ ਬਾਂਸ ਰਹੇ ਤੇ ਨਾ ਬੰਸਰੀ ਵੱਜੇ !” ਵਰਗੀ ਗੱਲ ਹੈ, ਨਾ ਕੋਈ ਪੜ੍ਹ-ਲਿਖ ਕੇ ਡਿਗਰੀਆਂ ਲਵੇ, ਨਾ ਹੀ ਨੌਕਰੀਆਂ ਲੱਭੇ ਤੇ ਨਾ ਪੁਲਿਸ ਨੂੰ ਲਾਠੀਚਾਰਜ ਕਰਨਾ ਪਵੇ।ਇਸ ਸਮੇਂ ਦੇਸ਼ ਨੂੰ ਹਨੇਰ ਵੱਲ ਲੈ ਕੇ ਜਾਣ ਵਿੱਚ ਸਰਕਾਰ ਦੇ ਸਾਰੇ ਹੀ ਅਦਾਰੇ ਸ਼ਾਮਲ ਹਨ । ਹੁਣ ਭਾਜਪਾ ਨੇ ਸੰਘ ਪਰਵਾਰ ਦਾ ਗੁਪਤ ਏਜੰਡਾ ਲਾਗੂ ਕਰ ਦਿੱਤਾ। ਭਾਜਪਾ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੇਂ ਕਾਨੂੰਨ ਲੋਕਾਂ ਨੂੰ ਕਾਬੂ ਕਰਨ ਲਈ ਬਣਾਏ ਗਏ ਹਨ । ਪਹਿਲਾਂ ਘੱਟ ਗਿਣਤੀ ਮੁਸਲਮਾਨ ਭਾਈਚਾਰਾ ਮੁੱਖ ਨਿਸ਼ਾਨੇ ਉਤੇ ਸੀ, ਹੁਣ ਸਿੱਖ ਕੌਮ ਤੇ ਪੰਜਾਬ ਦੀ ਵਾਰੀ ਹੈ। ਨੌਜਵਾਨਾਂ ਨੂੰ ਜੜ੍ਹਹੀਣ, ਰੁਜ਼ਗਾਰਹੀਣ, ਦਿਸ਼ਾਹੀਣ, ਭਵਿੱਖ ਹੀਣ ਤੇ ਮਾਨਸਿਕਹੀਣ ਬਣਾਇਆ ਜਾ ਰਿਹਾ ਹੈ ।
ਅਸੀਂ ਸਭ ਕੁੱਝ ਸਮਝਦੇ ਹੋਏ ਵੀ ਚੁੱਪ ਹਾਂ। ਹਨੇਰਾ ਵੱਡਾ ਤੇ ਗੂੜ੍ਹਾ ਹੋ ਰਿਹਾ ਹੈ। ਲੋਕਾਂ ਨੂੰ ਰੁਜ਼ਗਾਰ ਹੀਣ ਕਰਕੇ ਭਿਖਾਰੀ ਬਣਾਇਆ ਜਾ ਰਿਹਾ ਹੈ ਤੇ ਅਸੀਂ ਬਣ ਰਹੇ ਹਾਂ ਪਰ ਸਾਨੂੰ ਕਦ ਸਮਝ ਲੱਗੇਗੀ ਕਿ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਬਣ ਰਹੇ ਹਾਂ। ਸਾਨੂੰ ਕਦ ਹੋਸ਼ ਆਵੇਗੀ ? ਇਸ ਹਨੇਰ ਦੇ ਖਿਲਾਫ਼ ਕਿਉਂ ਨਹੀਂ ਕੋਈ ਬੋਲਦਾ ? ਸਿੱਖਿਆ ਦੇ ਖੇਤਰ ਵਿੱਚ ਤੋਤਾ ਮਾਰਕਾ ਅਧਿਆਪਕਾਂ ਦੀ ਬਾਦਲ ਰਾਜ ਸਮੇਂ ਭਰਤੀ ਹੋਈ ਸੀ । ਜਿਹਨਾਂ ਕੋਲ ਬੀਐਡ ਦੀਆਂ ਡਿਗਰੀਆਂ ਵੀ ਨਕਲੀ ਹਨ ਪਰ ਉਹ ਅਸਲੀ ਸਕੂਲਾਂ ਵਿੱਚ ਪੜ੍ਹਾਉਦੇ ਹਨ। ਕਦੇ ਕਿਸੇ ਯੂਨੀਅਨ ਨੇ ਇਸ ਹਨੇਰ ਦੇ ਵਿਰੁੱਧ ਅਵਾਜ਼ ਨਹੀਂ ਚੁੱਕੀ। ਹੁਣੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲਿਆਂ ਯੋਧਿਆਂ ਉਪਰ ਪਰਚਾ ਦਰਜ ਹੋਇਆ ਹੈ । “ਜਿਉ ਜਿਹੇ ਕੁੱਜੇ, ਉਹੋ ਜਿਹੇ ਆਲੇ।” ਜਿਉ ਜਿਹੇ ਜੀਜੇ, ਉਹੋ ਜਿਹੇ ਸਾਲੇ, ਕਰ ਗੇ ਘਾਲੇ ਮਾਲੇ। ਬਾਦਲਕਿਆਂ ਦੇ ਰਾਜ ਨਕਲ਼ੀ ਡਿਗਰੀਆਂ ਵਾਲੇ, ਐਸ ਸੀ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਸਨ। ਪਟਿਆਲਾ ਦੇ ਇੱਕੋ ਪਿੰਡ ਦੇ ਦਰਜਨ ਜਰਨਲ ਵਿਅਕਤੀਆਂ ਉਪਰ FIR Nobar 0042/ 30-03-2025 ਥਾਣਾ ਸਦਰ ਪਟਿਆਲਾ ਵਿੱਚ ਪਰਚਾ ਦਰਜ ਹੋਇਆ। ਉਹਨਾਂ ਨੇ ਜਾਅਲੀ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਣਾਉਣ ਦਾ ਪਰਚਾ ਦਰਜ ਹੋਇਆ ਹੈ , ਇਹਨਾਂ ਵਿੱਚ ਚਾਰ ਕੁੜੀਆਂ ਵੀ ਹਨ। ਪਟਿਆਲਾ ਦੇ ਨਾਲ ਇਹ ਧੋਖੇਬਾਜ਼ ਸਬੰਧਤ ਹਨ। ਇਹ ਸਿਲਸਿਲਾ ਕਦ ਤੱਕ ਚੱਲਦਾ ਰਹੇਗਾ ? ਜਦੋਂ ਤੱਕ ਸਿਆਣੇ ਲੋਕ ਨਹੀ ਜਾਗਦੇ, ਮੈਂ ਕੀ ਲੈਣਾ ਐ, ਵਾਲੀ ਸੋਚ ਨਹੀਂ ਤਿਆਗ ਦੇ।
ਕੀ ਤੁਸੀਂ ਵੀ ਇਹੋ ਸੋਚ ਦੇ ਮਾਲਕ ਓ?
ਕੋਈ ਦਿਓ ਜਵਾਬ?
ਬੁੱਧ ਸਿੰਘ ਨੀਲੋਂ