
ਕੁਦਰਤੀ ਵਾਤਾਵਰਨ ਵਿਚਲੇ ਹਵਾ, ਪਾਣੀ ਤੇ ਧਰਤੀ, ਤਿੰਨੇ ਤੱਤ ਹਰ ਤਰ੍ਹਾਂ ਦੇ ਜੈਵਿਕਾਂ (ਮਨੁੱਖਾਂ, ਜੀਵ-ਜੰਤੂਆਂ ਤੇ ਬਨਸਪਤੀ) ਦੀ ਜ਼ਿੰਦਗੀ ਲਈ ਅਹਿਮ ਹਨ। ਇਨ੍ਹਾਂ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਸੰਭਵ ਨਹੀਂ। ਇਹ ਕੁਦਰਤ ਦੀਆਂ ਮਨੁੱਖ ਨੂੰ ਦਿੱਤੀਆਂ ਅਨਮੋਲ ਦਾਤਾਂ ਹਨ। ਮਨੁੱਖ ਨੇ ਆਰਥਿਕ ਵਾਧੇ ਅਤੇ ਆਪਣੀਆਂ ਲਾਲਸਾਵਾਂ ਲਈ ਇਹ ਬਹੁਮੁੱਲੇ ਕੁਦਰਤੀ ਸ੍ਰੋਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤੇ ਹਨ।
ਸਾਡੇ ਵਡੇਰੇ ਕੁਦਰਤੀ ਸ੍ਰੋਤਾਂ ਦੀ ਮਹੱਤਤਾ ਸਮਝਦੇ ਸਨ, ਇਸੇ ਲਈ ਉਹ ਕੁਦਰਤੀ ਸ੍ਰੋਤਾਂ ਨੂੰ ਪੂਜਦੇ ਅਤੇ ਸਤਿਕਾਰਦੇ ਸਨ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਕੁਦਰਤੀ ਸ੍ਰੋਤਾਂ ਲਈ ਸਤਿਕਾਰਤ ਸ਼ਬਦ ਵਰਤੇ ਗਏ ਹਨ। ਗੁਰੂ ਨਾਨਕ ਜੀ ਨੇ ਇਨ੍ਹਾਂ ਕੁਦਰਤੀ ਸ੍ਰੋਤਾਂ ਨੂੰ ਗੁਰੂ, ਪਿਤਾ ਅਤੇ ਮਾਤਾ ਸਮਾਨ ਦਰਜਾ ਦਿੱਤਾ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਕੁਦਰਤੀ ਸ੍ਰੋਤ ਸਿਰਫ਼ ਸੰਭਾਲੇ ਜਾ ਸਕਦੇ ਹਨ, ਬਣਾਏ ਨਹੀਂ ਜਾ ਸਕਦੇ।
ਅਫ਼ਸੋਸ ਕਿ ਭਾਰਤ ਸਮੇਤ ਦੁਨੀਆ ਦੇ ਬਹੁਤੇ ਮੁਲਕ ਇਨ੍ਹਾਂ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਨਾ ਭੁੱਲ ਗਏ। ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊਐੱਚਓ) ਦੀ ਰਿਪੋਰਟ ਅਨੁਸਾਰ, ਹਵਾ ਇੰਨੀ ਪ੍ਰਦੂਸ਼ਿਤ ਹੋ ਗਈ ਕਿ ਦੁਨੀਆ ਭਰ ਵਿੱਚੋਂ 10 ਵਿੱਚੋਂ 9 ਵਿਅਕਤੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਨ; 2024 ਦੀ ਗਲੋਬਲ ਏਅਰ ਰਿਪੋਰਟ ਅਨੁਸਾਰ, ਹਰ ਸਾਲ 81 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ। ਇਸੇ ਰਿਪੋਰਟ ਦਾ ਖੁਲਾਸਾ ਹੈ ਕਿ ਭਾਰਤ ਵਿੱਚ ਇਸ ਪ੍ਰਦੂਸ਼ਣ ਕਾਰਨ 21 ਲੱਖ ਲੋਕ ਹਰ ਸਾਲ ਅਤੇ ਪੰਜ ਸਾਲ ਤੋਂ ਛੋਟੀ ਉਮਰ ਦੇ 464 ਬੱਚੇ ਹਰ ਰੋਜ਼ ਹਵਾ ਦੇ ਪ੍ਰਦੂਸ਼ਣ ਨਾਲ ਸਬੰਧਿਤ ਬਿਮਾਰੀਆਂ ਨਾਲ ਮਰ ਜਾਂਦੇ ਹਨ।
ਹਵਾ ਪ੍ਰਦੂਸ਼ਣ ਨਾਲ ਦਿਲ ਅਤੇ ਸਾਹ ਨਾਲ ਸਬੰਧਿਤ ਬਿਮਾਰੀਆਂ, ਫੇਫੜਿਆਂ ਦਾ ਕੈਂਸਰ, ਦਮਾ, ਸਟ੍ਰੋਕ, ਚਮੜੀ ਅਤੇ ਅੱਖਾਂ ਦੀ ਐਲਰਜੀ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਅਮਰੀਕਾ ਦੀ ਯੇਲ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ, ਹਵਾ ਦਾ ਪ੍ਰਦੂਸ਼ਣ ਮਨੁੱਖਾਂ ਦੀ ਔਸਤ ਉਮਰ ਉੱਤੇ ਵੀ ਅਸਰ ਪਾਉਂਦਾ ਹੈ। ਜਿੱਥੇ ਜਿੰਨਾ ਜ਼ਿਆਦਾ ਹਵਾ ਪ੍ਰਦੂਸ਼ਣ ਹੋਵੇਗਾ, ਉਸੇ ਅਨੁਪਾਤ ਵਿੱਚ ਉੱਥੋਂ ਦੇ ਲੋਕਾਂ ਦੀ ਔਸਤ ਉਮਰ ਘਟੇਗੀ। ਇਸ ਦਾ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਨੌਜੁਆਨਾਂ ਨਾਲੋਂ ਵੱਧ ਮਾੜਾ ਅਸਰ ਪੈਂਦਾ ਹੈ।
2024 ਦੀ ਵਰਲਡ ਏਅਰ ਕੁਆਲਿਟੀ ਰਿਪੋਰਟ ਨੇ ਖੁਲਾਸਾ ਕੀਤਾ ਕਿ ਦੁਨੀਆ ਦੇ ਸਿਰਫ਼ 7 ਮੁਲਕ ਆਸਟਰੇਲੀਆ, ਬਾਹਾਮਾਸ, ਬਾਰਬਾਡੌਸ, ਇਸਟੋਨੀਆ, ਗਰਨਾਡਾ, ਆਈਸਲੈਂਡ ਅਤੇ ਨਿਊਜ਼ੀਲੈਂਡ ਹੀ ਪੀਐੱਮ 2.5 ਦੇ ਆਧਾਰ ਉੱਤੇ ਡਬਲਿਊਐੱਚਓ ਮਾਪਦੰਡਾਂ ਉੱਤੇ ਪੂਰੇ ਉਤਰਦੇ ਹਨ। ਰਿਪੋਰਟ ਅਨੁਸਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਹੈ; ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਰਨੀਹਾਟ (ਮੇਘਾਲਿਆ) ਵੀ ਭਾਰਤ ਵਿੱਚ ਹੀ ਹੈ। ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਭਾਰਤ ਵਿੱਚ ਹਨ।
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸ੍ਰੋਤ ਹਨ: ਕੁਦਰਤੀ ਸ੍ਰੋਤ ਅਤੇ ਮਨੁੱਖੀ ਗਤੀਵਿਧੀਆਂ। ਕੁਦਰਤੀ ਸ੍ਰੋਤਾਂ ਰਾਹੀਂ ਹੋਣ ਵਾਲਾ ਪ੍ਰਦੂਸ਼ਣ ਥੋੜ੍ਹੇ ਸਮੇਂ ਲਈ ਹੁੰਦਾ ਹੈ। ਕੁਦਰਤੀ ਪ੍ਰਬੰਧਨ (ਈਕੋ ਸਿਸਟਮ) ਉਸ ਨੂੰ ਆਪ ਹੀ ਸਮੇਟ ਲੈਂਦਾ ਹੈ। ਦੂਜਾ ਸ੍ਰੋਤ ਮਨੁੱਖੀ ਗਤੀਵਿਧੀਆਂ ਹਨ ਜਿਨ੍ਹਾਂ ਵਿੱਚ ਉਦਯੋਗਿਕ ਇਕਾਈਆਂ, ਆਵਾਜਾਈ ਦੇ ਸਾਧਨ, ਉਸਾਰੀ ਦੇ ਕੰਮ, ਕੂੜੇ ਦੇ ਢੇਰਾਂ ਤੇ ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਉਣਾ, ਥਰਮਲ ਪਲਾਂਟ, ਇੱਟਾਂ ਦੇ ਭੱਠੇ, ਏਅਰ ਕੰਡੀਸ਼ਨਰਜ਼, ਧਾਰਮਿਕ ਤਿਉਹਾਰਾਂ ਤੇ ਸਮਾਜਿਕ ਸਮਾਗਮਾਂ ਉੱਤੇ ਪਟਾਕੇ ਚਲਾਉਣਾ ਆਦਿ ਹਨ।
ਇਨ੍ਹਾਂ ਗਤੀਵਿਧੀਆਂ ਰਾਹੀਂ ਹਵਾ ਪ੍ਰਦੂਸ਼ਣ ਨਾਲ ਵੱਖ-ਵੱਖ ਸ੍ਰੋਤਾਂ ਤੋਂ ਨਿਕਲੀਆਂ ਗੈਸਾਂ ਧਰਤੀ ਦੇ ਔਸਤ ਤਾਪਮਾਨ ਵਿੱਚ ਵੀ ਵਾਧਾ ਕਰਦੀਆਂ ਹਨ। ਇਸ ਵਾਧੇ ਕਾਰਨ ਮੌਸਮੀ ਤਬਦੀਲੀਆਂ ਆਉਣ ਨਾਲ ਕੁਦਰਤੀ ਆਫ਼ਤਾਂ ਦੀ ਗਿਣਤੀ ਅਤੇ ਮਾਰ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਗਤੀਵਿਧੀਆਂ ਧਰਤੀ ਉੱਤੇ ਰਹਿਣ ਵਾਲੇ ਸਾਰੇ ਜੈਵਿਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਰਹੀਆਂ ਹਨ। ਹਵਾ ਤੋਂ ਬਾਅਦ ਜੈਵਿਕਾਂ ਦੀ ਦੂਜੀ ਮੁੱਢਲੀ ਲੋੜ ਪਾਣੀ ਹੈ। ਪਾਣੀ ਤੋਂ ਬਿਨਾਂ ਧਰਤੀ ਉੱਤੇ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਨੇ ਇਸ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਪਾਣੀ ਦੀ ਬੇਲੋੜੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡਿਗ ਰਿਹਾ ਹੈ, ਪੀਣ ਵਾਲੇ ਪਾਣੀ ਦੀ ਥੁੜ੍ਹ ਹੋ ਰਹੀ ਹੈ।
ਨੀਤੀ ਆਯੋਗ ਦੀ 2018 ਦੀ ਰਿਪੋਰਟ ਅਨੁਸਾਰ, ਮੁਲਕ ਦੇ 21 ਵੱਡੇ ਸ਼ਹਿਰਾਂ ਦਾ ਧਰਤੀ ਹੇਠਲਾ ਪਾਣੀ ਆਉਣ ਵਾਲੇ ਸਾਲਾਂ ਵਿੱਚ ਖ਼ਤਮ ਹੋ ਜਾਵੇਗਾ; 2030 ਤੱਕ ਮੁਲਕ ਦੀ 40 ਫ਼ੀਸਦ ਆਬਾਦੀ ਕੋਲ ਪੀਣ ਲਈ ਪਾਣੀ ਨਹੀਂ ਹੋਵੇਗਾ। ਵਰਲਡ ਵਾਈਲਡ ਫੰਡ ਦੀ 2020 ਰਿਪੋਰਟ ਅਨੁਸਾਰ, 2050 ਤੱਕ ਭਾਰਤ ਦੇ 30 ਵੱਡੇ ਸ਼ਹਿਰਾਂ ਦਾ ਪਾਣੀ ਖ਼ਤਮ ਹੋ ਜਾਵੇਗਾ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ 2023 ਦੀ ਰਿਪੋਰਟ ਅਨੁਸਾਰ, ਮੁਲਕ ਦਾ 70 ਫ਼ੀਸਦ ਧਰਤੀ ਉਤਲਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਅਤੇ ਪ੍ਰਦੂਸ਼ਿਤ ਪਾਣੀ ਪੀਣ ਨਾਲ ਹਰ ਸਾਲ 3 ਲੱਖ ਵਿਅਕਤੀ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। 60 ਫ਼ੀਸਦ ਸੀਵਰੇਜ ਅਤੇ ਉਦਯੋਗਾਂ ਦਾ ਗੰਦਾ ਪਾਣੀ ਸ਼ੁੱਧ ਕੀਤੇ ਬਿਨਾਂ ਹੀ ਨਦੀਆਂ ਤੇ ਦਰਿਆਵਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਜਲਗਾਹਾਂ (ਝੀਲਾਂ, ਟੋਭੇ, ਦਲਦਲੀ ਖੇਤਰ, ਬਰਸਾਤੀ ਨਾਲੇ, ਦਰਿਆ ਆਦਿ) ਦੇ ਖਾਲੀ ਪਏ ਖੇਤਰਾਂ ਉੱਤੇ ਕੀਤੀਆਂ ਜਾ ਰਹੀਆਂ ਉਸਾਰੀਆਂ ਨੇ ਪਾਣੀ ਰੀਚਾਰਜ ਵਾਲੇ ਖੇਤਰ ਘਟਾ ਦਿੱਤੇ ਹਨ।
ਹਵਾ ਤੇ ਪਾਣੀ ਤੋਂ ਬਾਅਦ ਧਰਤੀ ਦੀ ਗੱਲ ਕਰੀਏ ਤਾਂ ਮਨੁੱਖ ਨੇ ਇਸ ਦੀ ਹੋਂਦ ਉੱਤੇ ਵੀ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਧਰਤੀ ਦਾ ਬਰਫ਼ ਰਹਿਤ 70 ਫ਼ੀਸਦ ਖੇਤਰ ਮਨੁੱਖ ਨੇ ਆਪਣੀਆਂ ਗਤੀਵਿਧੀਆਂ ਨਾਲ ਬਦਲ ਦਿੱਤਾ ਹੈ। ਧਰਤੀ ਉੱਤੇ ਤਿੰਨ ਤਰ੍ਹਾਂ ਦੇ ਜੈਵਿਕ- ਮਨੁੱਖ, ਜੀਵ-ਜੰਤੂ ਅਤੇ ਬਨਸਪਤੀ ਹੁੰਦੇ ਹਨ। ਤਿੰਨਾਂ ਦੇ ਹਿੱਸੇ ਵਿੱਚ ਧਰਤੀ ਦਾ 33-33 ਫ਼ੀਸਦ ਆਉਂਦਾ ਹੈ। ਲਗਭਗ ਸਾਰੇ ਜੀਵ-ਜੰਤੂ ਜੰਗਲਾਂ ਵਿੱਚ ਰਹਿੰਦੇ ਹਨ। ਸੋ 66 ਫ਼ੀਸਦ ਹਿੱਸਾ ਜੰਗਲਾਂ ਅਤੇ ਜੀਵ-ਜੰਤੂਆਂ ਦੇ ਹਿੱਸੇ ਆਉਣਾ ਬਣਦਾ ਹੈ। ਧਰਤੀ ਉੱਤੇ ਕਿਸੇ ਵੀ ਤਰ੍ਹਾਂ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਜੰਗਲ ਵੱਢੇ ਜਾਂਦੇ ਹਨ ਜਿਸ ਕਾਰਨ ਬਨਸਪਤੀ ਦੇ ਨਾਲ-ਨਾਲ ਜੀਵ-ਜੰਤੂਆਂ ਦਾ ਬਸੇਰਾ ਅਤੇ ਭੋਜਨ ਦੇ ਸ੍ਰੋਤ ਵੀ ਖ਼ਤਮ ਹੋ ਜਾਂਦੇ ਹਨ। ਨਤੀਜੇ ਵਜੋਂ ਜੰਗਲੀ ਜਾਨਵਰ ਭਟਕਦੇ ਹਨ। ਜੰਗਲਾਂ ਦੀ ਕਟਾਈ ਤੇਜ਼ੀ ਨਾਲ ਹੋ ਰਹੀ ਹੈ। ਇੰਡੀਆ ਸਟੇਟ ਆਫ ਫੋਰੈੱਸਟ ਦੀ 2023 ਦੀ ਰਿਪੋਰਟ ਅਨੁਸਾਰ, ਜੰਗਲਾਂ ਥੱਲੇ ਰਕਬਾ ਸਿਰਫ਼ 21.76 ਫ਼ੀਸਦ ਅਤੇ ਦਰਖ਼ਤਾਂ ਥੱਲੇ 3.41 ਫ਼ੀਸਦ ਹੈ।
ਜੰਗਲ ਵਾਤਾਵਰਨ ਵਿੱਚ ਆਕਸੀਜਨ ਛੱਡਦੇ ਹਨ ਤੇ ਕਾਰਬਨ ਡਾਇਆਕਸਾਈਡ ਸੋਖ ਕੇ ਆਪਣਾ ਭੋਜਨ ਬਣਾਉਂਦੇ ਹਨ। ਜੰਗਲਾਂ ਥੱਲੇ ਰਕਬਾ ਘਟਣ ਕਾਰਨ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਦਾ ਅਨੁਪਾਤ ਵਧਣ ਨਾਲ ਧਰਤੀ ਦਾ ਔਸਤ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨਾਲ ਮੌਸਮੀ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਬਸੰਤ ਤੇ ਸਰਦੀ ਰੁੱਤ ਛੋਟੀ ਹੋ ਰਹੀ ਹੈ ਅਤੇ ਗਰਮੀ ਦੀ ਰੁੱਤ ਲੰਮੀ ਤੇ ਗਰਮ ਲਹਿਰਾਂ ਵਾਲੀ ਹੋ ਰਹੀ ਹੈ। ਤਾਪਮਾਨ ਵਧਣ ਨਾਲ ਕੁਦਰਤੀ ਆਫ਼ਤਾਂ ਦੀ ਗਿਣਤੀ ਵਧ ਰਹੀ ਹੈ।
ਵਧ ਰਹੀ ਆਬਾਦੀ ਲਈ ਵੱਧ ਖੁਰਾਕ ਦੀ ਲੋੜ ਪੂਰੀ ਕਰਨ ਲਈ ਕੁਝ ਰਾਜਾਂ ਵਿੱਚ 1960ਵਿਆਂ ਵਿੱਚ ਨਵੀਂ ਖੇਤੀਬਾੜੀ ਜੁਗਤ ਸ਼ੁਰੂ ਕੀਤੀ ਗਈ। ਇਹ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕ ਤੇ ਨਦੀਨਨਾਸ਼ਕਾਂ, ਖੇਤੀਬਾੜੀ ਮਸ਼ੀਨਰੀ ਅਤੇ ਖੇਤੀਬਾੜੀ ਦੇ ਆਧੁਨਿਕ ਢੰਗਾਂ ਦਾ ਪੈਕੇਜ ਸੀ। ਇਸ ਜੁਗਤ ਲਈ ਪੰਜਾਬ ਚੁਣਿਆ ਗਿਆ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੇ ਉੱਦਮ ਸਦਕਾ ਮੁਲਕ ਦੀ ਅਨਾਜ ਦੀ ਥੁੜ੍ਹ ਤਾਂ ਪੂਰੀ ਕਰ ਦਿੱਤੀ ਪਰ ਇਸ ਨਾਲ ਪੰਜਾਬ ਦੇ ਧਰਤੀ ਸਮੇਤ ਸਮੁੱਚਾ ਵਾਤਾਵਰਨ ਪ੍ਰਦੂਸ਼ਿਤ ਤੇ ਗੰਧਲਾ ਹੋ ਗਿਆ। ਕੁਦਰਤੀ ਸ੍ਰੋਤ ਨੁਕਸਾਨੇ ਗਏ। ਧਰਤੀ ਦਾ ਪ੍ਰਬੰਧਕੀ ਸੰਤੁਲਨ ਵਿਗੜ ਗਿਆ।
ਇਹੀ ਨਹੀਂ, ਆਰਥਿਕ ਵਾਧੇ ਖ਼ਾਤਿਰ ਪਹਾੜਾਂ ਵਿੱਚ ਚਾਰ ਮਾਰਗੀ ਸੜਕਾਂ, ਰੋਪਵੇਅ, ਹੈਲੀਪੈਡ ਆਦਿ ਬਣਾਏ ਜਾ ਰਹੇ ਹਨ। ਹਿਮਾਲਿਆ ਦੇ ਪਹਾੜ ਅਜਿਹੇ ਆਰਥਿਕ ਵਾਧੇ ਦੀ ਤਾਬ ਨਾ ਝੱਲਦੇ ਢਹਿ-ਢੇਰੀ ਹੋ ਰਹੇ ਹਨ। ਇੱਥੇ ਹੀ ਬਸ ਨਹੀਂ, ਦਰਿਆਵਾਂ ਦੇ ਵਹਿਣ ਵੀ ਬਦਲ ਦਿੱਤੇ ਹਨ। ਇਸ ਲਈ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਕੁਦਰਤ ਪੱਖੀ ਆਰਥਿਕ ਵਿਕਾਸ ਹੀ ਹੋਣਾ ਚਾਹੀਦਾ ਹੈ। ਹਵਾ ਪ੍ਰਦੂਸ਼ਣ ’ਤੇ ਕੰਟਰੋਲ ਲਈ ਉਦਯੋਗਿਕ ਇਕਾਈਆਂ ਵਿੱਚ ਹਵਾ ਸ਼ੁੱਧਤਾ ਯੰਤਰ ਲਗਾਉਣੇ, ਜੰਗਲਾਂ ਥੱਲੇ 33 ਫ਼ੀਸਦ ਰਕਬਾ ਕਰਨਾ, ਜਨਤਕ ਆਵਾਜਾਈ ਦੇ ਸਾਧਨਾਂ ਨੂੰ ਪ੍ਰਭਾਵਸ਼ਾਲੀ ਬਣਾਉਣਾ, ਕੂੜੇ ਕਰਕਟ ਦੇ ਢੇਰਾਂ ਨੂੰ ਵਿਗਿਆਨਕ ਢੰਗਾਂ ਨਾਲ ਨਜਿੱਠਣਾ, ਉਸਾਰੀ ਦੇ ਕੰਮਾਂ ਨੂੰ ਸਾਵਧਾਨੀ ਨਾਲ ਨਜਿੱਠਣਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਰ ਦੀਆਂ ਖੇਤੀਬਾੜੀ ਜਲਵਾਯੂ ਹਾਲਤਾਂ ਅਨੁਸਾਰ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣਾ ਕੇਂਦਰ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਕੇਂਦਰ ਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਾਣੀ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਉਦਯੋਗਿਕ ਇਕਾਈਆਂ ਦੇ ਰਸਾਇਣਕ ਭਰਪੂਰ ਗੰਦੇ ਅਤੇ ਸੀਵਰੇਜ ਦੇ ਪਾਣੀ ਨੂੰ ਸ਼ੁੱਧ ਕਰਨ ਤੋਂ ਬਾਅਦ ਹੀ ਦਰਿਆਵਾਂ, ਨਦੀਆਂ ਜਾਂ ਹੋਰ ਕਿਸੇ ਵੀ ਜਲਗਾਹਾਂ ਵਿੱਚ ਨਿਕਾਸ ਕਰਨ ਨੂੰ ਯਕੀਨੀ ਬਣਾਇਆ ਜਾਵੇ। ਪਾਣੀ ਸ੍ਰੋਤਾਂ (ਦਰਿਆ, ਨਦੀਆਂ, ਝੀਲਾਂ, ਤਾਲਾਬਾਂ, ਟੋਭਿਆਂ ਆਦਿ) ਵਿੱਚ ਗੰਦਗੀ ਸੁੱਟਣ ’ਤੇ ਮਨਾਹੀ ਹੋਵੇ। ਜਲ ਸ੍ਰੋਤ ਖੇਤਰ ਉੱਤੇ ਕਬਜ਼ੇ ਕਰਨ ਵਾਲਿਆਂ ਉੱਤੇ ਕਾਨੂੰਨੀ ਕਰਵਾਈ ਹੋਵੇ। ਦਰਿਆਵਾਂ ਉੱਤੇ ਵੱਡੇ ਬੰਨ੍ਹ ਬਣਾਉਣ ਦੀ ਥਾਂ ਛੋਟੇ ਬੰਨ੍ਹ ਬਣਾਏ ਜਾਣ। ਇਸ ਨਾਲ ਦਰਿਆਵਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਦਰਿਆ ਵੀ ਬਚੇ ਰਹਿਣਗੇ। ਧਰਤੀ ਨੂੰ ਕਿਸੇ ਵੀ ਤਰ੍ਹਾਂ ਦੀ ਬਰਬਾਦੀ ਤੋਂ ਬਚਾਉਣ ਲਈ ਸਾਰੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਸੰਜੀਦਗੀ ਨਾਲ ਕਰਨੀ ਬਣਦੀ ਹੈ। ਮੈਦਾਨੀ ਅਤੇ ਪਹਾੜੀ ਖੇਤਰਾਂ ਦਾ ਆਰਥਿਕ ਵਾਧਾ ਉਨ੍ਹਾਂ ਖੇਤਰਾਂ ਦੀ ਸਮੱਰਥਾ ਅਨੁਸਾਰ ਹੋਣਾ ਚਾਹੀਦਾ ਹੈ। ਇਸ ਲਈ ਰਾਜ ਅਤੇ ਕੇਂਦਰ ਸਰਕਾਰਾਂ ਲੋਕ ਪੱਖੀ ਅਤੇ ਕੁਦਰਤ ਪੱਖੀ ਵਿਕਾਸ ਕਰਨ।