
ਕਾਠਮੰਡੂ, 30 ਮਾਰਚ – ਨੇਪਾਲ ’ਚ ਅਥਾਰਿਟੀਆਂ ਨੇ ਕਾਠਮੰਡੂ ਦੇ ਪੂਰਬੀ ਹਿੱਸੇ ’ਚ ਸੁਰੱਖਿਆ ਕਰਮੀਆਂ ਤੇ ਰਾਜਸ਼ਾਹੀ ਹਮਾਇਤੀ ਮੁਜ਼ਾਹਰਾਕਾਰੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਲਾਇਆ ਕਰਫਿਊ ਖੇਤਰ ’ਚ ਤਣਾਅ ਘਟਣ ਤੋਂ ਬਾਅਦ ਅੱਜ ਹਟਾ ਦਿੱਤਾ ਹੈ। ਕਾਠਮੰਡੂ ਦੇ ਕੁਝ ਹਿੱਸਿਆਂ ’ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ ਜਦੋਂ ਰਾਜਸ਼ਾਹੀ ਹਮਾਇਤੀ ਮੁਜ਼ਾਹਰਾਕਾਰੀਆਂ ਨੇ ਪਥਰਾਅ ਕੀਤਾ ਸੀ। ਇਸ ਦੌਰਾਨ ਇੱਕ ਸਿਆਸੀ ਪਾਰਟੀ ਦੇ ਦਫ਼ਤਰ ’ਤੇ ਹਮਲਾ ਕੀਤਾ ਗਿਆ, ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਰਾਜਧਾਨੀ ਦੇ ਤਿਨਕੁਨੇ ਖਿੱਤੇ ’ਚ ਦੁਕਾਨਾਂ ’ਤੇ ਲੁੱਟ-ਖੋਹ ਕੀਤੀ ਗਈ।
ਸੁਰੱਖਿਆ ਕਰਮੀਆਂ ਤੇ ਰਾਜਸ਼ਾਹੀ ਹਮਾਇਤੀ ਮੁਜ਼ਾਹਰਾਕਾਰੀਆਂ ਵਿਚਾਲੇ ਝੜਪ ’ਚ ਟੀਵੀ ਕੈਮਰਾਮੈਨ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਬਾਅਦ ਵਿੱਚ ਸਥਿਤੀ ਕਾਬੂ ਹੇਠ ਕਰਨ ਲਈ ਸੈਨਾ ਬੁਲਾਈ ਗਈ ਸੀ। ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਵੱਲੋਂ ਜਾਰੀ ਨੋਟਿਸ ਅਨੁਸਾਰ ਲੰਘੀ ਸ਼ਾਮ 4.25 ਵਜੇ ਲਾਇਆ ਗਿਆ ਕਰਫਿਊ ਅੱਜ ਸਵੇਰੇ ਸੱਤ ਵਜੇ ਹਟਾ ਲਿਆ ਗਿਆ ਹੈ। ਪੁਲੀਸ ਨੇ ਹਿੰਸਕ ਮੁਜ਼ਾਹਰਿਆਂ ਦੌਰਾਨ ਮਕਾਨ ਸਾੜਨ ਤੇ ਵਾਹਨਾਂ ਦੀ ਭੰਨਤੋੜ ਕਰਨ ਦੇ ਦੋਸ਼ ਹੇਠ 105 ਮੁਜ਼ਾਹਰਾਕਾਰੀ ਗ੍ਰਿਫ਼ਤਾਰ ਕੀਤੇ ਹਨ। ਪ੍ਰਦਰਸ਼ਨਕਾਰੀ ਰਾਜਸ਼ਾਹੀ ਬਹਾਲ ਕਰਨ ਤੇ ਹਿੰਦੂ ਰਾਸ਼ਟਰ ਦੀ ਮੰਗ ਕਰ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਜਨਰਲ ਸਕੱਤਰ ਧਵਲ ਸ਼ਮਸ਼ੇਰ ਰਾਣਾ ਤੇ ਪਾਰਟੀ ਦੇ ਕੇਂਦਰੀ ਮੈਂਬਰ ਰਵਿੰਦਰ ਮਿਸ਼ਰਾ ਸ਼ਾਮਲ ਹਨ।