
ਨਵੀਂ ਦਿੱਲੀ, 29 ਮਾਰਚ – ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ-ਇਨ ਨੇ ਐਡਵਾਇਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਐਪਸ ਨੂੰ ਲੈ ਕੇ ਚੌਕਸ ਕੀਤਾ ਹੈ। ਕੇਂਦਰੀ ਸਾਈਬਰ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਸਾਰੀਆਂ ਏਆਈ ਐਪਸ ਸੁਰੱਖਿਅਤ ਨਹੀਂ ਹਨ। ਏਆਈ ਐਪਸ ’ਤੇ ਜ਼ਿਆਦਾ ਭਰੋਸਾ ਖ਼ਤਰਨਾਕ ਹੋ ਸਕਦਾ ਹੈ। ਸਾਈਨ ਅੱਪ ਕਰਨ ਵਾਲੇ ਯੂਜ਼ਰਜ਼ ਨੂੰ ਆਪਣੀ ਅਸਲੀ ਪਛਾਣ ਨਾ ਦਿਖਾ ਕੇ ਅਜਿਹੇ ਅਕਾਊਂਟ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਉਨ੍ਹਾਂ ਦੀ ਨਿੱਜੀ ਜਾਂ ਪ੍ਰੋਫੈਸ਼ਨਲ ਪਛਾਣ ਨਾਲ ਜੁੜਿਆ ਹੋਵੇ।
ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਇੰਡੀਆ (ਸੀਈਆਰਟੀ-ਇਨ) ਨੇ ਆਪਣੀ ਐਡਵਾਇਜ਼ਰੀ ’ਚ ਕਿਹਾ ਹੈ ਕਿ ਸਾਰੀਆਂ ਏਆਈ ਐਪਸ ਸੁਰੱਖਿਅਤ ਨਹੀਂ ਹਨ। ਏਆਈ ਨੇ ਸਿਹਤ ਤੋਂ ਲੈ ਕੇ ਸੰਚਾਰ ਤੱਕ ਕ੍ਰਾਂਤੀ ਲਿਆ ਦਿੱਤੀ ਹੈ। ਇਸ ਦੀ ਵਰਤੋਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਜਿਵੇਂ-ਜਿਵੇਂ ਏਆਈ ਜ਼ਿਆਦਾ ਉੱਨਤ ਹੁੰਦਾ ਜਾ ਰਿਹਾ ਹੈ, ਉਸ ਨਾਲ ਜੁੜੇ ਖ਼ਤਰੇ ਵੀ ਵੱਧ ਰਹੇ ਹਨ। ਡਾਟਾ ਪ੍ਰੋਸੈਸਿੰਗ ਤੇ ਮਸ਼ੀਨ ਲਰਨਿੰਗ ਮਾਡਲ ’ਚ ਖਾਮੀਆਂ ਦਾ ਫਾਇਦਾ ਉਠਾਉਂਦੇ ਹੋਏ ਏਆਈ ਐਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਾਈਬਰ ਅਪਰਾਧੀ ਏਆਈ ਐਪਸ ਦੀ ਵਧਦੀ ਮੰਗ ਦਾ ਫਾਇਦਾ ਚੁੱਕ ਕੇ ਫ਼ਰਜ਼ੀ ਐਪਸ ਬਣਾ ਸਕਦੇ ਹਨ ਤੇ ਯੂਜ਼ਰਸ ਨੂੰ ਧੋਖਾ ਦੇ ਕੇ ਇਨ੍ਹਾਂ ਨੂੰ ਡਾਊਨਲੋਡ ਕਰਾਇਆ ਜਾ ਸਕਦਾ ਹੈ। ਜੇਕਰ ਕੋਈ ਅਣਜਾਨੇ ’ਚ ਇਨ੍ਹਾਂ ਫ਼ਰਜ਼ੀ ਐਪਸ ਨੂੰ ਡਾਊਨਲੋਡ ਕਰ ਲੈਂਦਾ ਹੈ ਤਾਂ ਉਸ ਦੇ ਫੋਨ ’ਚ ਮਾਲਵੇਅਰ ਇੰਸਟਾਲ ਹੋ ਸਕਦਾ ਹੈ, ਜਿਸ ਨਾਲ ਡਾਟਾ ਚੋਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਖ਼ਤਰੇ ਦੇ ਮੱਦੇਨਜ਼ਰ ਯੂਜ਼ਰਜ਼ ਨੂੰ ਡਾਊਨਲੋਡ ਬਟਨ ’ਤੇ ਕਲਿੱਕ ਕਰਨ ਤੋਂ ਪਹਿਲਾਂ ਉਚਿਤ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।