ਕਸ਼ਮੀਰ ਨੂੰ ਮਿਲੇਗੀ ਪਹਿਲੀ ਵੰਦੇ ਭਾਰਤ ਰੇਲ ਗੱਡੀ

ਜੰਮੂ, 31 ਮਾਰਚ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪਰੈਲ ਨੂੰ ਕਟੜਾ ਤੋਂ ਕਸ਼ਮੀਰ ਲਈ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਅਜਿਹਾ 272 ਕਿਲੋਮੀਟਰ ਲੰਬੇ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦੇ ਪੂਰਾ ਹੋਣ ਸਦਕਾ ਸੰਭਵ ਹੋਵੇਗਾ। ਜੰਮੂ-ਕਟੜਾ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਵਿੱਚ ਕਟੜਾ ਤੋਂ ਚੱਲੇਗੀ ਕਿਉਂਕਿ ਜੰਮੂ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਚੱਲ ਰਿਹਾ ਹੈ।

ਅਧਿਕਾਰੀਆਂ ਦੇ ਅਨੁਸਾਰ, ਰੇਲ ਲਿੰਕ ਪ੍ਰੋਜੈਕਟ ਪਿਛਲੇ ਮਹੀਨੇ ਪੂਰਾ ਹੋ ਗਿਆ ਸੀ। ਕਟੜਾ-ਬਾਰਾਮੂਲਾ ਰੂਟ ‘ਤੇ ਰੇਲ ਦੀਆਂ ਅਜ਼ਮਾਇਸ਼ਾਂ ਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਜਨਵਰੀ ਵਿੱਚ ਕਟੜਾ ਅਤੇ ਕਸ਼ਮੀਰ ਵਿਚਕਾਰ ਰੇਲ ਸੇਵਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਜੰਮੂ ਅਤੇ ਸ੍ਰੀਨਗਰ ਵਿਚਕਾਰ ਯਾਤਰਾ ਦੇ ਸਮੇਂ ਨੂੰ ਕਾਫ਼ੀ ਘਟਾਏਗੀ, ਜਿਸ ਨਾਲ ਖੇਤਰ ਲਈ ਇੱਕ ਆਧੁਨਿਕ ਅਤੇ ਕੁਸ਼ਲ ਰੇਲ ਸੇਵਾ ਪ੍ਰਦਾਨ ਹੋਵੇਗੀ। ਐਤਵਾਰ ਨੂੰ ਜੰਮੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ 19 ਅਪਰੈਲ ਨੂੰ ਊਧਮਪੁਰ ਪਹੁੰਚਣਗੇ। ਉਹ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਦੌਰਾ ਕਰਨਗੇ ਅਤੇ ਇਸ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ, ਉਹ ਕਟੜਾ ਤੋਂ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ।”

ਸਾਂਝਾ ਕਰੋ

ਪੜ੍ਹੋ