
ਫਗਵਾੜਾ 30 ਮਾਰਚ(ਏ.ਡੀ.ਪੀ. ਨਿਊਜ਼)ਪੰਜਾਬੀ ਸਾਹਿਤਕ ਜਗਤ ਦੇ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਵਿਛੋੜਾ ਬਹੁਤ ਦੁਖਦਾਈ ਹੈ। ਜਲੰਧਰ ਸ਼ਹਿਰ ਦੇ ਮੋਤਾ ਸਿੰਘ ਨਗਰ ਵਿੱਚ ਉਨ੍ਹਾਂ ਆਪਣੇ ਸਵਾਸ ਤਿਆਗੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਮਾਲ ਦੇ ਕਹਾਣੀਕਾਰ ਹੋਣ ਤੋਂ ਇਲਾਵਾ ਬਹੁਤ ਮੋਹਵੰਤੇ ਇਨਸਾਨ ਸਨ, ਭਾਵੇਂ ਉਨ੍ਹਾਂ ਦੀ ਪਸੰਦ ਵਿੱਚ ਸ਼ਾਮਲ ਹੋਣਾ ਸੌਖਾ ਕਾਰਜ ਨਹੀਂ ਸੀ। ਪ੍ਰੋ. ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਪੜ੍ਹਨ ਤੇ ਸੁਣਨ ਦਾ ਮੌਕਾ 1972 ਵਿੱਚ ਮਿਲਿਆ ਜਦ ਉਹ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਡਾ. ਸ ਪ ਸਿੰਘ ਜੀ ਦੇ ਬੁਲਾਵੇ ਤੇ ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿੱਚ” ਮੈਂ ਕਿਵੇਂ ਲਿਖਦਾ ਹਾਂ” ਲੜੀ ਅਧੀਨ ਬੋਲਣ ਆਏ ਸਨ। ਉਦੋਂ ਤੀਕ ਉਨ੍ਹਾਂ ਦੇ ਦੋ ਕਹਾਣੀ ਸੰਗ੍ਰਹਿ “ਕਚਕੜੇ” ਤੇ “ਨਮਾਜ਼ੀ” ਹੀ ਛਪੇ ਸਨ। ਉਸ ਵਕਤ ਉਹ ਹਿੰਦ ਸਮਾਚਾਰ ਉਰਦੂ ਅਖ਼ਬਾਰ ਵਿੱਚ ਕੰਮ ਕਰਨ ਦੇ ਨਾਲ ਨਾਲ “ਲਕੀਰ “ਨਾਮੀ ਮੈਗਜ਼ੀਨ ਜਲੰਧਰ ਤੋਂ ਸੰਪਾਦਿਤ ਕਰਦੇ ਸਨ। ਉਨ੍ਹਾਂ ਦੇ ਉਸ ਵੇਲੇ ਬੋਲੇ ਸ਼ਬਦ ਮੈਨੂੰ ਅੱਜ ਵੀ ਯਾਦ ਨੇ ਕਿ ਮੈਂ ਤਾਂ ਹੁਣ ਕਹਾਣੀ ਲਿਖਣੀ ਲਗਪਗ ਛੱਡ ਦਿੱਤੀ ਸੀ, ਪਰ ਮੇਰੇ ਕਦਰਦਾਨਾਂ ਨੇ ਮੈਨੂੰ ਹਲੂਣ ਕੇ ਜਗਾਇਆ ਤੇ ਕਿਹਾ ਹੈ ਕਿ ਮੇਰੀ ਸਮਰੱਥਾ ਹੋਰ ਵਡੇਰੇ ਕਾਰਜਾਂ ਦੀ ਹੈ। ਇਸ ਮਗਰੋਂ ਉਨ੍ਹਾਂ ਮੁਕਤੀ(1980)ਸ਼ਵੇਤਾਂਬਰ ਨੇ ਕਿਹਾ ਸੀ (1983)ਤੋਂ ਬਾਅਦ ਕੁਝ ਅਣਕਿਹਾ ਵੀ (1990) ਕਹਾਣੀ ਸੰਗ੍ਰਹਿ ਲਿਖਿਆ ਜਿਸ ਲਈ ਇਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਵੀ ਮਿਲਿਆ|ਇਸ ਉਪਰੰਤ ਰੰਗਮੰਚ ਉੱਤੇ ਭਿਕਸ਼ੂ (1995)ਸੁਣਦੈਂ ਖ਼ਲੀਫ਼ਾ (2001)ਪ੍ਰੇਮ ਕਹਾਣੀਆਂ (ਮੁਕਤੀ ਰੰਗ ਦੀਆਂ ਵਿਸ਼ੇਸ਼ ਕਹਾਣੀਆਂ) 1985 ਤੋਂ ਇਲਾਵਾ ਉਨ੍ਹਾਂ ਦੀਆਂ ਚੋਣਵੀਆਂ ਕਹਾਣੀਆਂ (ਭਾਸ਼ਾ ਵਿਭਾਗ ਪੰਜਾਬ ਵੱਲੋਂ 1993 ਵਿੱਚ ਛਾਪੀਆਂ ਗਈਆਂ।
ਨਵਯੁਗ ਪਬਲਿਸ਼ਰਜ਼ ਦਿੱਲੀ ਨੇ “ਕਥਾ ਅਨੰਤ”(ਉਦੋਂ ਤਕ ਦੀਆਂ ਕੁਲ 80 ਕਹਾਣੀਆਂ ਦਾ ਸੰਗ੍ਰਹਿ) 1995 ਵੀ ਛਾਪੀਆਂ। ਇਸ ਉਪਰੰਤ ਉਨ੍ਹਾਂ ਦੇ ਦੋ ਕਹਾਣੀ ਸੰਗ੍ਰਹਿ ਪ੍ਰੇਮ ਪ੍ਰਕਾਸ਼ ਦੀਆਂ ਚੋਣਵੀਆਂ ਕਹਾਣੀਆਂ (ਮੁਕਤੀ ਰੰਗ ਤੋਂ ਬਾਹਰ ਦੀਆਂ ਕਹਾਣੀਆਂ) 1999
ਡੈੱਡਲਾਈਨ ਤੇ ਹੋਰ ਕਹਾਣੀਆਂ (2001) ਵਿੱਚ ਛਪੀਆਂ।
ਪ੍ਰੇਮ ਪ੍ਰਕਾਸ਼ ਜੀ ਨੇ ਇੱਕੋ ਇੱਕ ਨਾਵਲ
“ਦਸਤਾਵੇਜ਼”ਪੰਜਾਬ ਦੀ ਨਕਸਲੀ ਲਹਿਰ ਬਾਰੇ ਲਿਖਿਆ ਜੋ ਪਹਿਲਾਂ ਤਪਾ ਮੰਡੀ ਤੋਂ ਛਪਦੇ ਮੈਗਜ਼ੀਨ ਦੇ ਵਿਸ਼ੇਸ਼ ਅੰਕ ਰੂਪ ਵਿੱਚ ਸੀ ਮਾਰਕੰਡਾ ਨੇ ਛਾਪਿਆ ਜੋ ਬਾਦ ਵਿੱਚ ਪੁਸਤਕ ਰੂਪ ਵਿੱਚ ਵੀ ਛਪਿਆ।
ਬਾਰਾਂ ਕੁ ਸਾਲ ਪਹਿਲਾਂ ਉਨ੍ਹਾਂ ਦੇ ਕਦਰਦਾਨ ਕਹਾਣੀਕਾਰਾਂ ਨੇ ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਨਿਰਮਲ ਜਸਵਾਲ ਦੀ ਅਗਵਾਈ ਹੇਠ ਪ੍ਰੇਮ ਪ੍ਰਕਾਸ਼ ਜੀ ਦਾ 80ਵਾਂ ਜਨਮ ਦਿਨ ਪੰਜਾਬੀ ਭਵਨ ਲੁਧਿਆਣਾ ਵਿੱਚ ਮਨਾਇਆ ਗਿਆ ਸੀ। ਮੇਰਾ ਸੁਭਾਗ ਸੀ ਕਿ ਅਕਾਡਮੀ ਪ੍ਰਧਾਨ ਹੋਣ ਨਾਤੇ ਮੈਂ ਵੀ ਉਸ ਸਮਾਗਮ ਵਿੱਚ ਪ੍ਰਬੰਧਕ ਵਜੋਂ ਸ਼ਾਮਿਲ ਸਾਂ।
ਸਾਹਿੱਤਕ ਪੱਤਰਕਾਰੀ ਤੇ ਪੰਜਾਬੀ ਕਹਾਣੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਪ੍ਰੇਮ ਪ੍ਰਕਾਸ਼ ਜੀ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।